ਹੋਲੇ ਮਹੱਲੇ ਦੌਰਾਨ ਹੁਲੜਬਾਜ਼ੀ ਨਾ ਕਰਨ ਨੌਜਵਾਨ : ਗਿਆਨੀ ਰਘਬੀਰ ਸਿੰਘ
16 ਤੋਂ 21 ਮਾਰਚ ਤਕ ਸ੍ਰੀ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾਵੇਗਾ ਹੋਲਾ ਮਹੱਲਾ
ਸ੍ਰੀ ਅਨੰਦਪੁਰ ਸਾਹਿਬ : ਖ਼ਾਲਸੇ ਦੇ ਪ੍ਰਗਟ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਖ਼ਾਲਸੇ ਦਾ ਰਵਾਇਤੀ ਅਤੇ ਖ਼ਾਲਸੇ ਦੀ ਆਨ-ਸ਼ਾਨ ਦਾ ਪ੍ਰਤੀਕ ਕੌਮੀ ਤਿਉਹਾਰ ਹੋਲਾ ਮਹੱਲਾ ਖ਼ਾਲਸਾ ਪੰਥ ਮਨਾਉਂਦਾ ਆ ਰਿਹਾ ਹੈ। ਇਸ ਵਾਰ ਇਹ ਤਿਉਹਾਰ ਮਿਤੀ 16 ਤੋਂ 21 ਮਾਰਚ ਤਕ ਸ੍ਰੀ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਥਕ ਰਵਾਇਤਾਂ ਅਨੁਸਾਰ ਮਨਾਇਆ ਜਾ ਰਿਹਾ ਹੈ। ਵੇਖਣ ਵਿਚ ਆਉਂਦਾ ਹੈ ਕਿ ਕੁੱਝ ਨੌਜਵਾਨ ਬੱਚੇ ਮੋਟਰਸਾਈਕਲਾਂ ਤੇ ਤਿੰਨ-ਤਿੰਨ, ਚਾਰ-ਚਾਰ ਜਣੇ ਸਵਾਰ ਹੋ ਕੇ ਦੌੜਾਂ ਲਗਾਉਂਦੇ ਹੋਏ ਸਾਇਲੰਸਰ ਲਾਹ ਕਿ ਪਟਾਕੇ ਮਾਰਦੇ ਹੋਏ ਸੜਕਾਂ ਤੋਂ ਭੀੜ ਵਿਚੋਂ ਲੰਘਦੇ ਹਨ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਗਿਆਨੀ ਰਘਬੀਰ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੇ ਕਿਹਾ ਕਿ ਇਸੇ ਤਰ੍ਹਾਂ ਟਰੈਕਟਰਾਂ ਉਪਰ ਸਵਾਰ ਨੌਜਵਾਨ ਬਹੁਤ ਤੇਜ਼ ਟਰੈਕਟਰ ਭਜਾਉਂਦੇ ਹਨ ਅਤੇ ਉੱਚੀ ਆਵਾਜ਼ ਵਿਚ ਸਪੀਕਰ ਲਾਉਂਦੇ ਹਨ ਜਿਸ ਨਾਲ ਸੰਗਤਾਂ ਦੇ ਮਨ ਵਿਚ ਡਰ ਅਤੇ ਸਹਿਮ ਦਾ ਮਾਹੌਲ ਤਾਂ ਬਣਦਾ ਹੀ ਹੈ ਉਥੇ ਸਾਡਾ ਅਕਸ ਬਹੁਤ ਮਾੜਾ ਪ੍ਰਭਾਵ ਪੇਸ਼ ਕਰਦਾ ਹੈ ਜਿਸ ਨਾਲ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਉਪਰ ਮਾੜਾ ਅਸਰ ਪੈਂਦਾ ਹੈ। ਸੋ ਮੇਰੀ ਸਾਰੀ ਸੰਗਤ ਨੂੰ ਅਪੀਲ ਹੈ ਕਿ ਬਹੁਤ ਹੀ ਸ਼ਾਂਤਮਈ ਤਰੀਕੇ ਨਾਲ ਗੁਰਮਤਿ ਵਿਚ ਰਹਿ ਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਅਤੇ ਹੋਰ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰ ਕੇ ਅਪਣਾ ਜੀਵਨ ਸਫ਼ਲਾ ਕਰੀਏ।