1000 ਪੰਨਿਆਂ ਦੀ ਰਿਪੋਰਟ 'ਚ ਕਮਿਸ਼ਨ ਮੈਂਬਰਾਂ ਦੇ ਦਸਤਖ਼ਤ ਕੇਵਲ ਅਖ਼ੀਰਲੇ ਪੰਨੇ 'ਤੇ: ਹਵਾਰਾ ਕਮੇਟੀ
ਮਾਮਲਾ ਲਾਪਤਾ 328 ਸੂਰਪਾਂ ਦਾ
ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਪਬਲੀਕੇਸ਼ਨ ਵਿਭਾਗ ਦੇ ਰਿਕਾਰਡ ਵਿਚੋਂ 328 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਘੱਟ ਹੋਣ ਸਬੰਧੀ ਗਿਆਨੀ ਹਰਪ੍ਰੀਤ ਸਿੰਘ ਵਲੋਂ ਸਥਾਪਤ ਕੀਤੇ ਗਏ ਪੜਤਾਲੀਆਂ ਕਮਿਸ਼ਨ ਦੀ 1000 ਪੰਨਿਆਂ ਦੀ ਰਿਪੋਰਟ ਵਾਚਣ ਉਪਰੰਤ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਨੇ ਇਸ ਨੂੰ ਸਿਆਸੀ ਆਕਾਵਾਂ ਦੇ ਹਿਤਾਂ ਦੀ ਰਾਖੀ ਕਰਨ ਲਈ ਮਿੱਥ ਕੇ ਘੜੀ ਗਈ ਰਿਪੋਰਟ ਕਰਾਰ ਦਿਤਾ ਹੈ। ਹਵਾਰਾ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਵਲੋਂ ਕੀਤੀ ਸ਼ਿਕਾਇਤ ਦਾ ਇਨਸਾਫ਼ ਦੇਣ ਵਿਚ ਪੜਤਾਲੀਆ ਕਮਿਸ਼ਨ ਦੀ ਰਿਪੋਰਟ ਅਸਫ਼ਲ ਰਹੀ ਹੈ।
ਹੈਰਾਨਗੀ ਦੀ ਗੱਲ ਤਾਂ ਇਹ ਹੈ ਕਿ ਜਾਂਚ ਕਮਿਸ਼ਨ ਅਪਣੀ ਰਿਪੋਰਟ ਦੇ ਪੰਨਾ ਨੰਬਰ 288 ਤੇ ਪਾਵਨ ਸਰੂਪ ਕਿੱਥੇ ਗਏ? ਦੇ ਸਿਰਲੇਖ ਹੇਠ ਅਪਣੀ ਜਾਂਚ ਦੀ ਅਸਫ਼ਲਤਾ ਨੂੰ ਸਵੀਕਾਰ ਕਰਦਿਆਂ ਹੋਇਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਕਿ ਉਹ ਇਹ ਪਤਾ ਕਰਨ ਦਾ ਯਤਨ ਕਰੇ ਕੇ ਸਬੰਧਤ ਪਾਵਨ ਸਰੂਪ ਕਹਿੜੀਆਂ ਗੁਰਦੁਆਰਾ ਕਮੇਟੀਆਂ/ਸੰਗਤਾਂ ਨੂੰ ਬਿਨਾਂ ਬਿੱਲ ਕਟਿਆ ਦਿਤੇ ਗਏ ਹਨ।
