ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਕੰਮ ਜਲਦ ਹੋਵੇਗਾ ਪੂਰਾ : ਰਾਮੇਸ਼ ਸਿੰਘ ਖਾਲਸਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਿਹਾ - ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਤੋਂ ਪਹਿਲਾਂ ਸਿੱਖਾਂ ਦੀ ਚਿਰੋਕਣੀ ਲਟਕਦੀ ਮੰਗ ਪੂਰੀ ਕਰਨਗੇ ਤੇ ਇਹ ਮੰਗ ਹੁਣ ਜਲਦ ਹੀ ਪੂਰੀ ਹੋਵੇਗੀ।

Ramesh Singh Khalsa

ਅੰਮ੍ਰਿਤਸਰ : ਪਾਕਿਸਤਾਨ ਸਿੱਖ ਕੌਸਲ ਦੇ ਪ੍ਰਧਾਨ ਅਤੇ ਪਾਕਿਤਸਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਲੋ ਬਣਾਈ ਟਾਸਕ ਫੋਰਸ ਦੇ ਮੈਂਬਰ ਰਾਮੇਸ਼ ਸਿੰਘ ਖਾਲਸਾ ਨੇ ਕਿਹਾ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਕੰਮ ਜਾਰੀ ਹੈ ਤੇ ਇਹ ਕੰਮ ਜਲਦ ਹੀ ਪੂਰਾ ਹੋ ਜਾਵੇਗਾ। ਅੱਜ ਜਾਰੀ ਬਿਆਨ ਵਿਚ ਖਾਲਸਾ ਨੇ ਕਿਹਾ ਕਿ ਪ੍ਰਧਾਨਨ ਮੰਤਰੀ ਇਮਰਾਨ ਖ਼ਾਨ ਨੇ ਸਿੱਖ ਭਾਈਚਾਰੇ ਨਾਲ ਵਾਅਦਾ ਕੀਤਾ ਹੈ ਕਿ ਉਹ ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਤੋਂ ਪਹਿਲਾਂ ਸਿੱਖਾਂ ਦੀ ਚਿਰੋਕਣੀ ਲਟਕਦੀ ਮੰਗ ਪੂਰੀ ਕਰਨਗੇ ਤੇ ਇਹ ਮੰਗ ਹੁਣ ਜਲਦ ਹੀ ਪੂਰੀ ਹੋਵੇਗੀ।

ਉਨ੍ਹਾਂ ਕਿਹਾ ਕਿ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤਾਰਾ ਸਿੰਘ ਨਿਜੀ ਦਿਲਚਸਪੀ ਲੈ ਕੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ ਤੇਜੀ ਨਾਲ ਕਰਵਾਇਆ। ਖਾਲਸਾ ਨੇ ਕਿਹਾ ਕਿ ਔਕਾਫ ਬੋਰਡ ਵੀ ਚਾਹੁੰਦਾ ਹੈ ਕਿ ਸਿੱਖ ਸਾਡੇ ਮੁਲਕ ਵਿਚ ਅਪਣੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਲਈ ਆਉਣ।

ਖਾਲਸਾ ਨੇ ਦਸਿਆ ਕਿ ਸਤੰਬਰ ਮਹੀਨੇ ਤੋਂ ਪਾਕਿਸਤਾਨ ਦੇ ਸਨਅਤੀ ਸ਼ਹਿਰ ਕਰਾਚੀ ਵਿਖੇ ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮ ਸ਼ੁਰੂ ਹੋਣ ਜਾ ਰਹੇ ਹਨ। ਇਸ ਮੌਕੇ ਤੇ ਕਰਾਚੀ ਵਿਖੇ ਇਕ ਅੰਤਰਰਾਸਟਰੀ ਕੀਰਤਨ ਦਰਬਾਰ ਵੀ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਕ ਵਿਸੇਸ਼ ਰੇਲ ਗਡੀ ਕਰਾਚੀ ਤੋਂ ਗੁਰਦਵਾਰਾ ਜਨਮ ਅਸਥਾਨ ਨਨਕਾਣਾ ਸਾਹਿਬ ਤਕ ਲੈ ਜਾਈ ਜਾਵੇਗੀ ਜਿਸ ਰਾਹੀ ਅਸੀ ਬਾਕੀ ਧਰਮਾਂ ਦੇ ਲੋਕਾਂ ਨੂੰ ਬਾਬੇ ਨਾਨਕ ਦੇ ਸਿਧਾਤਾਂ ਬਾਰੇ ਜਾਣਕਾਰੀ ਪ੍ਰਦਾਨ ਕਰਾਂਗੇ।