ਅਕਾਲੀ ਦਲ ਦੇ ਵਫ਼ਦ ਨੇ ਐਸਆਈਟੀ ਨਾਲ ਮੁਲਾਕਾਤ ਕਰ ਕੇ, ਕਮਲ ਨਾਥ ਨੂੰ ਗ੍ਰਿਫ਼ਤਾਰ ਕਰਨ ਦੀ ਕੀਤੀ ਮੰਗ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਨਵੰਬਰ 84 ਵਿਚ ਗੁਰਦਵਾਰਾ ਰਕਾਬ ਗੰਜ ਸਾਹਿਬ 'ਤੇ ਹਮਲੇ ਦਾ ਮਾਮਲਾ 

Manjinder Singh Sirsa

ਨਵੀਂ ਦਿੱਲੀ : ਨਵੰਬਰ 1984 ਦੇ ਮਾਮਲਿਆਂ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੂੰ ਅੱਜ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਹੇਠ ਇਕ ਵਫ਼ਦ ਨੇ ਮਿਲ ਕੇ, ਕਾਂਗਰਸੀ ਆਗੂ ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਵਿਰੁਧ ਗਵਾਹਾਂ ਦੇ ਨਾਂਅ ਸੌਂਪ ਕੇ, ਮੰਗ ਕੀਤੀ ਹੈ ਕਿ ਪਾਰਲੀਮੈਂਟ ਥਾਣੇ ਵਿਚ ਦਰਜ ਐਫ਼ਆਈਆਰ ਨੰਬਰ 601/84 ਵਿਚ ਕਮਲ ਨਾਥ ਦਾ ਨਾਂਅ ਸ਼ਾਮਲ ਕਰ ਕੇ, 1 ਨਵੰਬਰ 1984 ਨੂੰ ਗੁਰਦਵਾਰਾ ਰਕਾਬ ਗੰਜ ਸਾਹਿਬ 'ਤੇ ਹਮਲਾਵਰ ਹੋਈਆਂ ਭੂਤਰੀਆਂ ਭੀੜਾਂ ਨੂੰ ਸ਼ਹਿ ਦੇਣ ਵਿਚ ਉਸ ਦੇ ਰੋਲ ਦੀ ਨਿਸ਼ਾਨਦੇਹੀ ਕੀਤੀ ਜਾਵੇ ਅਤੇ ਉਸ ਨੂੰ ਤੁਰਤ ਗ੍ਰਿਫ਼ਤਾਰ ਕੀਤਾ ਜਾਵੇ।

ਵਫ਼ਦ ਵਿਚ ਕਮੇਟੀ ਪ੍ਰਧਾਨ ਦੇ ਨਾਲ ਜਨਰਲ ਸਕੱਤਰ ਸ.ਹਰਮੀਤ ਸਿੰਘ ਕਾਲਕਾ, ਸ.ਕੁਲਵੰਤ ਸਿੰਘ ਬਾਠ ਤੇ ਸ.ਜਗਦੀਪ ਸਿੰਘ ਕਾਹਲੋਂ ਸ਼ਾਮਲ ਸਨ। ਐਸਆਈਟੀ ਨੇ ਵਫ਼ਦ ਨੂੰ ਭਰੋਸਾ ਦਿਤਾ ਹੈ ਕਿ ਉਹ ਚਸ਼ਮਦੀਦ ਗਵਾਹਾਂ ਦੇ ਬਿਆਨ ਦਰਜ ਕੀਤੇ ਜਾਣਗੇ ਤੇ ਹੋਰ ਗਵਾਹਾਂ ਦਾ ਪਤਾ ਲਾਇਆ ਜਾਵੇਗਾ। ਇਸ ਬਾਰੇ ਬੀਤੇ ਦਿਨ ਅਕਾਲੀ ਦਲ ਦੇ ਵਫ਼ਦ ਨੇ ਗ੍ਰਹਿ  ਮੰਤਰਾਲੇ ਦੇ ਆਲਾ ਅਫ਼ਸਰਾਂ ਨਾਲ ਵੀ ਮੁਲਾਕਾਤ ਕੀਤੀ ਸੀ। ਇਥੇ ਖ਼ਾਨ ਮਾਰਕੀਟ ਦੇ ਸੀ ਵਿੰਗ ਵਿਚ ਬਣੇ ਹੋਏ

ਦਫ਼ਤਰ ਵਿਚ ਐਸਆਈਟੀ ਚੇਅਰਮੈਨ ਅਨੁਰਾਗ ਨੂੰ ਮਿਲਣ ਪਿਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ.ਸਿਰਸਾ ਨੇ ਕਿਹਾ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਦੀ ਹਦਾਇਤ ਪਿਛੋਂ ਅੱਜ ਅਸੀ ਐਸਆਈਟੀ ਅਫ਼ਸਰਾਂ ਨੂੰ ਕਮਲਨਾਥ ਵਿਰੁਧ ਗਵਾਹ ਮੁਖਤਿਆਰ ਸਿੰਘ ਤੇ ਪੱਤਰਕਾਰ ਸੰਜੇ ਸੂਰੀ ਦੇ ਨਾਂਅ ਦਿਤੇ ਹਨ ਤੇ ਦਸਿਆ ਹੈ ਕਿ ਕਿਸ ਤਰ੍ਹਾਂ ਕਾਂਗਰਸੀ ਆਗੂ ਦੀ ਅਗਵਾਈ ਹੇਠ ਗੁਰਦਵਾਰਾ ਰਕਾਬ ਗੰਜ ਸਾਹਿਬ 'ਤੇ ਹਮਲੇ ਵਿਚ ਦੋ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿਤਾ ਗਿਆ ਸੀ। ਸਾਨੂੰ ਉਮੀਦ ਹੈ ਕਿ ਛੇਤੀ ਕਮਲ ਨਾਥ ਗ੍ਰਿਫ਼ਤਾਰ ਕੀਤਾ ਜਾਵੇਗਾ।