ਸੌਦਾ ਸਾਧ ਵਲੋਂ ਖੇਤੀ ਕੰਮਾਂ ਲਈ ਜੇਲ ਤੋਂ ਪੈਰੋਲ ਮੰਗਣ 'ਤੇ ਰਾਜਨੀਤੀ ਗਰਮਾਈ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਰੋਹਤਕ ਦੀ ਸੁਨਾਰੀਆ ਜੇਲ ਦੇ ਸੁਪਰਡੈਂਟ ਨੇ ਸਿਰਸਾ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗੀ ਵਿਸ਼ੇਸ਼ ਰਿਪੋਰਟ 

Sauda Sadh appeals for parole, says he wants to farm

ਸਿਰਸਾ : ਸਾਧਵੀਆਂ ਨਾਲ ਬਲਾਤਕਾਰ ਮਾਮਲੇ ਵਿਚ ਸਜ਼ਾ ਭੁਗਤ ਰਹੇ ਸੌਦਾ ਸਾਧ ਵਲੋਂ ਖੇਤੀਬਾੜੀ ਕੰਮਾਂ ਲਈ ਸੁਨਾਰੀਆ ਜੇਲ ਪ੍ਰਸ਼ਾਸਨ ਤੋਂ ਪੈਰੋਲ ਮੰਗੀ ਗਈ ਹੈ। ਰੋਹਤਕ ਦੀ ਸੁਨਾਰੀਆ ਜੇਲ ਦੇ ਸੁਪਰਡੈਂਟ ਵਲੋਂ ਇਸ ਸਬੰਧ ਵਿਚ ਸਿਰਸਾ ਜ਼ਿਲ੍ਹਾ ਪ੍ਰਸ਼ਾਸਨ ਤੋਂ ਰਿਪੋਰਟ ਮੰਗੀ ਗਈ ਹੈ ਜਿਸ ਵਿਚ ਪੁੱਛਿਆ ਗਿਆ ਹੈ ਕਿ ਸੌਦਾ ਸਾਧ ਨੂੰ ਪੈਰੋਲ ਦੇਣਾ ਸਹੀ ਹੋਵੇਗਾ ਜਾਂ ਨਹੀ?

ਕਿਹਾ ਗਿਆ ਹੈ ਕਿ ਇਸ ਬਾਰੇ ਅਪਣੀ ਰਿਪੋਰਟ ਰੋਹਤਕ ਦੇ ਕਮਿਸ਼ਨਰ ਨੂੰ ਭੇਜੀ ਜਾਵੇ। ਪੱਤਰ ਵਿਚ ਦਸਿਆ ਗਿਆ ਹੈ ਕਿ ਸੌਦਾ ਸਾਧ ਸੀ.ਬੀ.ਆਈ ਕੋਰਟ ਵਲੋਂ ਸਾਧਵੀ ਜਿਨਸੀ ਸ਼ੋਸ਼ਣ ਮਾਮਲੇ ਵਿਚ ਸਜ਼ਾ ਭੁਗਤ ਰਿਹਾ ਹੈ ਅਤੇ ਜੇਲ ਵਿਚ ਉਸ ਦਾ ਚਾਲ ਚਲਣ ਠੀਕ ਰਿਹਾ ਹੈ। ਇਸ ਤੋਂ ਇਲਾਵਾ ਪੱਤਰ ਵਿਚ ਇਹ ਵੀ ਲਿਖਿਆ ਗਿਆ ਹੈ ਕਿ ਪੈਰੋਲ 'ਤੇ ਜਾਣਾ ਸੌਧਾ ਸਾਧ ਦਾ ਅਧਿਕਾਰ ਵੀ ਬਣਦਾ ਹੈ। 

ਪੈਰੋਲ ਬਾਰੇ ਮੰਗੀ ਗਈ ਰਿਪੋਰਟ ਵਿਚ ਸੌਦਾ ਸਾਧ ਉਤੇ ਸੀਬੀਆਈ ਕੋਰਟ ਵਲੋਂ ਸੰਪਾਦਕ ਰਾਮਚੰਦਰ ਛਤਰਪਤੀ ਹੱਤਿਆ ਮਾਮਲੇ ਵਿਚ ਵੀ ਸਜ਼ਾ ਸੁਣਾਏ ਜਾਣ ਤੋਂ ਇਲਾਵਾ ਦੋ ਹੋਰ ਮਾਮਲਿਆਂ ਬਕਾਇਆ ਹੋਣ ਦਾ ਵੀ ਚਰਚਾ ਕੀਤੀ ਗਈ ਹੈ। ਪੱਤਰ ਵਿਚ ਦਸਿਆ ਗਿਆ ਹੈ ਕਿ ਸੌਦਾ ਸਾਧ ਦਾ ਜੇਲ ਵਿਚ ਚਾਲ ਚਲਣ ਚੰਗਾ ਹੈ ਅਤੇ ਉਸ ਨੇ ਜੇਲ ਵਿਚ ਕੋਈ ਅਪਰਾਧ ਵੀ ਨਹੀਂ ਕੀਤਾ ਹੈ। ਹੁਣ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਦਾ ਸਾਧ ਦੀ ਪੈਰੋਲ ਨੂੰ ਲੈ ਕੇ ਅਪਣੀ ਰਾਏ ਦੇਣੀ ਹੈ।

ਪ੍ਰਸ਼ਾਸਨ ਨੂੰ ਇਹ ਤੈਅ ਕਰਨਾ ਹੋਵੇਗਾ ਕਿ ਉਸ ਦੀ ਪੈਰੋਲ ਲਈ ਸਿਫ਼ਾਰਸ਼ ਕੀਤੀ ਜਾਵੇ ਜਾਂ ਨਾ। ਉਂਜ ਇਸ ਦੀ ਘੱਟ ਹੀ ਸੰਭਾਵਨਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਉਸ ਦੀ ਪੈਰੋਲ ਲਈ ਸਿਫ਼ਾਰਸ਼ ਕਰੇ ਕਿਉਂਕਿ ਉਸ ਦੇ ਜੇਲ ਤੋਂ ਬਾਹਰ ਆਉਣ ਉਤੇ ਕਾਨੂੰਨ ਵਿਵਸਥਾ ਨੂੰ ਬਣਾਈ ਰਖਣਾ ਆਸਾਨ ਨਹੀਂ ਹੋਵੇਗਾ।