ਪੰਥਕ ਸੋਚ ਵਾਲਿਆਂ ਨੂੰ ਮਾਰੋ ਤੇ ਨਾਰਾਇਣ ਦਾਸ ਵਰਗਿਆਂ ਨੂੰ ਪੁਚਕਾਰੋ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸੌਦਾ ਸਾਧ ਮਗਰੋਂ ਨਾਰਾਇਣ ਦਾਸ ਪ੍ਰਤੀ ਪਹੁੰਚ ਨੇ ਸ਼੍ਰੋਮਣੀ ਕਮੇਟੀ ਦਾ ਕਿਰਦਾਰ ਨੰਗਾ ਕੀਤਾ

SGPC

ਤਰਨਤਾਰਨ, 21 ਮਈ (ਚਰਨਜੀਤ ਸਿੰਘ): ਉਦਾਸੀ ਸਾਧ ਨਾਰਾਇਣ ਦਾਸ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਤੇ ਕਿੰਤੂ ਕਰਨ ਦਾ ਮਾਮਲਾ ਖ਼ਤਮ ਕਰਨ ਲਈ ਨਾਟਕੀ ਢੰਗ ਨਾਲ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਹਨ। ਉਸ ਦੀ ਮਾਫ਼ੀ ਦਾ ਇਕ ਪੱਤਰ ਅਕਾਲ ਤਖ਼ਤ ਪੁੱਜ ਗਿਆ ਹੈ। ਮਾਫ਼ੀਨਾਮੇ ਵਿਚ ਸਾਧ ਨੇ ਗੁਰਬਾਣੀ ਦੇ ਸ਼ਬਦ ਵਰਤ ਕੇ ਸਿੱਖਾਂ ਨੂੰ ਗੁਮਰਾਹ ਕਰਨ ਦਾ ਯਤਨ ਕੀਤਾ ਹੈ। ਉਸ ਨੇ ਅਪਣਾ ਮਾਫ਼ੀਨਾਮਾ ਪੰਜ ਤਖ਼ਤਾਂ, ਪ੍ਰਧਾਨ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਦੇ ਨਾਲ-ਨਾਲ ਗੁਰਮਤਿ ਸਿਧਾਂਤ ਪ੍ਰਚਾਰ ਸੰਤ ਸਮਾਜ ਨੂੰ ਵੀ ਭੇਜਿਆ ਹੈ। 

ਸਾਧ ਨੇ ਸਿੱਧੇ ਤੌਰ 'