ਬਾਬੇ ਨਾਨਕ ਦਾ ਪ੍ਰਕਾਸ਼ ਪੁਰਬ ਮਨਾਉਣ ਲਈ 9 ਸਿੱਖ ਯਾਤਰੀ ਅੱਜ ਜਾਣਗੇ ਪਾਕਿਸਤਾਨ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ 9 ਸਿੱਖ ਯਾਤਰੀ ਅੱਜ ਅਟਾਰੀ-ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਜਾ ਰਹੇ ਹਨ।

Kartarpur Sahib

ਅੰਮ੍ਰਿਤਸਰ, 20 ਜੁਲਾਈ (ਚਰਨਜੀਤ ਸਿੰਘ): ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ 9 ਸਿੱਖ ਯਾਤਰੀ ਅੱਜ ਅਟਾਰੀ-ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਜਾ ਰਹੇ ਹਨ। ਇਨ੍ਹਾਂ ਯਾਤਰੀਆਂ ਦੀ ਅਵਗਾਈ ਕਰ ਰਹੇ ਪ੍ਰਿਤਪਾਲ ਸਿੰਘ ਸੰਧੂ ਨੇ ਦਸਿਆ ਕਿ ਅਸੀ ਗੁਰਦਵਾਰਾ ਜਨਮ ਅਸਥਾਨ ਨਨਕਾਣਾ ਸਾਹਿਬ ਤੋਂ ਮਿੱਟੀ ਅਤੇ ਗੁਰਦਵਾਰਾ ਪੰਜਾ ਸਾਹਿਬ ਹਸਨ ਅਬਦਾਲ ਤੋਂ ਜਲ ਲਿਆ ਕੇ ਜਿਸ-ਜਿਸ ਸ਼ਹਿਰ ਵਿਚ ਗੁਰੂ ਸਾਹਿਬ ਉਦਾਸੀਆਂ ਦੌਰਾਨ ਗਏ ਸਨ ਉਨ੍ਹਾਂ-ਉਨ੍ਹਾਂ ਸ਼ਹਿਰਾਂ ਵਿਚ 550 ਬੂਟੇ ਲਗਾਏ ਜਾਣਗੇ। 

ਸ. ਸੰਧੂ ਨੇ ਦਸਿਆ ਕਿ ਇਨ੍ਹਾਂ ਬੂਟਿਆਂ ਦੀਆਂ ਜੜ੍ਹਾਂ ਵਿਚ ਨਨਕਾਣਾ ਸਾਹਿਬ ਦੀ ਮਿੱਟੀ ਤੇ ਪੰਜਾ ਸਾਹਿਬ ਦਾ ਜਲ ਪਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਮਾਜਕ ਸੁਨੇਹਾ ਅਤੇ ਸਮਾਜਕ ਬੁਰਾਈਆਂ ਵਿਰੁਧ ਜੋ ਗੁਰੂ ਸਾਹਿਬ ਨੇ ਆਵਾਜ਼ ਬੁਲੰਦ ਕੀਤੀ ਉਸ ਨੂੰ ਸੰਗਤਾਂ ਤਕ ਲੈ ਕੇ ਜਾਵਾਂਗੇ। ਉਨ੍ਹਾਂ ਕਿਹਾ ਕਿ 100 ਸ਼ਹਿਰਾਂ ਵਿਚ ਬੂਟੇ ਲਗਾਏ ਜਾਣਗੇ।

ਉਨ੍ਹਾਂ ਕਿਹਾ ਕਿ ਜਿਸ-ਜਿਸ ਸ਼ਹਿਰ ਵਿਚ ਗੁਰੂ ਸਾਹਿਬ ਗਏ ਸਨ ਉਸ-ਉਸ ਸ਼ਹਿਰ ਦੀ ਮਿੱਟੀ ਅਸੀ ਇੱਕਠੀ ਕਰ ਕੇ ਗੁਰਦਵਾਰਾ ਕਰਤਾਰਪੁਰ ਸਾਹਿਬ ਅਤੇ ਸੁਲਤਾਨਪੁਰ ਲੋਧੀ ਵਿਖੇ ਇਕ-ਇਕ ਬੂਟਾ ਲਗਾਵਾਂਗੇ। ਇਸ ਮੌਕੇ ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਮਨਜੀਤ ਸਿੰਘ ਬਾਠ ਨਾਲ ਵੀ ਮੁਲਾਕਾਤ ਕੀਤੀ।