ਕੀ ਸ਼੍ਰੋਮਣੀ ਅਕਾਲੀ ਦਲ ਬਾਦਲ ਦਿੱਲੀ ਗੁਰਦਵਾਰਾ ਚੋਣਾਂ ਲੜ ਸਕਦੈ?

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪੰਥਕ ਸੇਵਾ ਦਲ ਨੇ ਡਾਇਰੈਕਟਰ ਗੁਰਦਵਾਰਾ ਚੋਣਾਂ ਤੋਂ ਪੁਛਿਆ ਸਵਾਲ

Hardit Singh GobindPuri

ਨਵੀਂ ਦਿੱਲੀ (ਅਮਨਦੀਪ ਸਿੰਘ) : ਪੰਥਕ ਸੇਵਾ ਦਲ ਦੀ ਧਰਮ ਪ੍ਰਚਾਰ ਕਮੇਟੀ ਦੇ ਨਿਗਰਾਨ ਹਰਦਿਤ ਸਿੰਘ ਗੋਬਿੰਦਪੁਰੀ ਨੇ ਦਿੱਲੀ ਗੁਰਦਵਾਰਾ ਚੋਣ ਡਾਇਰੈਕਟਰ ਨੂੰ ਚਿੱਠੀ ਲਿਖ ਕੇ ਮੁੜ ਪੁਛਿਆ ਹੈ ਕਿ, ਕੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਧਾਰਮਕ ਪਾਰਟੀ ਵਜੋਂ ਚੋਣ ਲੜਨ ਦਾ ਹੱਕ ਹੈ ਜਾਂ ਨਹੀਂ?

ਬੀਤੇ ਦਿਨੀਂ ਦਿੱਲੀ ਗੁਰਦਵਾਰਾ ਚੋਣ ਮੰਤਰੀ ਰਾਜਿੰਦਰਪਾਲ ਗੌਤਮ ਦੀ ਅਗਵਾਈ ਹੇਠ ਹੋਈ ਸਿੱਖ ਪਾਰਟੀਆਂ ਦੀ ਮੀਟਿੰਗ ਜਿਸ ਵਿਚ ਵੋਟਾਂ ਬਣਵਾਉਣ ਦਾ ਮੁੱਦਾ ਵਿਚਾਰਿਆ ਗਿਆ ਸੀ, ਵਿਚ ਵੀ ਹਰਦਿਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਬਾਰੇ ਡਾਇਰੈਕਟੋਰੇਟ ਨੂੰ ਪੁਛੇ ਸਵਾਲਾਂ ਦੇ ਜਵਾਬ ਤੇ ਪਹਿਲੀਆਂ 19 ਅਗੱਸਤ ਤੇ ਪਿਛੋਂ ਹੋਈਆਂ ਮੀਟਿੰਗਾਂ ਦੀ ਕਾਰਵਾਈ ਨਾ ਕਰਨ ਦੇਣ ਦਾ ਮੁੱਦਾ ਚੁਕਿਆ ਜਿਸ 'ਤੇ ਮੰਤਰੀ ਨੇ ਡਾਇਰੈਕਟਰ ਗੁਰਦਵਾਰਾ ਚੋਣਾਂ ਨਰਿੰਦਰ ਸਿੰਘ ਨੂੰ ਅਕਾਲੀ ਦਲ ਦੇ ਧਾਰਮਕ ਪਾਰਟੀ ਹੋਣ ਜਾਂ ਨਾ ਹੋਣ ਬਾਰੇ ਸਪਸ਼ਟ ਕਰਨ ਲਈ ਆਖਿਆ ਹੈ।

