ਭਾਈ ਮਰਦਾਨਾ ਦੇ ਪਰਵਾਰ ਦੀ ਸਹਾਇਤਾ ਲਈ ਬੀਬੀ ਰਣਜੀਤ ਕੌਰ ਜਾਣਗੇ ਪਾਕਿਸਤਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੀਬੀ ਰਣਜੀਤ ਕੌਰ ਨੇ ਕਿਹਾ ਕਿ ਉਹ ਰੋਜ਼ਾਨਾ ਸਪੋਕਸਮੈਨ ਦੇ ਵੀ ਧਨਵਾਦੀ ਹਨ ਜਿਨ੍ਹਾਂ ਇਸ ਪਰਵਾਰ ਦੀ ਆਵਾਜ਼ ਬੁਲੰਦ ਕੀਤੀ ਤੇ ਇਸ ਦੇ ਹਾਲਾਤ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ।

Bibi Ranjeet Kaur will go to Pakistan to help Bhai Mardana's family

ਅੰਮ੍ਰਿਤਸਰ, 17 ਜੁਲਾਈ (ਚਰਨਜੀਤ ਸਿੰਘ): ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਸੀਨੀਅਰ ਮੀਤ ਪ੍ਰਧਾਨ ਬੀਬੀ ਰਣਜੀਤ ਕੌਰ ਨੇ ਕਿਹਾ ਹੈ ਕਿ ਉਹ ਅਪਣੀ ਵਲੋਂ, ਦਿੱਲੀ ਦੀਆਂ ਸੰਗਤਾਂ ਵਲੋਂ ਭਾਈ ਮਰਦਾਨਾ ਜੀ ਦੇ ਵੰਸ਼ਜ ਭਾਈ ਮੁਹੰਮਦ ਹੁਸੈਨ, ਭਾਈ ਨਾਇਮ ਤਾਹਿਰ ਅਤੇ ਭਾਈ ਸਰਫ਼ਰਾਜ਼ ਲਈ ਮਦਦ ਲੈ ਕੇ 23 ਜੁਲਾਈ ਨੂੰ ਗੁਰਦਵਾਰਾ ਜਨਮ ਅਸਥਾਨ ਨਨਕਾਣਾ ਸਾਹਿਬ ਜਾ ਰਹੇ ਹਨ। 

ਅੱਜ ਜਾਰੀ ਬਿਆਨ ਵਿਚ ਬੀਬੀ ਰਣਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਭਾਈ ਮਰਦਾਨਾ ਜੀ ਦੇ ਪਰਵਾਰ ਦੀ ਮੰਦਹਾਲੀ ਦੀਆਂ ਖ਼ਬਰਾਂ ਦੇਖ ਅਤੇ ਪੜ੍ਹ ਕੇ ਬੇਹਦ ਦੁੱਖ ਹੋਇਆ। ਉਨ੍ਹਾਂ ਕਿਹਾ ਕਿ ਜਿਸ ਭਾਈ ਮਰਦਾਨਾ ਜੀ ਨੇ ਅਪਣੀ ਪੂਰੀ ਜ਼ਿੰਦਗੀ ਗੁਰੂ ਨਾਨਕ ਸਾਹਿਬ ਨੂੰ ਸਮਰਪਿਤ ਕੀਤੀ ਸੀ ਉਸ ਦਾ ਪਰਵਾਰ ਆਰਥਕ ਸੰਕਟ ਵਿਚ ਘਿਰਿਆ ਹੋਵੇ ਅਤੇ ਅਸੀਂ ਮਦਦ ਵੀ ਨਾ ਕਰ ਸਕੀਏ ਬੇਹਦ ਅਫ਼ਸੋਸਨਾਕ ਹੈ।

ਬੀਬੀ ਰਣਜੀਤ ਕੌਰ ਨੇ ਕਿਹਾ ਕਿ ਉਹ 23 ਜੁਲਾਈ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥੇ ਨਾਲ ਉਚੇਚੇ ਤੌਰ 'ਤੇ ਜਾ ਰਹੇ ਹਨ ਤਾਕਿ ਉਸ ਮਹਾਨ ਗੁਰਸਿੱਖ ਦੇ ਪਰਵਾਰ ਨੂੰ ਕੁੱਝ ਮਦਦ ਦਿਤੀ ਜਾ ਸਕੇ। ਬੀਬੀ ਰਣਜੀਤ ਕੌਰ ਨੇ ਕਿਹਾ ਕਿ ਉਹ ਰੋਜ਼ਾਨਾ ਸਪੋਕਸਮੈਨ ਦੇ ਵੀ ਧਨਵਾਦੀ ਹਨ ਜਿਨ੍ਹਾਂ ਇਸ ਪਰਵਾਰ ਦੀ ਆਵਾਜ਼ ਬੁਲੰਦ ਕੀਤੀ ਤੇ ਇਸ ਦੇ ਹਾਲਾਤ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ। ਬੀਬੀ ਰਣਜੀਤ ਕੌਰ ਨੇ ਕਿਹਾ ਕਿ ਗ਼ਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ ਤੇ ਲੋੜਵੰਦ ਦੀ ਮਦਦ ਕਰਨਾ ਸਾਡਾ ਸਿਧਾਂਤ ਹੈ।