ਸਿੱਖ ਸ਼ਸਤਰ ਕਲਾ ਨੂੰ ਰਜਿਸਟਰਡ ਕਰਾਉਣਾ ਕੌਮ ਦੀ ਧ੍ਰੋਹਰ ਲੁੱਟਣ ਬਰਾਬਰ : ਪੀਰ ਮੁਹੰਮਦ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਇਸ ਧਾਰਮਕ ਮੁੱਦੇ 'ਤੇ ਅਕਾਲ ਤਖ਼ਤ ਸਾਹਿਬ ਤੁਰਤ ਦਖ਼ਲ ਦੇਵੇ

Karnail Singh Peer Mohammad

ਚੰਡੀਗੜ੍ਹ : ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਨੇ ਸਿੱਖ ਸ਼ਸਤਰ ਕਲਾ ਅਤੇ ਗਤਕੇ ਦੇ ਨਾਮ ਨੂੰ ਦਿੱਲੀ ਦੀ ਇਕ ਕੰਪਨੀ ਵਲੋਂ ਟਰੇਡ ਮਾਰਕ ਕਾਨੂੰਨ ਤਹਿਤ ਰਜਿਸਟਰਡ (ਪੇਟੈਂਟ) ਕਰਾਉਣ ਦੀ ਸਖ਼ਤ ਅਲੋਚਨਾ ਕਰਦਿਆਂ ਕਿਹਾ ਕਿ ਗਤਕਾ ਅਤੇ ਸ਼ਸਤਰ ਵਿਦਿਆ ਗੁਰੂ ਸਾਹਿਬ ਵਲੋਂ ਸਿੱਖਾਂ ਨੂੰ ਬਖ਼ਸ਼ੀ ਹੋਈ ਅਮੁਲ ਦਾਤ ਹੈ ਅਤੇ ਸਿੱਖ ਵਿਰਾਸਤ ਨਾਲ ਜੁੜੀ ਹੋਈ ਸਮੁੱਚੀ ਕੌਮ ਦੀ ਮਾਣਮੱਤੀ ਖੇਡ ਹੈ ਜਿਸ ਨੂੰ ਕੋਈ ਵੀ ਰਜਿਸਟਰਡ ਜਾਂ ਪੇਟੈਂਟ ਨਹੀਂ ਕਰਵਾ ਸਕਦਾ ਅਤੇ ਨਾ ਹੀ ਇਸ ਅਦੁਤੀ ਕਲਾ ਦਾ ਕੋਈ ਮਾਲਕ ਬਣ ਸਕਦਾ ਹੈ।

ਅੱਜ ਇਕ ਸਾਂਝੇ ਬਿਆਨ ਵਿਚ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਸਰਪ੍ਰਸਤ ਸ.ਕਰਨੈਲ ਸਿੰਘ ਪੀਰ ਮੁਹੰਮਦ ਅਤੇ ਕਨਵੀਨਰ ਸ.ਜਗਰੂਪ ਸਿੰਘ ਚੀਮਾ ਨੇ ਕਿਹਾ ਕਿ ਗਤਕਾ ਅਤੇ ਸਿੱਖ ਸ਼ਸਤਰ ਕਲਾ ਦੇ ਨਾਵਾਂ ਨੂੰ ਟਰੇਡ ਮਾਰਕ ਕਾਨੂੰਨ ਤਹਿਤ ਪੇਟੈਂਟ ਕਰਵਾਉਣ ਵਾਲੀ ਨਿਜੀ ਕੰਪਨੀ ਦੀ ਇਹ ਬਚਕਾਨਾ ਹਰਕਤ ਸਮਝ ਤੋਂ ਪਰੇ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਅਜਿਹੇ ਨਾਸਮਝ ਵਿਅਕਤੀ ਦੀ ਇਹ ਹਰਕਤ ਸਿੱਖ ਧਰੋਹਰ ਨੂੰ ਕਬਜ਼ਾ ਹੇਠ ਕਰਨ ਦੀ ਚਾਲ ਹੈ ਅਤੇ ਕੋਈ ਵੀ ਸਿੱਖ ਇਸ ਨੂੰ ਸਹਿਣ ਨਹੀਂ ਕਰ ਸਕਦਾ।

ਫ਼ੈਡਰੇਸ਼ਨ ਦੇ ਆਗੂਆਂ ਨੇ ਕਿਹਾ ਕਿ ਸਿੱਖ ਸ਼ਸਤਰ ਕਲਾ ਵਿਰੋਧੀ ਇਸ ਕਾਰਵਾਈ ਉਪਰ ਅਕਾਲ ਤਖ਼ਤ ਸਾਹਿਬ ਵਲੋਂ ਦਖ਼ਲ ਦੇ ਕੇ ਇਨ੍ਹਾਂ ਦੋਹਾਂ ਟਰੇਡ ਮਾਰਕਾਂ ਦੀ ਮਾਲਕੀਅਤੀ ਨੂੰ ਤੁਰਤ ਰੱਦ ਕਰਵਾਇਆ ਜਾਵੇ ਅਤੇ ਅਜਿਹਾ ਆਦੇਸ਼ ਜਾਰੀ ਹੋਵੇ ਕਿ ਅੱਗੋਂ ਕੋਈ ਵੀ ਸ਼ਖ਼ਸ ਸਿੱਖ ਧ੍ਰੋਹਰ 'ਤੇ ਕਬਜ਼ਾ ਕਰਨ ਜਾਂ ਉਸ ਰਾਹੀਂ ਪੈਸਾ ਕਮਾਉਣ ਦੀ ਜੁਰਅੱਤ ਨਾ ਕਰ ਸਕੇ।