ਰਾਸ਼ਟਰੀ ਸਿੱਖ ਸੰਗਤ ਦੇ ਕਾਰਕੁਨ ਸਿੱਖ ਇਤਿਹਾਸ ਨਾਲ ਛੇੜਛਾੜ ਨਾ ਕਰਨ : ਦਿਲਜੀਤ ਸਿੰਘ ਬੇਦੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਗੁਰਦਾਸਪੁਰ ਤੋਂ ਨਨਕਾਣਾ ਸਾਹਿਬ ਤਕ ਰੇਲ ਯਾਤਰਾ ਸ਼ੁਰੂ ਹੋਵੇ

Diljit Singh Bedi

ਅੰਮ੍ਰਿਤਸਰ  (ਚਰਨਜੀਤ ਸਿੰਘ, ਸੁਖਵਿੰਦਰਜੀਤ ਸਿੰਘ ਬਹੋੜੂ): ਗੁਰਦਵਾਰਾ ਕਰਤਾਰਪੁਰ ਸਾਹਿਬ ਨੂੰ ਜਾਣ ਵਾਲਾ ਲਾਂਘਾ ਭਾਰਤ ਪਾਕਿਸਤਾਨ ਸਰਕਾਰ ਵਲੋਂ ਖੋਲ੍ਹੇ ਜਾਣਾ ਬਹੁਤ ਹੀ ਸ਼ਲਾਘਾਯੋਗ ਤੇ ਦੋਹਾਂ ਦੇਸ਼ਾਂ ਵਿਚਲੀ ਕੁੜੱਤਣ ਨੂੰ ਘਟਾਉਣ ਦਾ ਇਕ ਚੰਗਾ ਸਾਧਨ  ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਪੁਰਾਣਾ ਰੇਲ ਰਸਤਾ ਗੁਰਦਾਸਪੁਰ ਤੋਂ ਨਨਕਾਣਾ ਸਾਹਿਬ ਜੋ ਹੋਇਆ ਕਰਦਾ ਸੀ, ਨੂੰ ਵੀ ਚਾਲੂ ਕਰਨ ਲਈ ਦੋਹੇਂ ਸਰਕਾਰਾਂ ਨੂੰ ਹਲੀਮੀ ਤੇ ਮਿਲਵਰਤਣ ਵਿਖਾਉਣਾ ਚਾਹੀਦਾ ਹੈ।

ਇਹ ਮੰਗ ਕਰਦਿਆਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਅਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਕਈ ਦੇਸ਼ ਅਪਣੀਆਂ ਸਰਹੱਦਾਂ ਵਿਚਲੀਆਂ ਵਿੱਥਾਂ ਮਿਟਾ ਕੇ ਇਕ ਹੋਏ ਹਨ। ਉਨ੍ਹਾਂ ਕਿਹਾ ਕਿ 1947 ਵੇਲੇ ਭਾਰਤ ਪਾਕਿ ਦੀ ਵੰਡ ਦੋਹਾਂ ਦੇਸ਼ਾਂ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਉਲਟ ਰਾਜਸੀ ਲੋਕਾਂ ਦੀ ਗ਼ਲਤੀ ਸੀ।

ਇਸੇ ਤਰ੍ਹਾਂ ਬੰਗਲਾ ਦੇਸ਼ ਵੀ ਪ੍ਰਗਟ ਹੋਇਆ। ਉਨ੍ਹਾਂ ਕਿਹਾ ਕਿ ਸਰਹੱਦਾਂ 'ਤੇ ਪਾਬੰਦੀਆਂ ਲੱਗੀਆਂ ਏਨੀਆਂ ਸਰਲ ਤੇ ਸਹਿਜ ਹੋਣੀਆਂ ਚਾਹੀਦੀਆਂ ਹਨ ਕਿ 1947 ਸਮੇਂ ਦੇ ਵਿਛੜੇ ਪਰਵਾਰਾਂ ਨੂੰ ਆਪਣਿਆਂ ਕੋਲ ਆਉਣ ਜਾਣ ਦੀ ਦਿੱਕਤ ਨਾ ਹੋਵੇ। ਸ. ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਬੁਹਤ ਸਾਰੇ ਧਾਰਮਕ ਮਾਮਲੇ ਅਜਿਹੇ ਵੀ ਹਨ ਜਿਨ੍ਹਾਂ ਵਿਚ ਭਾਰਤ ਅੰਦਰ ਹੀ ਸਿੱਖਾਂ ਨਾਲ ਮਤਰੇਈਆਂ ਵਾਲਾ ਸਲੂਕ ਅਪਣਾਇਆ ਜਾ ਰਿਹਾ ਹੈ।

ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦਿਆਂ ਕਿਹਾ ਕਿ ਇਕ ਰਾਸ਼ਟਰ ਦੇ ਨਾਂ ਥੱਲੇ ਘੱਟ ਗਿਣਤੀ ਕੌਮਾਂ ਦੇ ਇਤਿਹਾਸ ਨਾਲ ਛੇੜਛਾੜ ਕਰ ਕੇ ਵਿਗਾੜਿਆ ਨਾ ਜਾਵੇ। ਉਨ੍ਹਾਂ ਸਪੱਸ਼ਟ ਕਰਦਿਆਂ ਕਿਹਾ ਕਿ ਅਯੁਧਿਆ ਮਾਮਲੇ ਵਿਚ ਜੋ ਅਦਾਲਤੀ ਫ਼ੈਸਲਾ ਸਾਹਮਣੇ ਆਇਆ ਹੈ, ਵਿਚ ਰਜਿੰਦਰ ਨਾਮੀ ਵਿਅਕਤੀ ਜੋ ਰਾਸ਼ਟਰੀ ਸਿੱਖ ਸੰਗਤ ਦਾ ਇਕ ਗਵਾਹ ਵਜੋਂ ਪੇਸ਼ ਹੋਇਆ ਹੈ ਜਿਸ ਵਲੋਂ ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਯੁਧਿਆ ਜਾਣ ਸਬੰਧੀ ਦਿਤੇ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਹੈ।

ਉਨ੍ਹਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਦੀ ਯਾਦ ਨਾਲ ਜੁੜੇ ਕਿਸੇ ਵੀ ਸਥਾਨ ਦੀ ਭੰਨਤੋੜ ਜਾਂ ਛੇੜਛਾੜ ਨਹੀਂ ਕੀਤੀ ਜਾਣੀ ਚਾਹੀਦੀ। ਉਨ੍ਹਾਂ ਕਿਹਾ ਕਿ ਇਕ ਪਾਸੇ ਗੁਰੂ ਨਾਨਕ ਸਾਹਿਬ ਦੀ ਸ਼ਤਾਬਦੀ ਮਨਾਈ ਗਈ ਹੈ ਅਤੇ ਉਸ ਨਾਲ ਸਬੰਧਤ ਵੱਡੇ ਸਮਾਗਮ ਸੰਗਤਾਂ ਮਨਾ ਰਹੀਆਂ ਹਨ। ਦੂਜੇ ਪਾਸੇ ਗੁਰੂ ਸਾਹਿਬ ਨਾਲ ਜੁੜੇ ਪੁਰਾਤਨ ਅਸਥਾਨਾਂ ਅਤੇ ਇਤਿਹਾਸ ਨਾਲ ਛੇੜਛਾੜ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਹੁਣ ਗੁਰੂ ਸਾਹਿਬ ਨਾਲ ਸਬੰਧਤ ਸਥਾਨ ਮੰਗੂਮੱਠ ਜੋ ਪੁਰੀ ਵਿਖੇ ਸਥਿਤ ਹੈ ਨਾਲ ਛੇੜਛਾੜ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ, ਗੁਰਦਵਾਰਾ ਗਿਆਨ ਗੋਦੜੀ, ਗੁਰਦੁਆਰਾ ਗੁਰਡਾਂਗਮਾਰ ਦੇ ਪ੍ਰਬੰਧ, ਕੁੱਝ ਹੋਰ ਅਸਥਾਨ ਵੀ ਹਨ ਜਿਨ੍ਹਾਂ ਦੇ ਪੁਨਰ ਨਿਰਮਾਣ ਦਾ ਮਾਮਲਾ ਵੀ ਕਾਫ਼ੀ ਸਾਲਾਂ ਤੋਂ ਲਟਕਿਆ ਹੋਇਆ ਹੈ, ਦਾ ਸਦੀਵੀ ਹੱਲ ਕਢਿਆ ਜਾਣਾ ਚਾਹੀਦਾ ਹੈ।