ਕਰਤਾਰਪੁਰ ਲਾਂਘੇ 'ਤੇ ਪਿਆ ਧਾਰਾ 370 ਹਟਾਏ ਜਾਣ ਦਾ ਸੇਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਾਕਿਸਤਾਨ ਨੇ ਬੰਦ ਕੀਤਾ ਲਾਂਘੇ ਦਾ ਕੰਮ

Kartarpur Corridor

ਪੰਜਾਬ- ਜੰਮੂ-ਕਸ਼ਮੀਰ ਤੋਂ ਧਾਰਾ 370 ਅਤੇ 35ਏ ਹਟਾਉਣ ਤੋਂ ਬਾਅਦ ਸਿੱਖ ਸ਼ਰਧਾਲੂਆਂ ਲਈ ਖੋਲ੍ਹੇ ਜਾ ਰਹੇ ਕਰਤਾਰਪੁਰ ਲਾਂਘੇ 'ਤੇ ਵੀ ਸੰਕਟ ਦੇ ਬੱਦਲ ਮੰਡਰਾਉਂਦੇ ਨਜ਼ਰ ਆ ਰਹੇ ਹਨ। ਪਾਕਿਸਤਾਨ ਨੇ ਜਿੱਥੇ ਭਾਰਤ ਦੇ ਨਾਲ ਵਪਾਰ 'ਤੇ ਰੋਕ ਲਗਾ ਕੇ ਅਪਣੇ ਰਾਜਦੂਤ ਨੂੰ ਵਾਪਸ ਬੁਲਾ ਲਿਆ ਹੈ। ਉਥੇ ਹੁਣ ਕਰਤਾਰਪੁਰ ਲਾਂਘੇ 'ਤੇ ਵੀ ਪਿਛਲੇ 6 ਦਿਨਾਂ ਤੋਂ ਕੰਮ ਨੂੰ ਰੋਕ ਦਿੱਤਾ ਗਿਆ ਹੈ।

ਭਾਵੇਂ ਕਿ ਪਾਕਿਸਤਾਨ ਵੱਲੋਂ ਵੀ ਕਰਤਾਰਪੁਰ ਲਾਂਘੇ ਦਾ ਕੰਮ ਜਾਰੀ ਰੱਖਣ ਦੀ ਗੱਲ ਆਖੀ ਗਈ ਸੀ ਪਰ ਪਿਛਲੇ ਕਰੀਬ ਇਕ ਹਫ਼ਤੇ ਤੋਂ ਇੱਥੇ ਕੰਮ ਬੰਦ ਕਰ ਦਿੱਤਾ ਗਿਆ ਹੈ ਜਦਕਿ ਭਾਰਤ ਵਾਲੇ ਪਾਸੇ ਤੋਂ ਲਾਂਘੇ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। 177 ਕਰੋੜ ਰੁਪਏ ਦੀ ਲਾਗਤ ਨਾਲ ਇਕ ਪੈਸੰਜਰ ਟਰਮੀਨਲ ਬਿਲਡਿੰਗ ਬਣਾਈ ਜਾ ਰਹੀ ਹੈ। ਇਸ ਤੋਂ ਇਲਾਵਾ ਕਾਰ ਪਾਰਕਿੰਗ, ਫੂਡ ਕੋਰਟ ਆਦਿ ਬਣਾਏ ਜਾ ਰਹੇ ਹਨ।

