ਬਾਬੇ ਨਾਨਕ ਦੀ ਕੇਸਾਂ-ਦਸਤਾਰਾਂ ਵਾਲੀ ਸਿੱਖੀ ਦੇ ਅਗਲੇ ਵਾਰਸ ਹੋਏ ਘੋਨਿਆਂ-ਮੋਨਿਆਂ ਦਾ ਰੂਪ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

 ਪਿੰਡਾਂ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਕੇਸਾਂ ਵਾਲੇ ਵਿਦਿਆਰਥੀਆਂ ਦੀ ਗਿਣਤੀ ਸਿਰਫ 10 ਫ਼ੀ ਸਦੀ

Sikh

ਸ੍ਰੀ ਮੁਕਤਸਰ ਸਾਹਿਬ  (ਰਣਜੀਤ ਸਿੰਘ) : ਬਾਬੇ ਨਾਨਕ ਦੀ ਕੇਸਾਂ-ਦਸਤਾਰਾਂ ਵਾਲੀ ਸਿੱਖੀ ਦੇ ਵਾਰਸ ਪੰਜਾਬ ਵਿਚ ਖਤਰਨਾਕ ਹੱਦ ਤਕ ਘੋਨਿਆਂ-ਮੋਨਿਆਂ ਦਾ ਰੂਪ ਧਾਰਦੇ ਵਿਖਾਈ ਦੇ ਰਹੇ ਹਨ, ਸਾਡੇ ਪੰਥਕ ਆਗੂ ਅਤੇ ਜਥੇਬੰਦੀਆਂ ਆਪਣੀਆਂ ਸਿਆਸੀ ਗੋਟੀਆਂ ਫਿੱਟ ਕਰਨ ਵਿਚ ਮਦਮਸਤ 'ਅੱਗਾ ਦੌੜ ਤੇ ਪਿੱਛਾ ਚੌੜ' ਵਾਲੇ ਰਾਹ ਤੇ ਚੱਲ ਰਹੇ ਹਨ। ਜਿਹੜੇ ਘਰਾਂ ਵਿਚ ਬੱਚੇ ਅਜੇ ਕੇਸਾਂ-ਦਸਤਾਰਾਂ ਵਾਲੇ ਹਨ ਉਹ ਮਾਪਿਆਂ ਦੇ ਅਪਣੇ ਨਿੱਜੀ ਉਦਮ ਤੇ ਯਤਨਾਂ ਸਦਕਾ ਹੈ, ਪੰਥ ਦੇ ਪ੍ਰਚਾਰ ਵਿੰਗ ਦਾ ਇਸ ਵਿਚ ਕੋਈ ਬਹੁਤਾ ਲੈਣਾ ਦੇਣਾ ਨਹੀਂ ਹੈ।

ਇਤਿਹਾਸ ਤੇ ਨਜਰ ਮਾਰਿਆਂ ਸਪਸ਼ਟ ਹੋ ਜਾਂਦਾ ਹੈ ਕਿ ਸਿੱਖ ਪੰਥ ਦੀ ਮੁੱਖ ਸ਼ਕਤੀ ਭਾਈ ਲਾਲੋ ਦੇ ਵਾਰਸਾਂ ਘਰਾਂ ਵਿਚੋਂ ਉਪਜਦੀ ਰਹੀ ਹੈ, ਸ਼ਾਨਾਂ ਮੱਤਾ ਇਤਿਹਾਸਕ ਵਿਰਸਾ ਇਸ ਦਾ ਗਵਾਹ ਹੈ। ਅੱਜ ਇੰਨ੍ਹਾਂ ਪੰਥਕ ਘਰਾਂ ਤੇ ਵੇਹੜਿਆਂ ਵਿਚ ਵੱਖ ਵੱਖ ਡੇਰਿਆਂ ਦੇ ਸਾਧਾਂ ਦੀ ਤੂਤੀ ਬੋਲਦੀ ਹੈ। ਅੱਜ ਪਿੰਡਾਂ ਵਿਚ ਵਸਦੇ ਭਾਈ ਲਾਲੋ ਦੇ ਵਾਰਸਾਂ ਦੇ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਬਾਰੇ ਤੱਥ ਇਕੱਠੇ ਕੇਤੇ ਤਾਂ ਵੱਢੇ ਵੱਢੇ ਦਾਅਵਿਆਂ ਦੀਆਂ ਨੀਹਾਂ ਖੋਖਲੀਆਂ ਨਿਕਲੀਆਂ।