ਹਰਦਿਤ ਸਿੰਘ ਨੇ ਮੁੜ ਇਕ ਚਿੱਠੀ ਲਿਖ ਡਾਇਰੈਕਟਰ ਗੁਰਦਵਾਰਾ ਚੋਣਾਂ ਤੋਂ ਮੀਟਿੰਗ ਵਿਚ ਰੱਖੇ ਸਵਾਲਾਂ ਤੇ ਪਹਿਲਾਂ ਮੀਟਿੰਗਾਂ ਦੀ ਕਾਰਵਾਈ ਦੇਣ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਪੰਥਕ ਸੇਵਾ ਦਲ ਨੇ ਪੁਛਿਆ ਸੀ ਕਿ ਦਿੱਲੀ ਗਜ਼ਟ ਐਕਸਟਰਾ ਆਰਡਨਰੀ ਭਾਗ-4, ਨਿਯਮ ਨੰਬਰ 14, ਮੁਤਾਬਕ ਸੁਸਾਇਟੀ ਰਜਿਸਟ੍ਰੇਸ਼ਨ ਐਕਟ 1860 ਅਧੀਨ ਕਿਹੜੀਆਂ ਤੇ ਕਿੰਨੀਆਂ ਪਾਰਟੀਆਂ ਰਜਿਸਟਰਡ ਹਨ? ਇਨ੍ਹਾਂ ਦੇ ਰਜਿਸਟਰਡ ਹੋਣ ਦੇ ਸਬੂਤ ਵਜੋਂ ਪ੍ਰਮਾਣ ਪੱਤਰ ਦੀ ਕਾਪੀ ਦਿਤੀ ਜਾਵੇ। ਕੀ ਕੋਈ ਰਾਜਨੀਤਕ ਪਾਰਟੀ ਦਿੱਲੀ ਗੁਰਦਵਾਰਾ ਚੋਣਾਂ ਲੜ ਸਕਦੀ ਹੈ?

ਉਨ੍ਹਾਂ ਇਹ ਵੀ ਪੁਛਿਆ ਕਿ ਨਵੀਆਂ ਵੋਟਾਂ ਬਣਵਾਉਣ ਲਈ ਕਿਹੜਾ ਪਛਾਣ ਪੱਤਰ ਦੇਣਾ ਲਾਜ਼ਮੀ ਹੈ? ਕਿਉਂਕਿ ਆਧਾਰ ਕਾਰਡ ਦੀ ਥਾਂ ਸਿੱਖਾਂ ਤੋਂ ਬੈਂਕ ਖਾਤੇ ਦੀ ਕਾਪੀ ਦੀ ਨਕਲ ਮੰਗੀ ਜਾ ਰਹੀ ਹੈ। ਕੀ ਦਿੱਲੀ ਸਿੱਖ ਗੁਰਦਵਾਰਾ ਐਕਟ 1971 ਮੁਤਾਬਕ ਪੰਜਾਬੀ ਨਾ ਪੜ੍ਹਨ ਤੇ ਲਿਖ ਸਕਣ ਵਾਲੇ, ਦਾੜ੍ਹੀ ਰੰਗਣ ਵਾਲੇ ਉਮੀਦਵਾਰਾਂ ਦੇ ਪਰਚੇ ਰੱਦ ਕੀਤੀ ਜਾਣਗੇ? ਗੁਰਦਵਾਰਾ ਵੋਟਰ ਲਿਸਟਾਂ ਵਿਚ ਜਿਨ੍ਹਾਂ ਦੀ ਫ਼ੋਟੋ ਨਹੀਂ ਲੱਗੀ, ਕੀ ਉਹ ਵੋਟ ਪਾ ਸਕਣਗੇ ਜਾਂ ਨਹੀਂ? ਨਵੀਆਂ ਵੋਟਾਂ ਬਣਵਾਉਣ ਬਾਰੇ ਸਿੱਖਾਂ ਨੂੰ ਜਾਗਰੂਕ ਕਰਨ ਲਈ ਪ੍ਰਚਾਰ ਦੇ ਸਮੇਂ ਵਿਚ ਵਾਧਾ ਕਰਨ ਦੀ ਲੋੜ ਹੈ।