ਡੈਲਾਵੇਅਰ ਨੇ ਅਪ੍ਰੈਲ-2019 ਨੂੰ 'ਸਿੱਖ ਅਵੇਅਰਨੈਸ ਐਂਡ ਐਪਰੀਸੀਏਸ਼ਨ ਮੰਥ' ਘੋਸ਼ਿਤ ਕੀਤਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਡੈਲਾਵੇਅਰ ਅਤੇ ਅਮਰੀਕੀ ਰਾਜਾਂ 'ਚ ਸਿੱਖ ਅਮਰੀਕੀਆਂ ਨੇ ਸ਼ਾਨਦਾਰ ਯੋਗਦਾਨ ਦਿਤਾ : ਜੌਨ ਕਾਰਨੀ

Delaware governor

ਵਾਸ਼ਿੰਗਟਨ : ਡੈਲਾਵੇਅਰ ਦੇ ਗਵਰਨਰ ਜੌਨ ਕਾਰਨੀ ਨੇ ਅਪ੍ਰੈਲ-2019 ਨੂੰ 'ਡੈਲਾਵੇਅਰ ਸਿੱਖ ਅਵੇਅਰਨੈਸ ਐਂਡ ਐਪਰੀਸੀਏਸ਼ਨ ਮੰਥ' ਐਲਾਨ ਕਰਨ ਦੇ ਇਕ ਸਰਕਾਰੀ ਐਲਾਨ 'ਤੇ ਦਸਤਖ਼ਤ ਕੀਤੇ ਹਨ। ਇਹ ਕਦਮ ਸਿੱਖਾਂ ਵਲੋਂ ਰਾਜ ਦੇ ਆਰਥਕ ਅਤੇ ਸਮਾਜਕ ਖੇਤਰ ਵਿਚ ਕੀਤੇ ਗਏ ਯੋਗਦਾਨ ਨੂੰ ਦੇਖਦਿਆਂ ਚੁਕਿਆ ਗਿਆ ਹੈ। 

ਕੀਤੇ ਗਏ ਐਲਾਨ ਵਿਚ ਕਾਰਨੀ ਨੇ ਕਿਹਾ ਕਿ ਡੈਲਾਵੇਅਰ ਅਤੇ ਅਮਰੀਕੀ ਰਾਜਾਂ ਵਿਚ ਸਿੱਖ ਅਮਰੀਕੀਆਂ ਨੇ ਸ਼ਾਨਦਾਰ ਯੋਗਦਾਨ ਦਿਤਾ ਹੈ। ਇਸ ਤੋਂ ਪਹਿਲਾਂ ਡੈਲਾਵੇਅਰ ਹਾਊਸ ਆਫ਼ ਰੀਪ੍ਰੀਜੈਂਟੇਟੇਟਿਵ ਐਂਡ ਸੈਨੇਟ ਨੇ ਸਰਬਸੰਮਤੀ ਨਾਲ ਅਪ੍ਰੈਲ-2019 ਨੂੰ 'ਡੈਲਾਵੇਅਰ ਸਿੱਖ ਅਵੇਅਰਨੈਸ ਐਂਡ ਐਪਰੀਸੀਏਸ਼ਨ ਮੰਥ' ਐਲਾਨ ਕਰਨ ਲਈ ਇਕ ਪ੍ਰਸਤਾਵਤ ਪ੍ਰਸਤਾਵ ਪਾਸ ਕਰਨ ਦਾ ਐਲਾਨ ਕੀਤਾ। ਡੈਲਾਵੇਅਰ ਸਿੱਖ ਅਵੇਅਰਨੈਸ ਕੋਇਲਿਸ਼ਨ (ਡੀ.ਐਸ.ਏ.ਸੀ.) ਦੇ ਪ੍ਰਧਾਨ ਚਰਨਜੀਤ ਸਿੰਘ ਮਿਨਹਾਸ ਨੇ ਦਸਿਆ ਕਿ ਇਸ ਸਾਲ ਦਾ ਪ੍ਰਸਤਾਵ ਵਿਸ਼ੇਸ਼ ਮਹੱਤਵ ਰੱਖਦਾ ਹੈ ਕਿਉਂਕਿ ਇਸ ਸਾਲ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550ਵੀਂ ਵਰ੍ਹੇਗੰਢ ਹੈ। ਸਦਨ ਵਿਚ ਪ੍ਰਸਤਾਵ ਪੇਸ਼ ਕਰਨ ਤੋਂ ਪਹਿਲਾਂ ਡੀ.ਐਸ.ਏ.ਸੀ. ਨੇ ਵੱਖ-ਵੱਖ ਧਾਰਮਕ ਆਗੂਆਂ ਲਈ ਇਕ ਭੋਜਨ ਸੈਸ਼ਨ ਅਤੇ ਪੇਸ਼ਕਾਰੀ ਦਾ ਆਯੋਜਨ ਕੀਤਾ ਸੀ ਜਿਸ ਵਿਚ ਬਾਬੇ ਨਾਨਕ ਦੀਆਂ ਸਿਖਿਆਵਾਂ ਦੇ ਸਾਰੇ ਪਹਿਲੂਆਂ ਅਤੇ ਉਨ੍ਹਾਂ ਦੀ ਮਹੱਤਤਾ 'ਤੇ ਚਰਚਾ ਕੀਤੀ ਗਈ।

ਮਿਨਹਾਸ ਨੇ ਦਸਿਆ,''ਕਾਰਵਾਈ ਦੇ ਦਿਨ ਸੈਸ਼ਨ ਦੌਰਾਨ ਕਰੀਬ 100 ਮਹਿਮਾਨਾਂ ਨੂੰ ਸ਼ਾਮਲ ਹੁੰਦੇ ਦੇਖਣਾ ਅਦਭੁੱਤ ਸੀ।'' ਇਸ ਆਯੋਜਨ ਵਿਚ ਭਾਰਤੀ ਦੂਤਘਰ ਦੇ ਕਮਿਊਨਿਟੀ ਮਾਮਲਿਆਂ ਦੇ ਮੰਤਰੀ ਅਨੁਰਾਗ ਕੁਮਾਰ ਸਮੇਤ ਡੈਲਾਵੇਅਰ ਦੇ ਯਹੂਦੀ, ਈਸਾਈ, ਹਿੰਦੂ ਅਤੇ ਮੁਸਲਿਮ ਭਾਈਚਾਰਿਆਂ ਦੇ ਵੱਖ-ਵੱਖ ਪ੍ਰਤੀਨਿਧੀਆਂ ਨੇ ਹਿੱਸਾ ਲਿਆ। (ਪੀ.ਟੀ.ਆਈ)