ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਬੇਅਦਬੀ ਦਾ ਮਾਮਲਾ: ਸ਼੍ਰੋਮਣੀ ਕਮੇਟੀ ਦੀ ਅਣਗਹਿਲੀ ਕਾਰਨ ਵਾਪਰੀ ਘਟਨਾ!

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਬੀਬੀ ਜਗੀਰ ਕੌਰ ਵਲੋਂ ਦਿਤੇ ਬਿਆਨਾਂ ਤੋਂ ਪ੍ਰਤੀਤ ਹੁੰਦਾ ਹੈ ਕਿ ਸ਼੍ਰੋਮਣੀ ਕਮੇਟੀ ਅਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ

Beadbi at Takht Sri Kesgarh Sahib

ਸ੍ਰੀ ਅਨੰਦਪੁਰ ਸਾਹਿਬ (ਕੁਲਵਿੰਦਰ ਜੀਤ ਸਿੰਘ ਭਾਟੀਆ) : ਬੀਤੇ ਦਿਨੀ ਖ਼ਾਲਸੇ ਦੀ ਜਨਮਭੂਮੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ (Takht Sri Kesgarh Sahib ) ਵਿਖੇ ਪਰਮਜੀਤ ਸਿੰਘ ਨਾਮੀ ਵਿਅਕਤੀ ਵਲੋਂ ਸਿਗਰਟ ਦਾ ਧੂੰਆਂ ਸੁੱਟ ਕੇ ਕੀਤੀ ਗਈ ਬੇਅਦਬੀ ਨੇ ਸੰਸਾਰ ਭਰ ਵਿਚ ਜਿਥੇ ਸਿੱਖ ਕੌਮ ਦੇ ਹਿਰਦੇ ਵਲੂੰਧਰੇ ਹਨ, ਉਥੇ ਹੀ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ (Bibi Jagir Kaur) ਵਲੋਂ ਦਿਤੇ ਬਿਆਨਾਂ ਤੋਂ ਇੰਝ ਪ੍ਰਤੀਤ ਹੁੰਦਾ ਹੈ ਕਿ ਸ਼੍ਰੋਮਣੀ ਕਮੇਟੀ (SGPC) ਅਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ ਅਤੇ ਸਾਰਾ ਮਾਮਲਾ ਪੁਲਿਸ ਦੇ ਗਲ ਪਾਉਣਾ ਚਾਹੁੰਦੀ ਹੈ। 

ਹੋਰ ਪੜ੍ਹੋ: ਕਿਸਾਨਾਂ ਦੇ ਅੰਦੋਲਨ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਹਰਿਆਣਾ ਸਰਕਾਰ?

ਸਪੋਕਸਮੈਨ ਦੀ ਟੀਮ ਵਲੋਂ ਸੂਤਰਾਂ ਤੋਂ ਇੱਕਤਰ ਕੀਤੀ ਜਾਣਕਾਰੀ ਮੁਤਾਬਕ ਇਸ ਬਾਰੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦੀ ਗ਼ੈਰ ਹਾਜ਼ਰੀ ਵਧ ਜ਼ਿੰਮੇਵਾਰ ਹੈ। ਜੇਕਰ ਗੱਲ ਕਰੀਏ ਸੀ.ਸੀ.ਟੀ.ਵੀ ਫੁਟੇਜ ਦੀ ਤਾਂ ਇਸ ਵਿਚ ਕਥਿਤ ਦੋਸ਼ੀ ਸ਼ਸਤਰਾਂ ਦੇ ਪਿਛਲੇ ਪਾਸੇ ਬੈਠਾ ਸੀ ਜਿਥੇ ਕਿ ਕਮੇਟੀ ਦਾ ਕੋਈ ਵੀ ਮੁਲਾਜ਼ਮ ਹਾਜ਼ਰ ਨਹੀਂ ਸੀ ਅਤੇ ਕਥਿਤ ਦੋਸ਼ੀ ਵਲੋਂ ਉਥੇ ਬੀੜੀ ਬਾਲ ਕੇ ਉਥੇ ਧੂੰਆਂ ਮੂੰਹ ਵਿਚ ਭਰਿਆ ਅਤੇ ਰਾਗੀਆਂ ਦੇ ਪਿੱਛੇ ਆ ਕੇ ਨਾ ਸਿਰਫ਼ ਧੂੰਆਂ ਹੀ ਮਾਰਿਆ ਸਗੋਂ ਬੀੜੀ ਵੀ ਰਾਗੀਆਂ ’ਤੇ ਸੁੱਟੀ ਅਤੇ ਉਸ ਵਕਤ ਵੀ ਉਥੇ ਮੁਲਾਜ਼ਮ ਹਾਜ਼ਰ ਨਹੀਂ ਸੀ ਅਤੇ ਇਕ ਸ਼ਰਧਾਲੂ ਸਥਾਨਕ ਬੀਬੀ ਵਲੋਂ ਰੌਲਾ ਪਾਇਆ ਗਿਆ ਜਿਸ ’ਤੇ ਉਥੇ ਹਾਜ਼ਰ ਪੰਜਾਬ ਪੁਲਿਸ ਦੇ ਥਾਣੇਦਾਰ ਰਣਬੀਰ ਸਿੰਘ ਨੇ ਮੌਕੇ ’ਤੇ ਉਸ ਨੂੰ ਕਾਬੂ ਕੀਤਾ ਅਤੇ ਪੁਲਿਸ ਚੌਕੀ ਵਿਚ ਲੈ ਗਿਆ ਅਤੇ ਜੇਕਰ ਗੱਲ ਕਰੀਏ ਜਾਂਚ ਦੀ ਤਾਂ ਇਹ ਗੱਲ ਸਾਫ਼ ਹੋ ਗਈ ਹੈ ਕਿ ਇਹ ਸੌਦੇ ਸਾਧ ਦਾ ਪੱਕਾ ਚੇਲਾ ਹੈ।

