ਪਿੰਡ ਮਾਣੋਚਾਹਲ 'ਚ ਸ਼ਾਰਟ ਸਰਕਟ ਕਾਰਨ 10 ਸਰੂਪ ਨੁਕਸਾਨੇ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪ੍ਰਬੰਧਕਾਂ ਨੇ ਮੁੜ ਸਫ਼ਾਈ ਕਰਵਾ ਕੇ ਸਰੂਪ ਉਸੇ ਤਰ੍ਹਾਂ ਸੁਖ ਆਸਣ ਵਾਲੀ ਥਾਂ 'ਤੇ ਪ੍ਰਕਾਸ਼ ਕਰਵਾਏ ਤੇ ਪਸ਼ਚਾਤਾਪ ਵਜੋਂ ਅਰਦਾਸ ਵੀ ਕੀਤੀ

Pic

ਤਰਨਤਾਰਨ/ਝਬਾਲ : ਪਿੰਡ ਮਾਣੋਚਾਹਲ ਵਿਖੇ ਪੱਖੇ ਤੋਂ ਸ਼ਾਰਟ ਸਰਕਟ ਹੋਣ ਨਾਲ 10 ਸਰੂਪ ਪੂਰੀ ਤਰ੍ਹਾਂ ਨਾਲ ਨੁਕਸਾਨੇ ਗਏ ਹਨ ਜਿਨ੍ਹਾਂ ਦਾ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ ਤੇ ਇਹ ਘਟਨਾ ਭਾਵੇਂ ਸੋਮਵਾਰ ਸ਼ਾਮ 4 ਕੁ ਵਜੇ ਵਾਪਰੀ ਪਰ ਪ੍ਰਬੰਧਕਾਂ ਨੇ ਇਸ ਗੱਲ ਦੀ ਭਿਣਕ ਨਾ ਪੈਣ ਦਿਤੀ ਤੇ ਉਥੇ ਸੁੱਖ ਆਸਣ ਵਾਲੀ ਥਾਂ 'ਤੇ ਮੁੜ ਸਫ਼ਾਈ ਕਰ ਕੇ ਰੰਗ ਰੋਗਨ ਵੀ ਕਰ ਦਿਤਾ ਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਉਸੇ ਤਰ੍ਹਾਂ ਸੁਖ ਆਸਣ ਵਾਲੀ ਥਾਂ 'ਤੇ ਰਹਿਣ ਦਿਤੇ ਤੇ ਪ੍ਰਬੰਧਕ ਜਿਨ੍ਹਾਂ ਵਿਚ 11 ਮੈਂਬਰੀ ਕਮੇਟੀ ਦੇ ਪ੍ਰਧਾਨ ਆਤਮਾ ਸਿੰਘ, ਪਲਵਿੰਦਰ ਸਿੰਘ, ਸਤਨਾਮ ਸਿੰਘ, ਪਲਵਿੰਦਰ ਸਿੰਘ, ਸਤਨਾਮ ਸਿੰਘ, ਭੁਪਿੰਦਰ ਸਿੰਘ, ਸੁਖਵੰਤ ਸਿੰਘ, ਕੁਲਦੀਪ ਸਿੰਘ, ਸ਼ਿੰਦਰ ਸਿੰਘ, ਨਿੰਦਰ ਸਿੰਘ, ਅਮਰਜੀਤ ਸਿੰਘ, ਅਜੈਬ ਸਿੰਘ ਆਦਿ ਨੇ ਜਿਥੇ ਪੁਲਿਸ ਨੂੰ ਅਧੂਰੀ ਜਾਣਕਾਰੀ ਦਿਤੀ ਉਥੇ ਪਿੰਡ ਵਿਚ ਵੀ ਇਸ ਦਾ ਰੌਲਾ ਪਾਉਣ ਤੋਂ ਗੁਰੇਜ਼ ਕੀਤਾ ਤੇ ਅੱਜ ਸਵੇਰੇ ਗੁਰੂ ਸਾਹਿਬ ਦੇ ਪ੍ਰਕਾਸ਼ ਕਰਨ ਤੋਂ ਬਾਅਦ ਪ੍ਰਬੰਧਕ ਕਮੇਟੀ ਨੇ ਪਸ਼ਚਾਤਾਪ ਦੀ ਅਰਦਾਸ ਕੀਤੀ। 

