ਵੱਖ-ਵੱਖ ਧਾਰਮਕ ਆਗੂਆਂ ਦਾ ਸਮਾਗਮ 'ਚ ਸ਼ਾਮਲ ਹੋਣਾ ਫ਼ਿਰਕਾਪ੍ਰਸਤ ਲੋਕਾਂ ਦੇ ਮੂੰਹ 'ਤੇ ਚਪੇੜ
ਮਦਰਸਾ ਜ਼ੀਨਤ ਉਲ ਉਲੂਮ ਦੇ ਹੋਏ ਯਾਦਗਾਰੀ ਸਾਲਾਨਾ ਦਸਤਾਰਬੰਦੀ ਸਮਾਗਮ ਯਾਦਗਾਰੀ ਹੋ ਨਿਬੜਿਆ
ਮਾਲੇਰਕੋਟਲਾ : ਮਦਰਸਾ ਜ਼ੀਨਤ ਉਲ ਉਲੂਮ ਦੇ ਹੋਏ ਯਾਦਗਾਰੀ ਸਾਲਾਨਾ ਦਸਤਾਰਬੰਦੀ ਸਮਾਗਮ ਨੂੰ ਸੰਬੋਧਨ ਕਰਦਿਆਂ ਸਮਾਗਮ ਦੇ ਮੁੱਖ ਮਹਿਮਾਨ ਦਾਰੁਲ ਉਲੂਮ ਦਿਉਬੰਦ ਦੇ ਸੇਖੁਲ ਹਦੀਸ ਹਜ਼ਰਤ ਮੌਲਾਨਾ ਮੁਫ਼ਤੀ ਮੁਹੰਮਦ ਯੂਸਫ਼ ਕਾਸਮੀ ਨੇ ਅੱਜ ਇਥੇ ਕਿਹਾ ਕਿ ਵੱਖ-ਵੱਖ ਧਰਮਾਂ ਦੇ ਧਾਰਮਕ ਆਗੂਆਂ ਦਾ ਇਸ ਦਸਤਾਰਬੰਦੀ ਸਮਾਗਮ ਵਿਚ ਸ਼ਾਮਲ ਹੋਣਾ ਉਨ੍ਹਾਂ ਲੋਕਾਂ ਦੇ ਮੂੰਹ 'ਤੇ ਚਪੇੜ ਹੈ ਜੋ ਕਹਿੰਦੇ ਹਨ ਕਿ ਮਦਰਸੇ ਦਹਿਸ਼ਤਗਰਦੀ ਦੇ ਅੱਡੇ ਹਨ।
ਉਨ੍ਹਾਂ ਕਿਹਾ ਕਿ ਕੁੱਝ ਲੋਕ ਇਹ ਸਮਝਦੇ ਹਨ ਕਿ ਉਹ ਹਿੰਦੂ, ਮੁਸਲਿਮ, ਸਿੱਖ ਤੇ ਈਸਾਈ ਭਾਈਚਾਰੇ ਨੂੰ ਤੋੜਨ 'ਚ ਸਫ਼ਲ ਹੋ ਜਾਣਗੇ ਪਰ ਇਹ ਉਨ੍ਹਾਂ ਦੀ ਗ਼ਲਤਫ਼ਹਿਮੀ ਹੈ।ਇਸ ਤੋਂ ਪਹਿਲਾਂ ਇਲਾਕੇ ਦੇ ਪ੍ਰਸਿੱਧ ਵੈਦ ਮੋਹਨ ਲਾਲ ਨੇ ਅਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਸਾਂਝੀਆਂ ਸਭਾਵਾਂ ਹੋਣੀਆਂ ਸਮੇਂ ਦੀ ਜ਼ਰੂਰਤ ਹੈ ਜਿਸ ਨਾਲ ਸਾਰੇ ਧਰਮਾਂ ਦੇ ਲੋਕਾਂ ਵਿਚ ਪਿਆਰ ਮੁਹੱਬਤ ਵਾਧਾ ਹੋਵੇ ।ਅਨੰਦਪੁਰ ਸਾਹਿਬ ਤੋਂ ਆਏ ਭਾਈ ਚਰਨਜੀਤ ਸਿੰਘ ਮੁੱਖ ਕਥਾਵਾਚਕ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੇ ਅਪਣੇ ਸੰਬੋਧਨ ਦੌਰਾਨ ਕਿਹਾ ਕਿ ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫ਼ੁਰਮਾਨ ਹੈ ਕਿ ਵੱਖੋ-ਵਖਰੇ ਪਹਿਰਾਵੇ ਦੇ ਬਾਵਜੂਦ ਅਸੀਂ ਸਾਰੇ ਇਕ ਰੱਬ ਦੇ ਬੰਦੇ ਹਾਂ।
ਸਮਾਗਮ ਦੀ ਪ੍ਰਧਾਨਗੀ ਕਰ ਰਹੇ ਹਜ਼ਰਤ ਮੌਲਾਨਾ ਮੁਫ਼ਤੀ ਮੁਹੰਮਦ ਖਲੀਲ ਕਾਸਮੀ ਜ਼ਿਲ੍ਹਾ ਪ੍ਰਧਾਨ ਜਮੀਅਤ ਉਲਮਾ ਹਿੰਦ ਨੇ ਕਿਹਾ ਉਕਤ ਪ੍ਰ੍ਰੋਗ੍ਰਾਮ ਜਿਸ ਵਿਚ ਹਰ ਧਰਮ ਦੇ ਮੰਨਣ ਵਾਲੇ ਮੌਜੂਦ ਹਨ, ਰੰਗ ਬਰੰਗੇ ਫੁੱਲਾਂ ਦਾ ਗੁਲਦਸਤਾ ਹੈ ਜਿਸ ਦਾ ਹਮੇਸ਼ਾ ਮਹਿਕਦਾ ਰਹਿਣਾ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਕੁਰਆਨ ਮੁਕੰਮਲ ਕਰਨ ਵਾਲੇ ਵਿਦਿਆਰਥੀਆਂ ਦੀ ਦਸਤਾਰਬੰਦੀ ਕੀਤੀ ਗਈ ਅਤੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਸਮਾਗਮ ਨੂੰ ਕੌਂਸਲਰ ਚੌਧਰੀ ਮੁਹੰਮਦ ਬਸ਼ੀਰ, ਮੋਹਨ ਲਾਲ ਸ਼ਰਮਾ ਪ੍ਰਧਾਨ ਲੰਗਰ ਕਮੇਟੀ ਸ਼੍ਰੀ ਹਨੂਮਾਨ ਮੰਦਿਰ, ਰਮੇਸ਼ ਜੈਨ ਪ੍ਰਧਾਨ ਐਸ. ਐਸ. ਜੈਨ ਸਭਾ, ਮੌਲਵੀ ਰੋਸ਼ਨਦੀਨ ਹਿਮਾਚਲੀ, ਮੌਲਾਨਾ ਅਸ਼ਰਫ਼ ਅੱਬਾਸ ਦਿਓਬੰਦੀ, ਕਾਰੀ ਅਹਿਤਸ਼ਾਮ ਉਦ ਦੀਨ, ਮੌਲਾਨਾ ਮਨੀਰ ਉਦ ਦੀਨ ਉਸਮਾਨੀ ਦਿਓਬੰਦੀ ਨੇ ਵੀ ਸੰਬੋਧਨ ਕੀਤਾ।