ਬਾਬੇ ਨਾਨਕ ਦੇ 550ਵੇਂ ਜਨਮ ਦਿਹਾੜੇ ਨੂੰ ਮਨਾਉਣ ਸਬੰਧੀ ਲੱਗੀ ਦੌੜ ਵਿਚ ਸ਼੍ਰੋ. ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਕਮੇਟੀ ਅਤੇ ਅਕਾਲੀ ਦਲ ਦੀ ਲੀਡਰਸ਼ਿਪ ਆਦਿ ਅਪਣੇ ਆਪ ਨੂੰ ਸਭ ਤੋਂ ਵੱਢੇ ਦਾਅਵੇਦਾਰ ਵਜੋਂ ਪੇਸ਼ ਕਰ ਰਹੇ ਹਨ। ਭਾਵੇਂ ਅੱਜ ਸਿਆਸੀ ਤਾਕਤ ਹਾਸਲ ਕਰਨ ਤੋਂ ਬਗੈਰ ਇੰਨ੍ਹਾਂ ਲਈ ਹੋਰ ਕੁਝ ਵੀ ਮਹੱਤਵ ਨਹੀਂ ਰਖਦਾ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਆਦਿ ਨੂੰ ਅਜਿਹੇ ਹਾਲਾਤਾਂ ਬਾਰੇ ਅੱਜ ਨਹੀਂ ਤਾਂ ਕੱਲ ਸਿੱਖ ਪੰਥ ਅਤੇ ਇਤਿਹਾਸ ਨੂੰ ਜਵਾਬ ਤਾਂ ਦੇਣਾ ਹੀ ਪਵੇਗਾ।

ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪੇਂਡੂ ਖੇਤਰ ਵਿੱਚ ਸਥਿਤ ਸਰਕਾਰੀ ਸੈਕੰਡਰੀ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪੜ੍ਹਦੇ ਕੇਸਾਂ ਵਾਲੇ ਵਿਦਿਆਰਥੀਆਂ ਬਾਰੇ ਸਰਵੇ ਕੀਤਾ ਤਾਂ ਇਹ ਗਿਣਤੀ 10 ਪ੍ਰਤੀਸ਼ਤ ਤੋਂ ਵੀ ਘੱਟ ਨਿਕਲੀ। ਹੈਰਾਨੀ ਦੀ ਗੱਲ ਇਹ ਹੈ ਕਿ ਹਰ ਪੰਥਕ ਕਾਰਜ ਸਮੇਂ ਆਪਣਾ ਹੱਕ ਜਤਾਉਣ ਵਾਲੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਅਤੇ ਅਕਾਲੀ ਦਲ ਦੇ ਜਿਲ੍ਹਾ ਜਥੇਦਾਰਾਂ ਦੇ ਅਪਣੇ ਪਿੰਡਾਂ ਵਿਚ ਵੀ ਸਥਿਤੀ ਦੂਸਰੇ ਪਿੰਡਾਂ ਵਾਲੀ ਹੀ ਹੈ।

ਹਲਕਾ ਦੋਦਾ ਤੋਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਨਵਤੇਜ ਸਿੰਘ ਕਾਉਣੀ ਨੇ ਇਸ ਸਬੰਧੀ ਗੱਲਬਾਤ ਕਰਨ ਤੇ ਕਿਹਾ ਕਿ ਮਨੁੱਖ ਨੂੰ ਅਸਲ ਵਿਚ ਜੋ ਸੰਸਕਾਰ 3ਸਾਲ ਤੋਂ 15ਸਾਲ ਦੀ ਉਮਰ ਤੱਕ ਮਿਲਦੇ ਹਨ, ਉਸ ਤੋਂ ਪਾਸੇ ਨਹੀਂ ਹਟਦਾ। ਇਸ ਲਈ ਇਹ ਜ਼ਰੂਰੀ ਹੈ ਕਿ ਮਾਪੇ ਵੀ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਣ ਲਈ ਉਦਮ ਕਰਨ ਤੇ ਸ਼੍ਰੋ. ਕਮੇਟੀ ਵੀ ਠੋਸ ਨੀਤੀਆਂ ਬਣਾਵੇ। ਸ਼੍ਰੋ. ਕਮੇਟੀ ਦੇ ਪ੍ਰਚਾਰਕ ਪੈਦਾ ਕਰਨ ਵਾਲੇ ਵਿਦਿਆਲੇ ਵੀ ਸਹੀ ਢੰਗ ਨਾਲ ਨਹੀਂ ਚਲ ਰਹੇ, ਇਸ ਸਬੰਧੀ ਅਸੀਂ ਸੁਝਾਅ ਤਾਂ ਦਿਤੇ ਹਨ ਪਰ ਉਹ ਸੁਝਾਅ ਮੰਨੇ ਨਹੀਂ ਜਾ ਰਹੇ।

ਸ੍ਰੀ ਮੁਕਤਸਰ ਸਾਹਿਬ ਤੋਂ ਮੈਂਬਰ ਸ਼੍ਰੋਮਣੀ ਕਮੇਟੀ ਸੁਖਦਰਸ਼ਨ ਸਿੰਘ ਮਰਾੜ ਨੇ ਇਸ ਬਾਰੇ ਕਿਹਾ ਕਿ ਸ਼੍ਰੋਮਣੀ ਕਮੇਟੀ ਤੇ ਸਿੱਧੇ-ਅਸਿਧੇ ਰੂਪ ਵਿਚ ਕਬਜਾ ਬਾਦਲ ਪਰਵਾਰ ਦਾ ਹੈ ਤੇ ਉਹ ਸਿੱਖੀ ਲਈ ਕੁਝ ਵੀ ਕਰਨ ਵਾਸਤੇ ਤਿਆਰ ਨਹੀਂ ਹੈ।