ਭਾਈ ਮਨਜੀਤ ਸਿੰਘ ਨੇ ਗੁਰਦਵਾਰਾ ਬੀੜ ਬਾਬਾ ਬੁੱਢਾ ਸਾਹਿਬ ਦੇ ਮੈਨੇਜਰ ਨੂੰ ਉਥੇ ਜਾਣ ਲਈ ਕਿਹਾ ਤੇ ਘਟਨਾ ਦਾ ਪਤਾ ਲੱਗਣ 'ਤੇ ਜਿਥੇ ਡੀ. ਐਸ.ਪੀ. ਰਵਿੰਦਰ ਸਿੰਘ, ਐਸ.ਐਚ.ਓ. ਜਸਪਾਲ ਸਿੰਘ ਵੀ ਭਾਰੀ ਪੁਲਿਸ ਫ਼ੋਰਸ ਨਾਲ ਮੌਕੇ 'ਤੇ ਪੁੱਜੇ ਉਥੇ  ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਭਾਈ ਤਰਲੋਚਨ ਸਿੰਘ ਸੋਹਲ ਅਤੇ ਭਾਈ ਅਮਰੀਕ ਸਿੰਘ ਅਜਨਾਲਾ ਵੀ ਪੁੱਜ ਗਏ ਜਿਨ੍ਹਾਂ ਨੇ ਸੀ ਸੀ ਟੀਵੀ  ਕੈਮਰਿਆਂ ਦੀ ਮਦਦ ਨਾਲ ਘਟਨਾ ਦੀ ਅਸਲ ਵਜਾ ਦਾ ਪਤਾ ਲਗਾਇਆ।

ਪ੍ਰਬੰਧਕਾਂ ਨੂੰ ਇਸ ਗੱਲ ਨੂੰ ਲੁਕਾਉਣ ਅਤੇ ਸਹੀ ਜਾਣਕਾਰੀ ਨਾ ਦੇਣ ਦੀ ਵਜ੍ਹਾ ਬਾਰੇ ਕੀਤੀ ਗਈ ਪੁੱਛ ਪੜਤਾਲ ਤੋਂ ਬਾਅਦ ਸਮੂਹ ਪਿੰਡ ਵਾਸੀਆਂ ਅਤੇ 11 ਮੈਂਬਰੀ ਕਮੇਟੀ ਨੇ ਅਪਣੀ ਗ਼ਲਤੀ ਦਾ ਅਹਿਸਾਸ ਕਰਦਿਆਂ ਇਹ ਮੰਨਿਆ ਕਿ ਉਨ੍ਹਾਂ ਨੇ ਇਸ ਦੀ ਸਹੀ ਜਾਣਕਾਰੀ ਨਹੀਂ ਦਿਤੀ। ਇਹ ਸੱਭ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਵਜੋਂ ਉਥੇ ਸਾਫ਼ ਸਫ਼ਾਈ ਕੀਤੀ ਤਾਂ ਜੋ ਉਥੇ ਪ੍ਰਕਾਸ਼ ਹੋਏ ਸਰੂਪ ਨੂੰ ਵੀ ਸੁਖ ਆਸਣ ਵਾਲੀ ਥਾਂ 'ਤੇ ਲਿਜਾਇਆ ਜਾਵੇ।

ਇਸ ਸਮੇਂ ਸ਼੍ਰੋਮਣੀ ਕਮੇਟੀ ਵਲੋਂ ਪੁੱਜੇ ਜਸਬੀਰ ਸਿੰਘ ਖ਼ਾਲਸਾ, ਐਡੀਸ਼ਨਲ ਮੈਨੇਜਰ ਸਤਨਾਮ ਸਿੰਘ, ਦਿਲਬਾਗ ਸਿੰਘ, ਗੁਰਬਚਨ ਸਿੰਘ ਕਲਸੀ, ਸੁਖਵੰਤ ਸਿੰਘ ਕਾਰਜਕਾਰੀ ਹੈੱਡ ਗ੍ਰੰਥੀ ਬੀੜ ਸਾਹਿਬ ਆਦਿ ਨੇ ਪੰਜ ਸਿੰਘ ਇਕੱਤਰ ਹੋ ਕੇ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਗੁਰਦਵਾਰਾ ਜੋਗੀ ਪੀਰ ਪਿੰਡ ਮਾਣੋਚਾਹਲ ਦੀ ਕਮੇਟੀ ਨੂੰ ਦੋਸ਼ੀ ਠਹਿਰਾਇਆ।

