ਬਾਬਾ ਬਲਬੀਰ ਸਿੰਘ ਨੇ ਰਾਹਤ ਸਮੱਗਰੀ ਦੀ ਦੂਜੀ ਖੇਪ ਰੋਪੜ ਜ਼ਿਲੇ੍ਹ ’ਚ ਹੜ੍ਹ ਪੀੜਤਾਂ ਨੂੰ ਵੰਡੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਰਾਹਤ ਸਮੱਗਰੀ ਵਿਚ ਰਸੋਈਘਰ ਦੀ ਰਾਸ਼ਨ ਕਿੱਟ 55 ਕਿਲੋ ਅਤੇ ਬਾਥਰੂਮ ਕਿੱਟਾਂ ਇਸ ਤੋਂ ਇਲਾਵਾ ਖੇਸ, ਚਾਦਰਾਂ, ਕੰਬਲ, ਗੱਦੇ ਆਦਿ ਵੀ ਬੁੱਢਾ ਦਲ ਵਲੋਂ ਵੰਡੇ ਗਏ

Flood

ਅੰਮ੍ਰਿਤਸਰ : ਸਤਲੁਜ ਦਰਿਆ ਅਤੇ ਸਰਸਾ, ਸਵਾਣ, ਸੌਖੱਡ ਨਦੀਆਂ ਦੀ ਹੜ੍ਹ ਮਾਰ ਹੇਠ ਆਏ ਖੇਤਰ ਦੇ ਪਿੰਡ ਰਣਜੀਤਪੁਰਾ, ਪੱਤਣ, ਤਰਖਾਣ ਵੜੀ, ਟਕੋਟ, ਖੇੜੀ ਆਦਿ ਪਿੰਡਾਂ ਨੂੰ ਮੰਦਹਾਲੀ ਦਾ ਜੀਵਨ ਜੀਉਣ ਲਈ ਮਜ਼ਬੂਰ ਕਰ ਦਿਤਾ ਹੈ। ਅੱਜ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਦੀ ਅਗਵਾਈ ਹੇਠ ਨਿਹੰਗ ਸਿੰਘਾਂ ਨੇ ਰਾਹਤ ਸਮੱਗਰੀ ਦੀ ਦੂਜੀ ਖੇਪ ਹੜ ਵਿਚ ਘਿਰੇ ਲੋਕਾਂ ਨੂੰ ਤਕਸੀਮ ਕੀਤੀ। ਇਸ ਰਾਹਤ ਸਮੱਗਰੀ ਵਿਚ ਰਸੋਈਘਰ ਦੀ ਰਾਸ਼ਨ ਕਿੱਟ 55 ਕਿਲੋ ਅਤੇ ਬਾਥਰੂਮ ਕਿੱਟਾਂ ਇਸ ਤੋਂ ਇਲਾਵਾ ਖੇਸ, ਚਾਦਰਾਂ, ਕੰਬਲ, ਗੱਦੇ ਆਦਿ ਵੀ ਬੁੱਢਾ ਦਲ ਵਲੋਂ ਵੰਡੇ ਗਏ ਹਨ।

ਬਾਬਾ ਬਲਬੀਰ ਸਿੰਘ ਸਿੰਘ ਨੇ ਦਸਿਆਂ ਜਿਵੇ ਕਪੂਰਥਲਾ ਤੇ ਫ਼ਿਰੋਜ਼ਪੁਰ ਜੋ ਪਿੰਡ ਦਰਿਆ ਦੀ ਮਾਰ ਹੇਠ ਆਏ ਹਨ ਉਨ੍ਹਾਂ ਇਲਾਕਿਆ ਵਿਚ ਬੁੱਢਾ ਦਲ ਨੇ ਰਾਹਤ ਸਮੱਗਰੀ ਸੇਵਾ ਨਿਭਾਈ ਹੈ ਉਸੇ ਕੜੀ ਤਹਿਤ ਅੱਜ ਰੋਪੜ ਜ਼ਿਲ਼੍ਹੇ ਦੇ ਪਾਣੀ ਦੀ ਮਾਰ ਹੇਠ ਦੱਬੇ ਪਿੰਡ ਰਣਜੀਤਪੁਰਾ, ਪੱਤਣ, ਮਹਿਣਾ, ਫੰਦੀ, ਸਖੰਡ, ਤਰਖਾਣ ਵੜੀ, ਟਕੋਟ, ਖੇੜੀ ਆਦਿ ਪਿੰਡਾਂ ਵਿਚ ਬੁੱਢਾ ਦਲ ਵਲੋਂ ਰਾਹਤ ਸਮੱਗਰੀ ਵੰਡੀ ਗਈ ਹੈ। ਉਨ੍ਹਾਂ ਦਸਿਆ ਕਿ ਭਾਵੇਂ ਹੋਰ ਵੀ ਬਹੁਤ ਸਾਰੀਆਂ ਜਥੇਬੰਦੀਆਂ ਰਾਹਤ ਸਮੱਗਰੀ ਮਹੱਇਆ ਕਰਨ ਵਿਚ ਲੱਗੀਆਂ ਹਨ ਪਰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਵੱਡੇ ਪੁਰਖਿਆਂ ਬਾਬਾ ਦਰਬਾਰਾ ਸਿੰਘ, ਬਾਬਾ ਨਵਾਬ ਕਪੂਰ ਸਿੰਘ, ਬਾਬਾ ਜੱਸਾ ਸਿੰਘ ਆਹਲੂਵਾਲੀਆਂ, ਬਾਬਾ ਅਕਾਲੀ ਫੂਲਾ ਸਿੰਘ ਨੇ ਧਰਮ, ਕੌਮ ਤੇ ਦੇਸ਼ ਦੀ ਖਾਤਰ ਜੰਗਾਂ, ਯੁਧਾਂ ਵਿਚ ਵੱਧ ਚੜ ਕੇ ਹਿੱਸਾ ਲੈਦੇ ਰਹੇ ਹਨ ਅਤੇ ਉਨ੍ਹਾਂ ਦੇ ਦਰ ਤੇ ਆਇਆ ਸਵਾਲੀ ਵੀ ਕਦੀ ਖਾਲੀ ਨਹੀਂ ਸੀ ਮੁੜਿਆ।

