ਬੇਅਦਬੀ ਦੀ ਘਟਨਾ ਨੂੰ ਲੈ ਕੇ ਹਰਮੀਤ ਸਿੰਘ ਕਾਲਕਾ ਦਾ ਬਿਆਨ, ‘ਅਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਹਰਜਿੰਦਰ ਸਿੰਘ ਧਾਮੀ’

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਿਹਾ, ਕਿਸੇ ਸਿਆਸੀ ਪਾਰਟੀ ਦੇ ਬੁਲਾਰੇ ਬਣਨ ਦੀ ਬਜਾਏ ਅਪਣੀ ਜ਼ਿੰਮੇਵਾਰੀ ਨਿਭਾਉਣ ਐਸ.ਜੀ.ਪੀ.ਸੀ ਪ੍ਰਧਾਨ

Harmeet Singh Kalka and Others

 

ਨਵੀਂ ਦਿੱਲੀ : ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਐਸ.ਜੀ.ਪੀ.ਸੀ. ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋੋ: ਪਨਬਸ ਦੀਆਂ 371 ਕਰਜ਼ਾ ਮੁਕਤ ਬੱਸਾਂ ਦੇ ਪੰਜਾਬ ਰੋਡਵੇਜ਼ ਵਿਚ ਰਲੇਵੇਂ ਨੂੰ ਦਿੱਤੀ ਮਨਜ਼ੂਰੀ: ਹਰਪਾਲ ਸਿੰਘ ਚੀਮਾ 

ਦੁੱਖ ਜ਼ਾਹਰ ਕਰਦਿਆਂ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਅਫ਼ਸੋਸ ਦੀ ਗੱਲ ਹੈ ਕਿ ਛੇਵੀਂ ਪਾਤਸ਼ਾਹੀ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਅਜਿਹੀ ਘਟਨਾ ਉਸ ਸਮੇਂ ਵਾਪਰੀ, ਜਦੋਂ ਉਥੇ ਉਸਾਰੀ ਦਾ ਕੰਮ ਜਾਰੀ ਹੈ। ਉਨ੍ਹਾਂ ਕਿਹਾ ਕਿ ਇਤਿਹਾਸਕ ਗੁਰਦੁਆਰਿਆਂ ਦੀ ਦੇਖਭਾਲ ਕਰਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਿੰਮੇਵਾਰੀ ਹੈ। ਇਸ ਅਣਗਹਿਲੀ ਲਈ ਸਿੱਖ ਕੌਮ ਦੀ ਨੁਮਾਇੰਦਾ ਜਥੇਬੰਦੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਨੈਤਿਕਤਾ ਦੇ ਆਧਾਰ ’ਤੇ ਅਸਤੀਫ਼ਾ ਦੇਣਾ ਚਾਹੀਦਾ ਹੈ। ਕਿਸੇ ਸਿਆਸੀ ਪਾਰਟੀ ਦੇ ਬੁਲਾਰੇ ਬਣ ਕੇ ਬਿਆਨ ਦੇਣ ਦੀ ਬਜਾਏ ਉਨ੍ਹਾਂ ਨੂੰ ਅਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਪੰਜਾਬ ਸਰਕਾਰ ਨੂੰ ਵੀ ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ।

ਇਹ ਵੀ ਪੜ੍ਹੋੋ: ਗਠਜੋੜ ਪਾਰਟੀਆਂ ਨਾਲ ਬੈਠਕ ਤੋਂ ਪਹਿਲਾਂ ਕਾਂਗਰਸ ਅਤੇ ਭਾਜਪਾ ਨੇ ਇਕ-ਦੂਜੇ ’ਤੇ ਛੱਡੇ ਸਿਆਸੀ ਤੀਰ 

ਐਨ.ਡੀ.ਏ. ਦੀ ਮੀਟਿੰਗ ਵਿਚ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੂੰ ਸੱਦਾ ਮਿਲਣਾ ਕੌਮ ਲਈ ਮਾਣ ਵਾਲੀ ਗੱਲ: ਕਾਲਕਾ
ਕਿਹਾ, ਅਕਾਲੀ ਦਲ ਨੂੰ ਨਾ ਤਾਂ ਸੱਤਾਧਾਰੀ ਧਿਰ ਨੇ ਸੱਦਿਆ ਨਾ ਹੀ ਵਿਰੋਧੀ ਪਾਰਟੀਆਂ ਨੇ ਅਪਣੀ ਬੈਠਕ ਦਾ ਹਿੱਤਾ ਬਣਾਇਆ

 

