ਅੰਮ੍ਰਿਤ ਛਕਾਉਣ ਵੇਲੇ ਦਲਿਤ ਸਿੱਖਾਂ ਨੂੰ ‘ਵੱਖਰਾ ਬਾਟਾ’ ਦੇਣ 'ਤੇ ਕੀਤਾ ਜਾਵੇਗਾ ਵਿਰੋਧ- ਨਿਹੰਗ ਜਥੇਬੰਦੀਆਂ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਨਿਹੰਗ ਜਥੇਬੰਦੀਆਂ ਨੇ ਐਲਾਨ ਕੀਤਾ ਕਿ ਵਿਸਾਖੀ ਅਤੇ ਦਿਵਾਲੀ ਮੌਕੇ ਸਰਬੱਤ ਖ਼ਾਲਸਾ ਇਕੱਠਾ ਕੀਤਾ ਜਾਵੇਗਾ।

Nihang Singh

 

ਅਨੰਦਪੁਰ ਸਾਹਿਬ (ਅਰਪਨ ਕੌਰ) : ਇਤਿਹਾਸ ਵੱਲ ਝਾਤ ਮਾਰੀਏ ਤਾਂ ਇਹ ਦੇਖਣ ਨੂੰ ਮਿਲਦਾ ਹੈ ਕਿ ਕਿਸੇ ਵੀ ਖ਼ਾਸ ਦਿਨ ਮੌਕੇ ਗੁਰੂ ਸਾਹਿਬਾਨਾਂ ਵਲੋਂ ਗੁਰੂ ਮਤੇ ਪਾ ਕੇ ਸਿੰਘਾਂ ਦੇ ਹਿੱਤ ਵਿਚ ਫੈਸਲੇ ਜਾਂਦੇ ਸਨ। ਕਾਫ਼ੀ ਲੰਬੇ ਸਮੇਂ ਬਾਅਦ ਹੋਲੇ ਮਹੱਲੇ ਦੇ ਪਾਵਨ ਦਿਹਾੜੇ ਮੌਕੇ ਵੀ ਅਜਿਹਾ ਦੇਖਣ ਨੂੰ ਮਿਲਿਆ ਹੈ। ਇਸ ਮੌਕੇ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਰੰਗਰੇਟਾ ਦਲ ਪੰਥ ਸਮੇਤ ਕਈ ਨਿਹੰਗ ਜਥੇਬੰਦੀਆਂ ਇਕ ਝੰਡੇ ਹੇਠ  ਇਕੱਠੀਆਂ ਹੋਈਆਂ ਅਤੇ ਉਹਨਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿਚ ਸਿੱਖਾਂ ਦੇ ਹਿੱਤ ਵਿਚ ਦੋ ਅਹਿਮ ਗੁਰੂ ਮਤੇ ਪਾਸ ਕੀਤੇ ਗਏ।

Amrit Sanchar

ਇਹਨਾਂ ਵਿਚੋਂ ਪਹਿਲਾ ਮਤਾ ‘ਦਲਿਤ ਸਿੱਖਾਂ’ ਲਈ ਵੱਖਰੇ ਬਾਟੇ ਦੇ ਸਿਧਾਂਤ ਨੂੰ ਖਤਮ ਕਰਨ ਲਈ ਪਾਸ ਕੀਤਾ ਗਿਆ ਕਿਉਂਕਿ ਜਦੋਂ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਤਾਂ ਉਸ ਵੇਲੇ ਉਹਨਾਂ ਨੇ ਸਭ ਤੋਂ ਪਹਿਲਾਂ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਤੇ ਫਿਰ ਆਪ ਛਕਿਆ। ਇਹ ਪੰਜ ਪਿਆਰੇ ਛੋਟੀ ਜਾਤ ਨਾਲ ਸਬੰਧਤ ਸਨ। ਉਹਨਾਂ ਦਾ ਕਹਿਣਾ ਹੈ ਕਿ ਅਜੋਕੇ ਆਗੂ ਅੰਮ੍ਰਿਤ ਦੀ ਦਾਤ ਬਖ਼ਸ਼ਣ ਤੋਂ ਪਹਿਲਾਂ ਸਿੰਘਾਂ ਦੀ ਜਾਤ ਪੁੱਛਦੇ ਹਨ ਅਤੇ ਉਸ ਮਗਰੋਂ ਅੰਮ੍ਰਿਤ ਛਕਾਉਣ ਲਈ ਦੋ ਬਾਟੇ ਰੱਖਦੇ ਹਨ, ਜਿਨ੍ਹਾਂ ਵਿਚੋਂ ਇਕ ਦਲਿਤ ਸਿੱਖਾਂ ਲਈ ਵੱਖਰਾ ਬਾਟਾ ਰੱਖਿਆ ਜਾਂਦਾ ਹੈ।

Nihang Singh

 ਜੋ ਕਿ ਸਿੱਖੀ ਸਿਧਾਤਾਂ ਦੇ ਬਿਲਕੁਲ ਉਲਟ ਹੈ। ਅਜਿਹਾ ਵਤੀਰਾ ਬ੍ਰਹਮਣਵਾਦ ਵੇਲੇ ਕੀਤਾ ਜਾਂਦਾ ਸੀ। ਇਹਨਾਂ ਗੱਲਾਂ ਦਾ ਵਿਰੋਧ ਗੁਰੂ ਨਾਨਕ ਦੇਵ ਜੀ ਦੇ ਵੇਲੇ ਤੋਂ ਹੁੰਦਾ ਆ ਰਿਹਾ ਹੈ। 10ਵੇਂ ਪਾਤਸ਼ਾਹ ਨੇ ਸਿੱਖਾਂ ਨੂੰ ਗੋਤ ਅਤੇ ਜਾਤ ਤੋਂ ਉੱਪਰ ਖ਼ਾਲਸੇ ਦੀ ਉਪਾਧੀ ਨਾਲ ਨਿਵਾਜਿਆ ਸੀ।  

Amrit Sanchar

ਇਸ ਤੋਂ ਇਲਾਵਾ ਨਿਹੰਗ ਜਥੇਬੰਦੀਆਂ ਨੇ ਐਲਾਨ ਕੀਤਾ ਕਿ ਵਿਸਾਖੀ ਅਤੇ ਦਿਵਾਲੀ ਮੌਕੇ ਸਰਬੱਤ ਖ਼ਾਲਸਾ ਇਕੱਠਾ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਗੁਰੂ ਪਾਤਸ਼ਾਹ ਵਲੋਂ ਸਰਬੱਤ ਖ਼ਾਲਸਾ ਇਕੱਠਾ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਇਸ ਲਈ ਨਿਹੰਗ ਸਿੰਘ ਜਥੇਬੰਦੀਆਂ ਇਕ ਝੰਡੇ ਹੇਠ ਸਰਬੱਤ ਖ਼ਾਲਸਾ ਇਕੱਠਾ ਕਰਕੇ ਅਕਾਲ ਤਖ਼ਤ ਸਾਹਿਬ ਲੈ ਕੇ ਜਾਣਗੀਆਂ। ਉਹਨਾਂ ਨੇ ‘ਵੱਖਰੇ ਬਾਟੇ’ ਨੂੰ ਲੈ ਕੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੋਲੋਂ ਜਵਾਬ ਮੰਗਿਆ ਹੈ।