ਤਾਂ ਕਿ 12 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਸਹੂਲਤ ਹੋ ਸਕੇ। ਭਾਵੇਂ ਕਿ ਪਾਕਿਸਤਾਨ ਵੱਲੋਂ ਵੀ ਧਾਰਾ 370 ਦੇ ਖ਼ਾਤਮੇ ਮਗਰੋਂ ਵੀ ਕਰਤਾਰਪੁਰ ਕਾਰੀਡੋਰ ਦਾ ਕੰਮ ਜਾਰੀ ਰੱਖਿਆ ਗਿਆ ਸੀ ਪਰ ਪਿਛਲੇ ਕਰੀਬ 6 ਦਿਨਾਂ ਤੋਂ ਇਸ ਕੰਮ ਨੂੰ ਬੰਦ ਕਰ ਦਿੱਤਾ ਗਿਆ ਹੈ। ਪਾਕਿਸਤਾਨ ਵੱਲੋਂ ਲਾਂਘੇ ਦਾ ਕੰਮ ਰੋਕੇ ਜਾਣ ਨਾਲ ਇਸ ਪ੍ਰੋਜੈਕਟ ਦੇ ਨਵੰਬਰ ਤਕ ਪੂਰਾ ਹੋਣ 'ਤੇ ਸ਼ੱਕ ਦੇ ਬੱਦਲ ਮੰਡਰਾਉਣ ਲੱਗੇ ਹਨ।

ਪਾਕਿਸਤਾਨ ਵੱਲੋਂ ਕਰਤਾਰਪੁਰ ਕਾਰੀਡੋਰ ਦਾ ਕੰਮ ਸ਼ੁਰੂ ਕੀਤਾ ਜਾਵੇਗਾ ਜਾਂ ਨਹੀਂ, ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ। ਖ਼ਬਰਾਂ ਇਹ ਵੀ ਆ ਰਹੀਆਂ ਨੇ ਕਿ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਨੇ ਪਾਕਿਸਤਾਨ ਵਿਚ ਕੀਤੇ ਜਾਣ ਵਾਲੇ ਨਿਵੇਸ਼ ਨੂੰ ਰੋਕ ਦਿੱਤਾ ਹੈ। ਜਿਸ ਕਰਕੇ ਇਹ ਕੰਮ ਰੋਕਿਆ ਹੋ ਸਕਦਾ ਹੈ। ਹੋਰ ਤਾਂ ਹੋਰ ਪਾਕਿਸਤਾਨ ਨੇ ਹਾਲ ਹੀ ਵਿਚ ਭਾਰਤ ਵੱਲੋਂ ਤਕਨੀਕੀ ਮਾਹਿਰਾਂ ਦੀ ਮੀਟਿੰਗ ਲਈ ਭੇਜੇ ਗਏ ਰਿਮਾਈਂਡਰ ਦਾ ਵੀ ਕੋਈ ਜਵਾਬ ਨਹੀਂ ਦਿੱਤਾ। ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਸਿੱਖਾਂ ਵੱਲੋਂ ਉਮੀਦ ਜਤਾਈ ਜਾ ਰਹੀ ਹੈ

ਕਿ ਪਾਕਿਸਤਾਨ ਸਿੱਖ ਸਮਾਜ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਮੇਂ ਸਿਰ ਲਾਂਘੇ ਦਾ ਕੰਮ ਨੇਪਰੇ ਚਾੜ੍ਹੇਗਾ ਪਰ ਪਾਕਿਸਤਾਨ ਨੇ ਕੰਮ ਜਾਰੀ ਰੱਖਣ ਦੀ ਗੱਲ ਆਖਣ ਦੇ ਬਾਵਜੂਦ ਕਰਤਾਰਪੁਰ ਲਾਂਘੇ ਦਾ ਕੰਮ ਬੰਦ ਕਿਉਂ ਕੀਤਾ ਹੈ। ਇਸ ਨੂੰ ਲੈ ਕੇ ਸਵਾਲ ਉਠਣ ਲੱਗੇ ਹਨ। ਖ਼ੈਰ ਇਸ ਨੂੰ ਲੈ ਕੇ ਪਾਕਿਸਤਾਨ ਦੇ ਬਿਆਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਤਾਂ ਜੋ ਕਰਤਾਰਪੁਰ ਲਾਂਘੇ ਦੇ ਬੰਦ ਪਏ ਕੰਮ ਨੂੰ ਲੈ ਕੇ ਸਥਿਤੀ ਸਪੱਸ਼ਟ ਹੋ ਸਕੇ।