ਉਨ੍ਹਾਂ ਇਕ ਪਸ਼ਾਚਾਤਾਪ ਵਜੋਂ ਅਖੰਡ ਪਾਠ ਸਾਹਿਬ ਜੋ 27 ਮਈ ਨੂੰ ਅਰੰਭ ਕਰਵਾ ਕੇ 29 ਮਈ ਨੂੰ ਭੋਗ ਪਾਏ ਜਾਣ ਤੇ 11 ਮੈਂਬਰੀ ਕਮੇਟੀ ਇਕ ਮਹੀਨਾ ਉਥੇ ਗੁਰੂ ਸਾਹਿਬ ਵਿਖੇ ਜੋੜਿਆ ਦੀ ਸੇਵਾ ਕਰਨਗੇ ਤੇ ਗ੍ਰੰਥੀ ਸਿੰਘ ਇਕ ਸਹਿਜ ਪਾਠ ਕਰੇਗਾ ਤੇ ਮਹੀਨੇ ਦੇ ਆਖ਼ਰੀ ਦਿਨ ਪੂਰੀ ਕਮੇਟੀ ਗੁ: ਬੀੜ ਸਾਹਿਬ ਵਿਖੇ ਜੋੜਿਆਂ ਦੀ ਸੇਵਾ ਕਰੇਗੀ ਤੇ 1100 ਰੁ: ਦੀ ਕੜਾਹ ਪ੍ਰਸ਼ਾਦਿ ਦੀ ਦੇਗ ਕਰਵਾਉਣਗੇ ਤੇ ਅਗਾਹ ਵਾਸਤੇ ਕਮੇਟੀ ਵਲੋਂ ਕੋਈ ਅਣਗਹਿਲੀ ਵਰਤੀ ਜਾਣ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਉਥੇ ਪੁੱਜੇ ਡੀ.ਐਸ.ਪੀ. ਰਵਿੰਦਰ ਸਿੰਘ ਅਤੇ ਐਸ.ਐਚ.ਓ ਜਸਪਾਲ ਸਿੰਘ ਨੇ ਦਸਿਆ ਕਿ ਫ਼ਿਲਹਾਲ ਅਚਾਨਕ ਲੱਗੀ ਅੱਗ ਸਬੰਧੀ ਰੀਪੋਰਟ ਦਰਜ ਕੀਤੀ ਜਾਵੇਗੀ ਜੋ ਫ਼ੈਸਲਾ ਕਮੇਟੀ ਕਰੇਗੀ ਉਸੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ। 

ਇਸ ਸਬੰਧੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਜਥੇ: ਹਰਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬਕਾਇਦਾ ਤੌਰ 'ਤੇ ਐਸ.ਜੀ.ਪੀ.ਸੀ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਜਿਹੜੀ ਵੀ ਗੁਰਦਵਾਰਾ ਸਾਹਿਬ ਦੀ ਕਮੇਟੀ ਦੀ ਅਣਗਹਿਲੀ ਸਾਬਤ ਹੁੰਦੀ ਹੈ ਉਸ ਵਿਰੁਧ ਕਾਰਵਾਈ ਕਰਵਾਈ ਜਾਵੇ ਤੇ ਜਲਦੀ ਹੀ ਪਿੰਡ ਦੀਆਂ ਸਮੂਹ ਕਮੇਟੀਆਂ ਨੂੰ ਵੀ ਇਕ ਪੱਤਰ ਜਾਰੀ ਕੀਤਾ ਜਾਵੇਗਾ ਕਿ ਉਹ ਬਿਜਲੀ ਦੀ ਵਾਈਰਿੰਗ ਸਹੀ ਢੰਗ ਨਾਲ ਕਰਵਾਉਣ ਤੇ ਸੁਖ ਆਸਣ ਵਾਲੀ ਜਗ੍ਹਾਂ 'ਤੇ ਕੋਈ ਪੱਖਾ ਜਾਂ ਹੀਟਰ ਆਦਿ ਨਾ ਲਗਾਉਣ।