ਉਸੇ ਰਵਾਇਤ ਨੂੰ ਅੱਗੇ ਤੋਰਦਿਆਂ ਬੁੱਢਾ ਦਲ ਤੇ ਤਰਨਾ ਦਲਾਂ ਨੇ ਪੰਜਾਬ ਵਿਚ ਆਏ ਹੜਾਂ ਸਮੇਂ ਖਲਕਤ ਦੀ ਵੱਧ ਤੋਂ ਵੱਧ ਸੇਵਾ ਕਰਨ ਨੂੰ ਪਹਿਲ ਦਿਤੀ ਹੈ। ਤਰਨਾ ਦਲ ਹਰੀਆਂ ਵੇਲਾਂ ਨੇ ਵੀ ਰਾਸ਼ਨ ਦੇ ਨਾਲ 25 ਟਰਾਲੀਆਂ ਤੂੜੀ ਦੀਆਂ ਮਾਲ ਡੰਗਰਾਂ ਲਈ ਉਪਲੱਬਦ ਕਰਵਾਈਆਂ ਹਨ। ਉਨ੍ਹਾਂ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਾਣੀ ਦੀ ਮਾਰ ਹੇਠ ਆਏ ਲੋਕਾਂ ਦੀ ਸਹਾਇਤਾ ਲਈ ਅੱਗੇ ਆਉਣ । ਉਨ੍ਹਾਂ ਇਹ ਵੀ ਕਿਹਾ ਕਿ ਡੈਮ ਤੋ ਪਾਣੀ ਛੱਡਣ ਸਬੰਧੀ ਕਈ ਤਰ੍ਹਾਂ ਦੇ ਚਰਚੇ ਅਤੇ ਸ਼ੰਕੇ ਸਾਹਮਣੇ ਆ ਰਹੇ ਹਨ, ਜੋ ਲੋਕਾਂ ਵਿਚ ਗੁੱਸਾ ਪੈਦਾ ਕਰ ਰਹੇ ਹਨ। ਇਸ ਬਾਰੇ ਵੀ ਡੈਮ ਪ੍ਰਬੰਧਕਾਂ ਤੇ ਸਰਕਾਰ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਅੱਜ ਮੇਰੇ ਨਾਲ ਬਾਬਾ ਅਵਤਾਰ ਸਿੰਘ ਗੁਰਦੁਆਰਾ ਟਿੱਬੀ ਸਾਹਿਬ ਵਾਲੇ, ਬਾਬਾ ਨਾਗਰ ਸਿੰਘ ਤਰਨਾ ਦਲ ਮਿਸਲ ਸ਼ਹੀਦਾਂ ਹਰੀਆਂ ਵੇਲਾਂ, ਪੰਥਕ ਨਾਮਵਰ ਢਾਡੀ ਬਾਬਾ ਤਰਸੇਮ ਸਿੰਘ ਮੋਰਾਂਵਾਲੀ , ਨੇ ਰਾਹਤ ਸਮੱਗਰੀ ਵੰਡਣ ਵਿੱਚ ਆਪਣਾ ਸਹਿਯੋਗਮਈ ਯੋਗਦਾਨ ਪਾਇਆ ਹੈ। ਇਸ ਸਮੇਂ ਬੁੱਢਾ ਦਲ ਦੇ ਬਾਬਾ ਸਰਵਣ ਸਿੰਘ ਮੁਝੈਲ, ਬਾਬਾ ਵਿਸ਼ਵਪ੍ਰਤਾਪ ਸਿੰਘ, ਭਾਈ ਸੁਖਵਿੰਦਰ ਸਿੰਘ ਮੋਰ, ਹਰਪ੍ਰੀਤ ਸਿੰਘ ਹੈਪੀ, ਬਾਬਾ ਰਣਯੋਧ ਸਿੰਘ, ਬਾਬਾ ਮਹਿਤਾਬ ਸਿੰਘ, ਬਾਬਾ ਲਛਮਣ ਸਿੰਘ, ਭਾਈ ਜੋਗਾ ਸਿੰਘ, ਸਤਨਾਮ ਸਿੰਘ ਮਠਿਆਈਸਰ, ਬਾਬਾ ਪਿਆਰਾ ਸਿੰਘ, ਸ੍ਰ. ਸੁਖਦੇਵ ਸਿੰਘ ਬੁੱਢਾ ਦਲ, ਕਾਕਾ ਸਿੰਘ ਗੱਤਕਾ ਮਸਟਰ, ਬਾਬਾ ਰਣ ਸਿੰਘ, ਬਾਬਾ ਮਲੂਕ ਸਿੰਘ ਬਾਜਵਾ, ਭੁਝੰਗੀ ਰਵਿੰਦਰ ਸਿੰਘ, ਡੀਸੀ ਸੋਲਖੀਆਂ, ਬਾਬਾ ਜਸਬੀਰ ਸਿੰਘ ਆਦਿ ਮੌਜੂਦ ਸਨ।