ਪੰਜਾਬੀ ਭਾਸ਼ਾ ਨੂੰ ਮੰਦਾ ਬੋਲਣ ਵਾਲੇ ਹੋਸ਼ ਤੋਂ ਕੰਮ ਲੈਣ : ਬਾਬਾ ਬਲਬੀਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਿਹਾ ਆਰ.ਐਸ.ਐਸ. ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਦਿਤੇ ਬਿਆਨ ਨੂੰ ਸਮਝਣ ਦੀ ਲੋੜ ਹੈ।

Baba Balbir Singh

ਅੰਮ੍ਰਿਤਸਰ : ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਆਰ.ਐਸ.ਐਸ ਦੇ ਏਜੰਡੇ ਤੇ ਤੇਜ਼ੀ ਨਾਲ ਧੂੰਆਂਧਾਰ ਹਿੰਦੂ-ਹਿਦੋਸਤਾਨ, ਹਿੰਦੂ ਰਾਸ਼ਟਰ ਦਾ ਪ੍ਰਚਾਰ ਕਰਨ ਵਾਲੇ ਏਜੰਟ ਹੁਣ ਪੰਜਾਬ ਵਿਚ ਸਿਰ ਚੁਕ ਰਹੇ ਹਨ।ਜਿਸ ਦੀ ਮਿਸਾਲ ਵੱਖ-ਵੱਖ ਪ੍ਰਾਂਤਾਂ ਦੇ ਵਿਧਾਇਕਾਂ ਤੇ ਆਰ.ਐਸ.ਐਸ. ਦੇ ਆਗੂਆਂ ਵਲੋਂ ਦਿਤੇ ਜਾ ਰਹੇ ਤਿੱਖੇ ਬਿਆਨਾਂ ਤੋਂ ਜੱਗ ਜ਼ਾਹਰ ਹੋ ਜਾਂਦੀ ਹੈ। ਅਜਿਹੇ ਪ੍ਰਚਾਰ ਨੂੰ ਕਦਾਚਿਤ ਖੁਲ੍ਹ ਨਹੀਂ ਦਿਤੀ ਜਾ ਸਕਦੀ।

ਅੱਜ ਇਥੋਂ ਨਿਹੰਗ ਸਿੰਘਾਂ ਦੀ ਛਾਉਣੀ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਤੋਂ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵਲੋਂ ਜਾਰੀ ਇਕ ਲਿਖਤੀ ਪ੍ਰੈਸ ਬਿਆਨ ਵਿਚ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਭਾਸ਼ਾ ਵਿਭਾਗ ਵਲੋਂ ਹਿੰਦੀ ਭਾਸ਼ਾ ਦਿਵਸ ਸਮੇਂ ਕਰਵਾਏ ਗਏ ਸਮਾਗਮ ਵਿਚ ਹੀ ਅਜਿਹੀਆਂ ਸੁਰਾਂ ਉਭਰੀਆਂ ਹਨ ਜੋ ਕਿਸੇ ਤਰ੍ਹਾਂ ਵੀ ਵਾਜਬ ਨਹੀਂ ਠਹਿਰਾਈਆਂ ਜਾ ਸਕਦੀਆਂ। ਉਨ੍ਹਾਂ ਕਿਹਾ ਕਿ ਤਰਕ ਨਾਲ ਡਾ: ਤੇਜਵੰਤ ਸਿੰਘ ਮਾਨ ਵਲੋਂ ਦਿਤੇ ਸੁਝਾਵਾਂ ਨੂੰ ਵੀ ਅਣਗੋਲਿਆਂ ਕੀਤਾ ਗਿਆ ਅਤੇ ਸਗੋਂ ਧਮਕੀ ਵਜੋਂ ਸਾਲ ਦੋ ਸਾਲ ਰੁਕ ਜਾ ਫਿਰ ਦੱਸਾਂਗੇ ਵਰਗੇ ਸ਼ਬਦਾਂ ਦੇ ਤੀਰ ਕੱਸੇ ਗਏ ਹਨ।

ਉਨ੍ਹਾਂ ਕਿਹਾ ਕਿ ਆਰ.ਐਸ.ਐਸ. ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਦਿਤੇ ਬਿਆਨ ਨੂੰ ਸਮਝਣ ਦੀ ਲੋੜ ਹੈ। ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬੀ ਭਾਸ਼ਾ ਤੇ ਗੁਰਮੁਖੀ ਲਿਪੀ ਬਹੁਤ ਅਮੀਰ ਭਾਸ਼ਾ ਹੈ। ਇਸ ਨੂੰ ਗਵਾਰਾਂ ਦੀ ਭਾਸ਼ਾ ਕਹਿ ਕਿ ਹਿੰਦੀ ਭਾਸ਼ਾ ਕਦੇ ਵੀ ਸਤਿਕਾਰ ਹਾਸਲ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਭਾਰਤ ਵਿਚ ਵੱਖ-ਵੱਖ ਭਸ਼ਾਵਾਂ, ਲਿਪੀਆਂ ਬੋਲਣ ਤੇ ਲਿਖਣ ਵਾਲੇ ਲੋਕ ਰਹਿੰਦੇ ਹਨ ਹਰ ਭਾਸ਼ਾ ਸਤਿਕਾਰਯੋਗ ਹੈ ਕਿਸੇ ਵੀ ਭਾਸ਼ਾ ਨੂੰ ਨਿਸ਼ਾਨਾ ਬਣਾ ਕੇ ਅਜਿਹੇ ਭੱਦੇ ਅਨਵਿਵਹਾਰਕ ਸ਼ਬਦ ਬੋਲਣੇ ਕਿਸੇ ਤਰ੍ਹਾਂ ਵੀ ਉਚਿਤ ਨਹੀਂ ਹਨ। ਡਾ: ਤੇਜਵੰਤ ਸਿੰਘ ਨੂੰ ਮਾੜਾ ਬੋਲਣ ਅਤੇ ਪੰਜਾਬੀ ਭਾਸ਼ਾ ਤੇ ਲਿਪੀ ਤੇ ਵਿਅੰਗ ਕੱਸਣ ਵਾਲੇ ਲੋਕਾਂ ਨੂੰ ਤੁਰਤ ਜਨਤਕ ਮਾਫ਼ੀ ਮੰਗਣੀ ਚਾਹੀਦੀ ਹੈ।