ਕੈਪਟਨ ਨੇ ਪਾਕਿਸਤਾਨ ਤੋਂ ਜਜ਼ੀਆ ਲਾਉਣ ਦੇ ਪ੍ਰਸਤਾਵ ਨੂੰ ਵਾਪਸ ਲੈਣ ਦੀ ਮੰਗ ਦੁਹਰਾਈ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਭਾਰਤ ਵਾਲੇ ਪਾਸੇ ਦਾ ਕੰਮ 30 ਅਕਤੂਬਰ ਤਕ ਮੁਕੰਮਲ ਹੋਣ ਦਾ ਵਿਸ਼ਵਾਸ ਪ੍ਰਗਟਾਇਆ

Capt Amarinder reiterates demand withdrawal Pak's proposed 'jizya'Kartarpur visitors

ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੀ ਫ਼ੀਸ ਦਾ ਮਾਮਲਾ
ਡੇਰਾ ਬਾਬਾ ਨਾਨਕ, ਬਟਾਲਾ (ਭੱਲਾ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਪਾਕਿਸਤਾਨ ਵਲੋਂ ਇਤਿਹਾਸਕ ਗੁਰਦਵਾਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂਆਂ 'ਤੇ ਸਰਵਿਸ ਚਾਰਜ ਲਾਉਣ ਦੇ ਪ੍ਰਸਤਾਵ ਨੂੰ ਵਾਪਸ ਲੈਣ ਦੀ ਮੰਗ ਦੁਹਰਾਉਂਦਿਆਂ ਇਸ ਦੀ ਤੁਲਨਾ ਮੁਗਲ ਕਾਲ ਦੌਰਾਨ ਮੁਸਲਿਸ ਦੇਸ਼ਾਂ ਵਿਚ ਗ਼ੈਰ-ਮੁਸਲਿਮਾਂ ਉਤੇ ਲਾਏ ਜਾਂਦੇ ਜਜ਼ੀਆ ਟੈਕਸ ਨਾਲ ਕੀਤੀ।

ਮੁੱਖ ਮੰਤਰੀ ਨੇ ਬਾਦਸ਼ਾਹ ਅਕਬਰ ਵਲੋਂ ਅਪਣੇ ਕਾਰਜਕਾਲ ਦੌਰਾਨ ਲਾਏ ਵਿਵਾਦਿਤ ਟੈਕਸ ਦਾ ਹਵਾਲਾ ਦਿੰਦਿਆਂ ਕਿਹਾ ਕਿ ਪਾਕਿਸਤਾਨ ਵਲੋਂ ਸ਼ਰਧਾਲੂਆਂ ਉਤੇ 20 ਡਾਲਰ ਸਰਵਿਸ ਚਾਰਜ ਲਾਉਣ ਦੇ ਪ੍ਰਸਤਾਵ ਨੂੰ ਸਿੱਖ ਫ਼ਲਸਫ਼ੇ ਦੀ ਮੂਲ ਭਾਵਨਾ ਵਿਰੁਧ ਹੈ ਜਿਸ ਵਿਚ ਵੰਡ ਤੋਂ ਬਾਅਦ ਪਾਕਿਸਤਾਨ ਵਿਚ ਰਹਿ ਗਏ ਗੁਰਧਾਮਾਂ ਦੇ ਖੁਲ੍ਹੇ ਦਰਸ਼ਨ ਦੀਦਾਰ ਕਰਨ ਦੀ ਅਰਦਾਸ ਕੀਤੀ ਜਾਂਦੀ ਹੈ।

