ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਯਾਦ ਵਿਚ ਅੰਮ੍ਰਿਤਸਰ ਤੋਂ ਦਿੱਲੀ ਤਕ ਕੱਢੀ ਜਾਵੇਗੀ ਵਿਸ਼ਾਲ ਯਾਤਰਾ
ਯਾਤਰਾ ਦਿੱਲੀ ਤੋਂ ਅਨੰਦਪੁਰ ਸਾਹਿਬ ਪਰਤ ਕੇ ਖ਼ਤਮ ਹੋਵੇਗੀ
ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਵਿਖੇ ਵਿਸ਼ਾਲ ਗੁਰਮਤਿ ਸਮਾਗਮ ਦੌਰਾਨ ਹਜ਼ਾਰਾਂ ਸੰਗਤਾਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜਿਥੇ ਗੁਰੂ ਸਾਹਿਬ ਦੇ ਜੀਵਨ ਇਤਿਹਾਸ ਅਤੇ ਉਨ੍ਹਾਂ ਦੇ ਫ਼ਲਸਫੇ ਤੋਂ ਸੰਗਤ ਨੂੰ ਜਾਣੂ ਕਰਵਾਇਆ, ਉਥੇ ਹੀ ਸਮੇਂ ਸਮੇਂ ਹਕੂਮਤਾਂ ਵਲੋਂ ਘੱਟ ਗਿਣਤੀਆਂ ਨੂੰ ਦਬਾਉਣ ਲਈ ਚਲੀਆਂ ਜਾਂਦੀਆਂ ਚਾਲਾਂ ਨੂੰ ਦੇਸ਼ ਲਈ ਘਾਤਕ ਦਸਿਆ।
ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਸਮਾਜ ਦੀ ਬੇਹਤਰੀ ਲਈ ਜੋ ਮਾਰਗ ਦਰਸ਼ਨ ਦਿਤਾ, ਉਹ ਦੁਨੀਆਂ ਦੇ ਧਾਰਮਕ ਇਤਿਹਾਸ ਅੰਦਰ ਅਸਲੋਂ ਨਿਵੇਕਲਾ ਹੈ। ਸਿੱਖ ਵਿਚਾਰਧਾਰਾ ਵਿਚ ਨੌਵੇਂ ਪਾਤਸ਼ਾਹ ਜੀ ਦਾ ਮਨੁੱਖਤਾ ਨੂੰ ਉੱਚਾ ਚੁੱਕਣ ਵਾਲਾ ਫਲਸਫਾ ਸਾਡੀ ਅਗਵਾਈ ਕਰਦਾ ਹੈ।
ਅਸੀਂ ਕਿਸ ਤਰ੍ਹਾਂ ਹਰ ਧਰਮ ਦੇ ਲੋਕਾਂ ਨਾਲ ਪਰਸਪਰ ਸਬੰਧ ਪੈਦਾ ਕਰਨੇ ਹਨ, ਇਹ ਗੁਰੂ ਸਾਹਿਬ ਜੀ ਦੀ ਜੀਵਨ ਫਲਸਫੇ ਵਿਚੋਂ ਪ੍ਰਤੱਖ ਹੁੰਦਾ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ 20 ਮਾਰਚ ਨੂੰ ਸ੍ਰੀ ਅੰਮ੍ਰਿਤਸਰ ਤੋਂ ਦਿੱਲੀ ਲਈ ਸਜਾਇਆ ਜਾਣ ਵਾਲਾ ਨਗਰ ਕੀਰਤਨ ਅਲੌਕਿਕ ਹੋਵੇਗਾ, ਜੋ ਪੰਜਾਬ, ਹਰਿਆਣਾ ਵਿਚ ਸਥਿਤ ਨੌਵੇਂ ਪਾਤਸ਼ਾਹ ਦੇ ਅਸਥਾਨਾਂ ਤੋਂ ਹੋ ਕੇ ਜਾਵੇਗਾ ਅਤੇ ਮੁੜ ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਆ ਕੇ ਸੰਪੂਰਨ ਹੋਵੇਗਾ।