ਦਸਤਾਰ ਦੁਮਾਲੇ, ਡਰਾਇੰਗ ਪੇਂਟਿੰਗ ਮੁਕਾਬਲੇ ਅਤੇ ਗਤਕੇ ਦੇ ਜੌਹਰ ਨਾਲ ਮਨਾਇਆ ਹੋਲਾ ਮਹੱਲਾ ਸਮਾਗਮ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਜੋੜਿਆ ਗੁਰੂ ਚਰਨਾਂ ਨਾਲ

Pic-5

ਕੋਟਕਪੂਰਾ : ਸ਼ਹੀਦ ਬਾਬਾ ਦੀਪ ਸਿੰਘ ਚੈਰੀਟੇਬਲ ਸੁਸਾਇਟੀ ਜਥੇਦਾਰ ਬਾਬਾ ਕੁਲਵੰਤ ਸਿੰਘ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ (ਇਸਤਰੀ ਵਿੰਗ) ਅਤੇ ਵਿਗਾਸੁ ਵਾਉਂਡੇਸ਼ਨ ਦੇ ਸਹਿਯੋਗ ਨਾਲ ਸਥਾਨਕ ਗੁਰਦਵਾਰਾ ਪਾਤਸ਼ਾਹੀ ਦਸਵੀਂ ਵਿਖੇ ਕਰਵਾਏ ਗਏ ਹੋਲਾ ਮਹੱਲਾ ਸਮਾਗਮ ਮੌਕੇ ਦਸਤਾਰ ਮੁਕਾਬਲਾ, ਗਤਕੇ ਦੇ ਜ਼ੋਹਰ, ਡਰਾਇੰਗ/ਪੇਂਟਿੰਗ ਮੁਕਾਬਲੇ ਅਤੇ ਗੁਰਬਾਣੀ ਕੀਰਤਨ ਦਾ ਨਿਰਬਾਹ ਚਲਿਆ। 

ਗੁਰਪ੍ਰੀਤ ਸਿੰਘ ਰਾਜਾ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਡਰਾਇੰਗ/ਪੇਂਟਿੰਗ ਅਤੇ ਦਸਤਾਰ/ਦੁਮਾਲੇ ਮੁਕਾਬਲਿਆਂ 'ਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਤੇ ਨੌਜਵਾਨਾਂ ਨੂੰ ਨਕਦ ਇਨਾਮ ਤੇ ਸਨਮਾਨ ਚਿੰਨ੍ਹ ਨਾਲ ਸਨਮਾਨਤ ਕੀਤਾ ਗਿਆ। ਅਮਰਜੀਤ ਸਿੰਘ, ਮਨਜੀਤ ਸਿੰਘ ਅਤੇ ਤਰੁਨਪ੍ਰੀਤ ਸਿੰਘ ਨੇ ਦਸਿਆ ਕਿ ਦਸਤਾਰ ਮੁਕਾਬਲਿਆਂ ਦੀ ਜੱਜਮੈਂਟ ਸੁਖਦੇਵ ਸਿੰਘ ਭੁੱਲਰ ਅਤੇ ਨਰਿੰਦਰਪਾਲ ਸਿੰਘ ਪਾਰਸ ਜਦਕਿ ਦੁਮਾਲਿਆਂ ਦੀ ਜੱਜਮੈਂਟ ਭੈਣ ਬੇਅੰਤ ਕੌਰ ਨੇ ਬੜੇ ਸੋਹਣੇ ਢੰਗ ਨਾਲ ਕੀਤੀ।

ਰਣਜੀਤ ਅਖਾੜਾ ਬੁੱਢਾ ਦਲ ਵਲੋਂ ਗਤਕੇ ਦੇ ਜੌਹਰ ਦਿਖਾਏ ਗਏ। ਚੰਦਨਪ੍ਰੀਤ ਸਿੰਘ ਅਤੇ ਦਰਸ਼ਨ ਸਿੰਘ ਨੇ ਦਸਿਆ ਕਿ ਦਸਤਾਰ ਦੁਮਾਲੇ ਸਜਾਉਣ ਮੁਕਾਬਲਿਆਂ 'ਚ 40 ਜਦਕਿ ਡਰਾਇੰਗ ਪੇਂਟਿੰਗ ਮੁਕਾਬਲਿਆਂ 'ਚ 200 ਬੱਚਿਆਂ ਤੇ ਨੌਜਵਾਨਾਂ ਦੀ ਸ਼ਾਨਦਾਰ ਸ਼ਮੂਲੀਅਤ ਰਹੀ। ਭਾਈ ਚਰਨਜੀਤ ਸਿੰਘ ਚੰਨੀ ਅਤੇ ਭਾਈ ਅਮਰਜੀਤ ਸਿੰਘ ਦੇ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਮੰਚ ਸੰਚਾਲਨ ਗੁਰਿੰਦਰ ਸਿੰਘ ਕੋਟਕਪੂਰਾ ਨੇ ਕੀਤਾ। ਜੇਤੂਆਂ ਨੂੰ ਸਨਮਾਨਤ ਕਰਨ ਵਾਲਿਆਂ 'ਚ ਮਾ. ਬਲਵਿੰਦਰ ਸਿੰਘ, ਸੁਖਦਰਸ਼ਨ ਸਿੰਘ ਆਦਿ ਸ਼ਾਮਲ ਹਨ।