ਐਨ.ਡੀ.ਏ. ਦੀ ਮੀਟਿੰਗ ਵਿਚ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੂੰ ਸੱਦਾ ਦਿਤੇ ਜਾਣ ’ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਇਹ ਸਿੱਖਾਂ ਲਈ ਮਾਣ ਦੀ ਗੱਲ ਹੈ ਕਿ ਕੌਮ ਦੇ ਸੂਝਵਾਨ ਆਗੂ ਨੂੰ ਇਸ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ। ਸੁਖਦੇਵ ਢੀਂਡਸਾ ਜਿੱਥੇ ਪੰਥ ਦਰਦੀ ਹਨ, ਉਥੇ ਹੀ ਪੰਜਾਬ ਬਾਰੇ ਉਨ੍ਹਾਂ ਤੋਂ ਵੱਧ ਕੋਈ ਨਹੀਂ ਜਾਣ ਸਕਦਾ। ਹਰਮੀਤ ਸਿੰਘ ਕਾਲਕਾ ਨੇ ਦਸਿਆ ਕਿ ਉਨ੍ਹਾਂ ਦੀ ਸੁਖਦੇਵ ਢੀਂਡਸਾ ਨਾਲ ਮੁਲਾਕਾਤ ਵੀ ਹੋਈ, ਜਿਸ ਵਿਚ ਢੀਂਡਸਾ ਨੇ ਦਸਿਆ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਤੋਂ ਇਲਾਵਾ ਪੰਜਾਬ ਵਿਚ ਪੈਦਾ ਹੋਏ ਹੜ੍ਹ ਦੇ ਹਾਲਾਤਾਂ ਸਬੰਧੀ ਵੀ ਮੁੱਦਾ ਚੁੱਕਣਗੇ।

ਇਹ ਵੀ ਪੜ੍ਹੋੋ: ਹਰਜੋਤ ਸਿੰਘ ਬੈਂਸ ਵਲੋਂ ਮੀਂਹ ਅਤੇ ਹੜ੍ਹਾਂ ਦੀ ਮਾਰ ਝੱਲ ਰਹੇ ਸਰਕਾਰੀ ਸਕੂਲਾਂ ਨੂੰ 27.77 ਕਰੋੜ ਰੁਪਏ ਦੀ ਗ੍ਰਾਂਟ ਜਾਰੀ 

ਉਨ੍ਹਾਂ ਕਿਹਾ ਕਿ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਲੋਕਾਂ ਵਿਚ ਅਪਣਾ ਅਕਸ ਗੁਆ ਬੈਠਾ ਹੈ। ਜਿਥੇ ਇਕ ਪਾਸੇ ਦਿੱਲੀ ਵਿਚ ਐਨ.ਡੀ.ਏ. ਦੀ ਮੀਟਿੰਗ ਹੋ ਰਹੀ ਹੈ, ਉਥੇ ਹੀ ਦੂਜੇ ਪਾਸੇ ਬੰਗਲੌਰ ਵਿਖੇ ਵਿਰੋਧੀ ਧਿਰਾਂ ਦੀ ਮੀਟਿੰਗ ਹੋ ਰਹੀ ਹੈ। ਨਾਮੋਸ਼ੀ ਦੀ ਗੱਲ ਹੈ ਕਿ ਨਾ ਤਾਂ ਅਕਾਲੀ ਦਲ ਸੱਤਾਧਾਰੀ ਧਿਰ (ਐਨ.ਡੀ.ਏ.) ਨਾਲ ਖੜ੍ਹਾ ਹੈ ਅਤੇ ਨਾ ਹੀ ਉਸ ਨੂੰ ਵਿਰੋਧੀ ਪਾਰਟੀਆਂ ਨੇ ਸੱਦਾ ਦਿਤਾ ਹੈ। ਇਹ ਗੰਭੀਰ ਵਿਸ਼ਾ ਹੈ ਕਿ 100 ਸਾਲ ਪੁਰਾਣੀ ਪਾਰਟੀ ਨੂੰ ਕੋਈ ਨਹੀਂ ਪੁੱਛ ਰਿਹਾ। ਕਿਸਾਨੀ ਅਤੇ ਬੇਅਦਬੀਆਂ ਕਰਕੇ ਇਨ੍ਹਾਂ ਨੂੰ ਜਿਥੇ ਆਮ ਲੋਕਾਂ ਵਲੋਂ ਨਕਾਰਿਆ ਗਿਆ ਹੈ, ਉਥੇ ਹੀ ਸਰਕਾਰ ਅਤੇ ਵਿਰੋਧੀ ਧਿਰਾਂ ਵੀ ਇਨ੍ਹਾਂ ਨੂੰ ਅਪਣਾ ਸਹਿਯੋਗੀ ਨਹੀਂ ਬਣਾ ਰਹੀਆਂ। ਪੰਥ ਲਈ ਇਸ ਤੋਂ ਵੱਡੀ ਨਾਮੋਸ਼ੀ ਕੋਈ ਨਹੀਂ ਹੋ ਸਕਦੀ।