ਹੋਲੇ ਮਹੱਲੇ ਦੀ ਸੰਪੂਰਨਤਾ 'ਤੇ ਐਸ.ਜੀ.ਪੀ.ਸੀ. ਨੇ ਸਜਾਇਆ ਮਹੱਲਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਅਕਾਸ਼ ਗੁੰਜਾਊ ਨਾਹਰਿਆਂ ਨੇ ਮਾਹੌਲ ਪਵਿੱਤਰ ਬਣਾਇਆ

Hola Mohalla

ਸ੍ਰੀ ਅਨੰਦਪੁਰ ਸਾਹਿਬ : ਹੋਲੇ ਮਹੱਲੇ ਦੇ ਤੀਜੇ ਦਿਨ ਵੱਡੀ ਤਾਦਾਦ ਵਿਚ ਸੰਗਤਾਂ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸਮੇਤ ਹੋਰ ਗੁਰੂ ਘਰਾਂ ਵਿਚ ਮੱਥਾ ਟੇਕਿਆ ਅਤੇ ਅਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ। ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ 'ਚ ਆਈਆਂ ਸੰਗਤਾਂ ਨੇ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਅਕਾਸ਼ ਗੁੰਜਾਊ ਨਾਹਰਿਆਂ ਨਾਲ ਸਮੁੱਚੇ ਇਲਾਕੇ ਦਾ ਮਾਹੌਲ ਪਵਿੱਤਰ ਬਣਾ ਦਿਤਾ।

ਇਸ ਮੌਕੇ ਤਖ਼ਤ ਸਾਹਿਬ ਵਿਖੇ ਧਾਰਮਿਕ ਸਮਾਗਮ 'ਚ ਸਿੰਘ ਸਾਹਿਬ ਗਿਆਨੀ ਰਘੁਬੀਰ ਸਿੰਘ ਨੇ ਕੌਮ ਦੇ ਨਾਂ 'ਤੇ ਸੰਦੇਸ਼ ਜਾਰੀ ਕਿਹਾ ਕਿ ਦਸਮੇਸ਼ ਪਿਤਾ ਜੀ ਵੱਲੋਂ 1700 ਈ: 'ਚ ਅਰੰਭੀ ਹੋਲੇ ਮਹੱਲੇ ਦੀ ਰਵਾਇਤ ਨਾਲ ਖ਼ਾਲਸਾ ਪੰਥ ਨੂੰ ਜੁਲਮ ਅਤੇ ਜਬਰ ਦਾ ਟਾਕਰਾ ਕਰਨ ਲਈ ਤਿਆਰ ਕੀਤਾ ਸੀ ਅਤੇ ਖ਼ਾਲਸਾਈ ਫ਼ੌਜਾਂ ਦੇ ਦੋ ਮਨਸੂਈ ਦਲ ਬਣਾ ਕੇ ਜੰਗੀ ਅਭਿਆਸ ਸ਼ੁਰੂ ਕੀਤੇ ਅਤੇ ਜੇਤੂ ਦਲਾਂ ਨੂੰ ਗੁਰੂ ਸਾਹਿਬ ਜੀ ਸਿਰੋਪਾਉ ਦੀ ਬਖਸ਼ਿਸ਼ ਕਰਦੇ ਸਨ। ਉਨ੍ਹਾਂ ਸੰਗਤਾਂ ਨੂੰ ਇਸ ਪਾਵਨ ਮੌਕੇ 'ਤੇ ਗੁਰੂ ਸਾਹਿਬ ਜੀ ਦੇ ਜੀਵਨ ਫ਼ਲਸਫ਼ੇ ਅਨੁਸਾਰ ਬਾਣੀ ਅਤੇ ਬਾਣੇ ਦੇ ਧਾਰਨੀ ਬਣਨ ਲਈ ਅੰਮ੍ਰਿਤਧਾਰੀ ਹੋਣ ਦੀ ਅਪੀਲ ਕੀਤੀ। 

ਇਸ ਮੌਕੇ ਹਰ ਪਾਸੇ ਖ਼ਾਲਸਾ ਜੀ ਦੇ ਖੁਲ੍ਹੇ ਦਰਸ਼ਨ ਦੀਦਾਰੇ ਹੋ ਰਹੇ ਹਨ। ਨੀਲੇ ਤੇ ਕੇਸਰੀ ਰੰਗ ਦੀਆਂ ਦਸਤਾਰਾਂ ਦਾ ਹੜ੍ਹ ਆ ਗਿਆ। ਛੋਟੇ-ਛੋਟੇ ਬੱਚੇ, ਨੌਜਵਾਨ, ਬਜ਼ੁਰਗ ਤੇ ਬੀਬੀਆਂ ਸ਼ਸਤਰਾਂ ਬਸਤਰਾਂ ਨਾਲ ਤਿਆਰ ਬਰ ਤਿਆਰ ਹੋ ਕੇ ਪੁਰਾਤਨ ਸਮੇਂ ਦੀ ਯਾਦ ਤਾਜ਼ਾ ਕਰਵਾ ਰਹੇ ਹਨ। ਇਸ ਦੌਰਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਮੈਨੇਜਮੈਂਟ ਵਲੋਂ ਸੰਗਤਾਂ ਦੀ ਸਹੂਲਤ ਲਈ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਦਿਨ ਰਾਤ ਧਾਰਮਕ ਸਮਾਗਮਾਂ ਦਾ ਦੌਰ ਚੱਲਿਆ।

ਜ਼ਿਕਰਯੋਗ ਹੈ ਕਿ ਗੁਰੂ ਕੀਆਂ ਲਾਡਲੀਆਂ ਫ਼ੌਜਾਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ 22 ਮਾਰਚ ਨੂੰ ਮਹੱਲਾ ਸਜਾਇਆ ਜਾਵੇਗਾ।