ਸਰਬੱਤ ਦਾ ਭਲਾ ਟਰੱਸਟ ਯਾਤਰੀਆਂ ਦੀ ਸਹੂਲਤ ਲਈ ਖ਼ਰਚੇਗੀ 5 ਕਰੋੜ ਰੁਪਏ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਬਾਬੇ ਨਾਨਕ ਦੀ ਬਦੌਲਤ ਮਿਲਿਆ ਸੇਵਾ ਦਾ ਮੌਕਾ : ਉਬਰਾਏ

Sarbat's Welfare Trust to spend Rs 5 crore

ਅੰਮ੍ਰਿਤਸਰ : ਡੇਰਾ ਬਾਬਾ ਨਾਨਕ ਵਿਖੇ ਬਣ ਰਹੇ ਲਾਂਘੇ ਰਾਹੀਂ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਯਾਤਰੀਆਂ ਨੂੰ ਲੋੜ ਪੈਣ 'ਤੇ ਸਿਹਤ ਸੇਵਾਵਾਂ ਦੇਣ ਤੇ ਉਨ੍ਹਾਂ ਲਈ ਪੀਣ ਵਾਲੇ ਸਾਫ਼ ਪਾਣੀ ਦੇ ਪ੍ਰਬੰਧ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਪਹਿਲੇ ਪੜਾਹ ਤਹਿਤ 5 ਕਰੋੜ ਰੁਪਏ ਖ਼ਰਚੇ ਜਾਣਗੇ। ਇਸ ਸਬੰਧੀ ਲਾਂਘੇ ਦੇ ਕਾਰਜਾਂ ਨੂੰ ਸਮੇਂ ਸਿਰ ਨੇਪਰੇ ਚੜ੍ਹਾਉਣ ਲਈ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਬੀਤੇ ਦਿਨ ਵਿਸ਼ੇਸ਼ ਮੀਟਿੰਗ ਕਰਨ ਉਪਰੰਤ ਅੱਜ ਇਥੇ ਜਾਣਕਾਰੀ ਸਾਂਝੀ ਕਰਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਤੇ ਉੱਘੇ ਸਮਾਜ ਸੇਵੀ ਡਾ.ਐਸ.ਪੀ. ਸਿੰਘ ਉਬਰਾਏ ਨੇ ਦਸਿਆ ਕਿ ਟਰੱਸਟ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਯਾਤਰੀਆਂ ਨੂੰ ਲੋੜ ਪੈਣ 'ਤੇ ਸਿਹਤ ਸੇਵਾਵਾਂ ਦੇਣ ਤੇ ਉਨ੍ਹਾਂ ਲਈ ਪੀਣ ਵਾਲੇ ਸਾਫ਼ ਪਾਣੀ ਦੇ ਪ੍ਰਬੰਧ ਲਈ ਪਹਿਲੇ ਪੜਾਅ ਤਹਿਤ 5 ਕਰੋੜ ਰੁਪਏ ਖ਼ਰਚੇ ਜਾਣਗੇ।

ਉਨ੍ਹਾਂ ਦਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਆਉਣ ਵਾਲੇ ਯਾਤਰੀਆਂ ਨੂੰ ਲੋੜ ਪੈਣ 'ਤੇ ਹਰ ਤਰ੍ਹਾਂ ਦੀਆਂ ਮਿਆਰੀ ਸਿਹਤ ਸਹੂਲਤਾਂ ਦੇਣ ਤੋਂ ਇਲਾਵਾ ਡੇਰਾ ਬਾਬਾ ਨਾਨਕ ਵਿਖੇ ਬਣ ਰਹੇ ਦੂਤਾਵਾਸ ਘਰ, ਯਾਤਰੀਆਂ ਦੇ ਰਹਿਣ ਲਈ ਬਣਨ ਵਾਲੀਆਂ ਸਰਾਵਾਂ ਤੋਂ ਇਲਾਵਾ ਦਰਸ਼ਨਾਂ ਲਈ ਰੋਜ਼ਾਨਾ ਜਾਣ ਲੱਖਾਂ ਯਾਤਰੀਆਂ ਦੇ ਪੀਣ ਲਈ ਸਾਫ਼ ਤੇ ਠੰਡੇ ਪਾਣੀ ਦਾ ਪੁਖ਼ਤਾ ਪ੍ਰਬੰਧ ਕਰੇਗੀ।

ਉਨ੍ਹਾਂ ਦਸਿਆ ਕਿ ਉਨ੍ਹਾਂ ਕੈਬਨਿਟ ਮੰਤਰੀ ਸ. ਰੰਧਾਵਾ ਨਾਲ ਡੇਰਾ ਬਾਬਾ ਨਾਨਕ ਦੇ ਸਰਕਾਰੀ ਹਸਪਤਾਲ ਦੀ ਬਿਲਡਿੰਗ ਦਾ ਵੀ ਜਾਇਜ਼ਾ ਲੈ ਲਿਆ ਗਿਆ ਹੈ, ਟਰੱਸਟ ਵਲੋਂ ਇਸ ਹਸਪਤਾਲ ਦੀ ਹਾਲਤ ਚੰਗੀ ਤਰ੍ਹਾਂ ਸੁਧਾਰੀ ਜਾਵੇਗੀ ਅਤੇ ਇਸ ਤੋਂ ਇਲਾਵਾ ਇਥੇ ਡਾਇਲਸੈੱਸ ਕੇਂਦਰ ਸਥਾਪਤ ਕਰਨ, ਉੱਚ ਪੱਧਰ ਦੀ ਲੈਬਾਰਟਰੀ ਤੇ ਡਾਇਗਨੋਸਟਿਕ ਸੈਂਟਰ ਖੋਲ੍ਹਣ, ਕੈਂਸਰ ਦੀ ਜਾਂਚ ਲਈ ਵਿਸ਼ੇਸ਼ ਯੂਨਿਟ ਲਾਉਣ, ਅਲਟਰਾ ਸਾਊਂਡ, ਡਿਜ਼ੀਟਲ ਐਕਸਰੇ ਦੀ ਸੁਵਿਧਾ ਦੇਣ ਤੋਂ ਇਲਾਵਾ ਲੋੜੀਂਦੀਆਂ ਦਵਾਈਆਂ ਲਈ ਦਵਾਈਆਂ ਦੀ ਦੁਕਾਨ ਤੇ ਡਿਸਪੈਂਸਰੀ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਟਰੱਸਟ ਦੇ ਮੀਡੀਆ ਇੰਚਾਰਜ ਰਵਿੰਦਰ ਸਿੰਘ ਰੋਬਿਨ, ਮਾਝਾ ਜ਼ੋਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਮੀਤ ਪ੍ਰਧਾਨ ਮਨਪ੍ਰੀਤ ਸਿੰਘ ਸੰਧੂ, ਜਨਰਲ ਸਕੱਤਰ ਸੁਖਦੀਪ ਸਿੱਧੂ, ਜੁਆਇੰਟ ਸੈਕਟਰੀ ਨਵਜੀਤ ਸਿੰਘ ਘਈ, ਵਿੱਤ ਸਕੱਤਰ ਹਰਜਿੰਦਰ ਸਿੰਘ ਹੇਰ, ਅਮਰਜੀਤ ਸਿੰਘ ਸੰਧੂ, ਸ਼ਿਵਦੇਵ ਸਿੰਘ ਬੱਲ ਆਦਿ ਟਰੱਸਟ ਮੈਂਬਰ ਮੌਜੂਦ ਸਨ।