ਕਮੇਟੀ ਆਗੂ ਐਡਵੋਕੇਟ ਅਮਰ ਸਿੰਘ ਚਾਹਲ, ਪ੍ਰੋ. ਬਲਜਿੰਦਰ ਸਿੰਘ, ਬਾਪੂ ਗੁਰਚਰਨ ਸਿੰਘ, ਐਡਵੋਕੇਟ ਦਿਲਸ਼ੇਰ ਸਿੰਘ, ਮਹਾਂਬੀਰ ਸਿੰਘ ਸੁਲਤਾਨਵਿੰਡ, ਸੁਖਰਾਜ ਸਿੰਘ ਵੇਰਕਾ, ਬਲਜੀਤ ਸਿੰਘ ਭਾਊ, ਜਸਪਾਲ ਸਿੰਘ ਪੁਤਲੀਘਰ ਆਦਿ ਨੇ ਕਿਹਾ ਕਿ ਪੜਤਾਲੀਆ ਕਮਿਸ਼ਨ ਨੇ 55 ਕਰਮਚਾਰੀਆਂ/ਅਧਿਕਾਰੀਆਂ, ਸੰਗਤਾਂ ਤੋਂ ਲਿਖਤੀ ਬਿਆਨ ਲਏ ਹਨ, ਜਿਨ੍ਹਾਂ ਦੇ ਹਰ ਪੰਨੇ ਉਤੇ ਬਿਆਨ ਕਰਤਾ ਦੇ ਦਸਤਖ਼ਤ ਹਨ।
ਪਰ 1000 ਪੰਨਿਆਂ ਦੀ ਰਿਪੋਰਟ ਉਤੇ ਜਾਂਚ ਕਮਿਸ਼ਨ ਦੇ ਮੈਂਬਰਾਂ ਨੇ ਦਸਤਖ਼ਤ ਕੇਵਲ ਅਖੀਰਲੇ ਪੰਨੇ ਉਤੇ ਕੀਤੇ ਹਨ ਜਿਸ ਤੋਂ ਰਿਪੋਰਟ ਦੇ ਤਬਦੀਲ ਹੋਣ ਦਾ ਖ਼ਦਸਾ ਜਾਹਰ ਹੁੰਦਾ ਹੈ। ਜਾਂਚ ਰਿਪੋਰਟ ਅਨੁਸਾਰ ਲਾਪਤਾ 328 ਪਾਵਨ ਸਰੂਪਾਂ ਵਿਚ ਵੱਡੇ ਆਕਾਰ ਦੇ 93 ਸਰੂਪ, ਦਰਮਿਆਨੇ ਆਕਾਰ ਦੇ 232 ਸਰੂਪ ਅਤੇ ਲੜੀਵਾਰ 3 ਸਰੂਪ ਸ਼ਾਮਲ ਹਨ।
ਇਹ ਸਰੂਪ ਅਗੱਸਤ 2015 ਤੋਂ ਲਾਪਤਾ ਹਨ। ਦੁੱਖ ਦੀ ਗੱਲ ਤਾਂ ਇਹ ਹੈ ਕਿ ਜਾਂਚ ਕਮਿਸਨ ਨੇ ਮੌਜੂਦਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਬਾਦਲਾਂ ਨੂੰ ਤਫ਼ਤੀਸ਼ ਵਿਚ ਸ਼ਾਮਲ ਹੀ ਨਹੀਂ ਕੀਤਾ। ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਮਈ 2016 ਨੂੰ ਅੱਗ ਕਾਰਨ ਨੁਕਸਾਨੇ ਗਏ 80 ਸਰੂਪਾਂ ਸਬੰਧੀ ਦਿਤਾ ਬਿਆਨ ਹੈਰਾਨੀਜਨਕ ਹੈ ਕਿ ਉਨ੍ਹਾਂ ਨੂੰ ਇਸ ਘਟਨਾ ਦੀ ਜਾਣਕਾਰੀ 15-20 ਦਿਨਾਂ ਬਾਅਦ ਮਿਲੀ ਤਾ ਉਹ ਮੌਕਾ ਦੇਖਣ ਗਏ ਸਨ ਇਸ ਦੇ ਬਾਵਜੂਦ ਵੀ ਉਨ੍ਹਾਂ ਨੇ ਅਪਣੀ ਧਾਰਮਕ ਜ਼ਿੰਮੇਵਾਰੀ ਨਿਭਾਉਣ ਲਈ ਕੋਈ ਕਦਮ ਨਹੀਂ ਚੁਕਿਆ।