ਸੰਗਤ ਨੂੰ ਭਰੋਸੇ 'ਚ ਲਏ ਬਗ਼ੈਰ ਸੌਦਾ ਸਾਧ ਨੂੰ ਮਾਫ਼ੀ ਦੇਣਾ ਸਾਡੀ ਗ਼ਲਤੀ : ਜੀ.ਕੇ.

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਿਹਾ, ਅਕਾਲੀ ਦਲ ਨੇ ਜੇਕਰ ਡੇਰਿਆਂ ਨਾਲ ਸਾਂਝ ਰੱਖੀ ਤਾਂ ਨੁਕਸਾਨ ਹੋਵੇਗਾ

Manjit Singh GK

ਅੰਮ੍ਰਿਤਸਰ : ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਮਨਜੀਤ ਸਿੰਘ ਜੀ ਕੇ ਨੇ ਕਿਹਾ ਹੈ ਕਿ ਸੰਗਤ ਨੂੰ ਭਰੋਸੇ ਵਿਚ ਲਏ ਬਗ਼ੈਰ ਸੌਦਾ ਸਾਧ ਨੂੰ ਮਾਫ਼ੀ ਦੇਣਾ ਸਾਡੀ ਗ਼ਲਤੀ ਸੀ ਅਤੇ ਸੰਗਤ ਨੇ ਸਾਨੂੰ ਸਾਡੀ ਗ਼ਲਤੀ ਦੀ ਸਜ਼ਾ ਦੇ ਦਿਤੀ ਹੈ।

ਅੱਜ ਅੰਮ੍ਰਿਤਸਰ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ. ਜੀ ਕੇ ਨੇ ਕਿਹਾ ਕਿ ਡੇਰਿਆਂ ਤੋਂ ਜਿੰਨੀ ਦੂਰੀ ਬਣਾਈ ਜਾਵੇ ਉਨੀ ਹੀ ਚੰਗੀ ਹੈ। ਮੇਰਾ ਸਟੈਂਡ ਸਪਸ਼ਟ ਹੈ ਕਿ ਅਕਾਲੀ ਦਲ ਨੂੰ ਡੇਰਿਆਂ ਨਾਲ ਸਾਂਝ ਕਾਰਨ ਪਹਿਲਾਂ ਵੀ ਨੁਕਸਾਨ ਹੋਇਆ ਸੀ ਤੇ ਹੁਣ ਵੀ ਜੇਕਰ ਇਹ ਸਾਂਝ ਰਖੀ ਤਾਂ ਨੁਕਸਾਨ ਹੋਵੇਗਾ। ਅਪਣੇ 'ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਬਾਰੇ ਬੋਲਦਿਆਂ ਸ. ਜੀ ਕੇ ਨੇ ਕਿਹਾ,''ਮੈਂ ਇਸ ਬਾਰੇ ਕੋਈ ਸਪਸ਼ਟੀਕਰਨ ਨਹੀਂ ਦੇਣਾ ਚਾਹੁੰਦਾ, ਮੈਂ ਪੁਲਿਸ ਦੀ ਰੀਪੋਰਟ ਉਡੀਕ ਰਿਹਾ ਹਾਂ। ਕਾਗ਼ਜ਼ਾਂ 'ਤੇ ਇੱਕਲੇ ਮੇਰੇ ਦੇ ਦਸਤਖ਼ਤ ਨਹੀਂ ਹਨ ਇਸ ਨਾਲ ਹੋਰ ਵੀ 6 ਅਹੁਦੇਦਾਰਾਂ ਦੇ ਦਸਤਖ਼ਤ ਹਨ। ਮੈਂ ਇੱਕਲਾ ਕਸੂਰਵਾਰ ਕਿਵੇਂ ਹੋਇਆ।'' ਦਿੱਲੀ ਕਮੇਟੀ ਦੇ ਨਵੇਂ ਅਹੁਦੇਦਾਰਾਂ ਤੇ ਰਹਿਤ ਮਰਿਆਦਾ ਦੀ ਉਲੰਘਣਾ ਦੇ ਲੱਗ ਰਹੇ ਦੋਸ਼ਾਂ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਅਕਾਲ ਤਖ਼ਤ ਸਾਹਿਬ 'ਤੇ ਹੈ ਮੈਂ ਇਸ 'ਤੇ ਕੋਈ ਟਿਪਣੀ ਨਹੀਂ ਕਰਾਂਗਾ। 

ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਸੰਗਤਾਂ ਨੇ ਸਾਨੂੰ 2013 ਵਿਚ ਸੇਵਾ ਦਿਤੀ ਸੀ ਤੇ ਅਸੀ ਤਨਦੇਹੀ ਨਾਲ ਸੇਵਾ ਕੀਤੀ। 2017 ਵਿਚ ਉਸ ਵੇਲੇ ਜਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ, ਬਰਗਾੜੀ, ਬਹਿਬਲ ਕਲਾਂ ਕਾਂਡ ਆਦਿ ਚਰਚਾ ਵਿਚ ਸਨ ਤੇ ਲੋਕ ਮੰਨ ਰਹੇ ਸਨ ਕਿ ਅਸੀ ਵਾਪਸ ਨਹੀਂ ਆ ਸਕਦੇ ਫਿਰ ਵੀ ਅਸੀ ਆਏ ਤੇ ਸੇਵਾ ਕੀਤੀ। ਸਾਡੇ ਰਾਹਾਂ ਵਿਚ ਕਾਫ਼ੀ ਮੁਸ਼ਕਲਾਂ ਸਨ ਖ਼ਾਸਕਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਦਾ ਮਾਮਲਾ ਸੀ ਜਿਸ ਵਿਚ 450 ਦੇ ਕਰੀਬ ਵਾਧੂ ਮੁਲਾਜ਼ਮ ਸਨ। ਉਨ੍ਹਾਂ ਨਵੀਂ ਕਮੇਟੀ ਨੂੰ ਕਿਹਾ ਕਿ ਉਹ ਸੇਵਾ ਨੂੰ ਪਹਿਲ ਦੇ ਕੇ ਅਪਣੀ ਜ਼ਿੰਮੇਵਾਰੀ ਪੂਰੀ ਕਰੇ। ਇਸ ਮੌਕੇ ਉਨ੍ਹਾਂ ਦੇ ਨਿਜੀ ਸਹਾਇਕ ਦੌਲਤ ਰਾਮ ਵੀ ਹਾਜ਼ਰ ਸਨ।