ਡੇਰਾ ਬਾਬਾ ਨਾਨਕ ਜਿਥੇ ਉਹ ਕਰਤਾਰਪੁਰ ਲਾਂਘੇ ਦੇ ਕੰਮ ਦਾ ਜਾਇਜ਼ਾ ਲੈਣ ਪੁੱਜੇ ਸਨ, ਵਿਖੇ ਮੀਡੀਆ ਕਰਮੀਆਂ ਨਾਲ ਗ਼ੈਰ-ਰਸਮੀ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਪਹਿਲਾਂ ਹੀ ਇਸ ਮਾਮਲੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਖ਼ਲ ਦੀ ਮੰਗ ਕਰ ਚੁੱਕੇ ਹਨ ਕਿ ਉਹ ਪਾਕਿਸਤਾਨ ਉਤੇ ਇਸ ਪ੍ਰਸਤਾਵਿਤ ਸਰਵਿਸ ਚਾਰਜ ਨੂੰ ਵਾਪਸ ਲੈਣ ਲਈ ਦਬਾਅ ਪਾਉਣ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਸੁਝਾਅ ਦਿਤਾ ਸੀ ਕਿ ਵਿਦੇਸ਼ ਮੰਤਰਾਲਾ ਦੁਵੱਲੀ ਮੀਟਿੰਗ ਵਿਚ ਇਸ ਦੇ ਜਲਦ ਹੱਲ ਦਾ ਮਾਮਲਾ ਚੁੱਕੇ।

ਮੁੱਖ ਮੰਤਰੀ ਨੇ ਭਰੋਸਾ ਜ਼ਾਹਰ ਕੀਤਾ ਕਿ ਭਾਰਤ ਵਾਲੇ ਪਾਸੇ ਕਰਤਾਰਪੁਰ ਲਾਂਘੇ ਦਾ ਕੰਮ 30 ਅਕਤੂਬਰ ਤਕ ਮੁਕੰਮਲ ਹੋ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਪਾਕਿਸਤਾਨ ਵਾਲੇ ਪਾਸੇ ਵਿਕਾਸ ਦੀ ਗਤੀ 'ਤੇ ਚਿੰਤਾ ਜ਼ਾਹਰ ਕੀਤੀ। ਲਾਂਘੇ ਨਾਲ ਸੁਰੱਖਿਆ ਚੁਣੌਤੀ ਪੈਦਾ ਹੋਣ ਬਾਰੇ ਸਵਾਲ ਦੇ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਇਸ ਸਬੰਧ ਨਿਰੰਤਰ ਚੌਕਸੀ ਰੱਖਣ ਦੀ ਲੋੜ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਵਖਰੇਵਿਆਂ ਬਾਰੇ ਪੁੱਛੇ ਜਾਣ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਸੁਖਾਵੇਂ ਮਾਹੌਲ ਵਿੱਚ ਗੱਲਬਾਤ ਚੱਲ ਰਹੀ ਹੈ

ਅਤੇ ਉਨ੍ਹਾਂ ਦੇ ਕੈਬਨਿਟ ਸਾਥੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਾਰੇ ਮਸਲਿਆਂ ਨੂੰ ਸੁਖਾਵੇਂ ਢੰਗ ਨਾਲ ਸੁਲਝਾਉਣ ਲਈ ਬੁਧਵਾਰ ਨੂੰ ਸ਼੍ਰੋਮਣੀ ਕਮੇਟੀ ਦੇ ਨੁਮਾਇੰਦਿਆਂ ਨਾਲ ਮੀਟਿੰਗ ਵੀ ਕੀਤੀ। ਮੁੱਖ ਮੰਤਰੀ ਨੇ ਇਕ ਵਾਰ ਫੇਰ ਇਸ ਇਤਿਹਾਸਕ ਦਿਹਾੜੇ ਦੀ ਅਹਿਮੀਅਤ ਨੂੰ ਸਨਮੁਖ ਰੱਖਦਿਆਂ ਸੌੜੇ ਸਿਆਸੀ ਹਿੱਤ ਲਾਂਭੇ ਰੱਖ ਕੇ ਇਸ ਨੂੰ ਸਾਂਝੇ ਤੌਰ 'ਤੇ ਮਨਾਉਣ ਦੀ ਅਪੀਲ ਕੀਤੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।