ਹੋਰ ਪੜ੍ਹੋ: ਬੈਡ ਬੈਂਕ ਤੇ ਟੈਲੀਕਾਮ ਕੰਪਨੀਆਂ ਲਈ ਤੁਰਤ ਸਹਾਇਤਾ ਪਰ ‘ਅੰਨਦਾਤਿਆਂ’ ਲਈ ਅਜੇ ਵੀ ਕੁੱਝ ਨਹੀਂ?

ਬੀਤੇ ਕਲ ਬੀਬੀ ਜਗੀਰ ਕੌਰ ਇਹ ਕਹਿ ਕੇ ਪੱਲਾ ਝਾੜ ਗਈ ਕਿ ਐਸ.ਐਸ.ਪੀ. ਦਾ ਸਿਰ ਪਾੜੋ, ਪਰ ਸੱਚਾਈ ਇਹ ਹੈ ਕਿ ਇਹ ਸ਼ਰੇਆਮ ਸ਼੍ਰੋਮਣੀ ਕਮੇਟੀ ਦੀ ਕੁਤਾਹੀ ਕਾਰਨ ਹਾਦਸਾ ਵਾਪਰਿਆ ਹੈ। ਕਿਉਂਕਿ ਪੂਰੇ ਮਾਮਲੇ ਵਿਚ ਕਿਤੇ ਵੀ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਦੀ ਹਾਜ਼ਰੀ ਨਜ਼ਰ ਹੀ ਨਹੀਂ ਆ ਰਹੀ ਸਗੋਂ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਖ਼ੁਦ ਅਮ੍ਰਿਤਸਰ ਬੈਠੇ ਸਨ ਅਤੇ ਮੌਕੇ ਤੋਂ ਗ਼ੈਰ ਹਾਜ਼ਰ ਸਨ।  ਇਥੇ ਹੀ ਬੱਸ ਨਹੀਂ ਘਟਨਾ ਸਾਢੇ ਚਾਰ ਵਜੇ ਵਾਪਰੀ ਅਤੇ ਸੰਗਤਾਂ ਦਾ ਹਜੂਮ 9 ਵਜੇ ਇੱਕਠਾ ਹੋ ਗਿਆ ਸੀ ਪਰ ਗਿਆਨੀ ਰਘਬੀਰ ਸਿੰਘ 12 ਵਜੇ ਦੇ ਕਰੀਬ ਤਖ਼ਤ ਸਾਹਿਬ ’ਤੇ ਪੁੱਜੇ।

ਹੋਰ ਪੜ੍ਹੋ: ਅੱਜ ਦਾ ਹੁਕਮਨਾਮਾ (18 ਸਤੰਬਰ 2021)

ਦਸਣਾ ਬਣਦਾ ਹੈ ਕਿ ਗਿਆਨੀ ਰਘਬੀਰ ਸਿੰਘ ਤਖ਼ਤ ਸਾਹਿਬ ’ਤੇ ਘੱਟ ਅਤੇ ਸ੍ਰੀ ਅੰਮ੍ਰਿਤਸਰ ਜ਼ਿਆਦਾ ਰਹਿੰਦੇ ਹਨ।  ਸਪੋਕਸਮੈਨ ਦੀ ਟੀਮ ਵਲੋਂ ਕੀਤੀ ਗਈ ਜਾਂਚ ਅਤੇ ਸੁੂਤਰਾਂ ਦੇ ਹਵਾਲਿਆਂ ਤੋਂ ਇਹ ਗੱਲ ਸਾਫ਼ ਹੋ ਗਈ ਹੈ ਕਿ ਬੀਬੀ ਜਗੀਰ ਕੌਰ ਅਜਿਹੇ ਬਿਆਨ ਦੇ ਕੇ ਸ਼੍ਰੋੋਮਣੀ ਕਮੇਟੀ ਅਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੀ, ਪਰ ਅਫ਼ਸੋਸ ਹੈ ਕਿ ਬੀਬੀ ਜਗੀਰ ਕੌਰ ਬੀਤੇ ਕਲ ਅਪਣੇ ਪੱਧਰ ’ਤੇ ਜਾਂਚ ਕਰਵਾਉਣ ਦੀ ਬਜਾਏ ਅਪਣੇ ਮੁਲਾਜ਼ਮਾਂ ਨੂੰ ਸ਼ਾਬਾਸ਼ੀ ਦੇ ਰਹੀ ਸੀ ਅਤੇ ਕਿਤੇ ਨਾ ਕਿਤੇ ਅਪਣੇ ਗਲੋਂ ਇਹ ਮਾਮਲਾ ਲਾਹ ਕੇ ਪੁਲਿਸ ਦੇ ਗੱਲ ਪਾਉਣਾ ਚਾਹੁੰਦੀ ਸੀ।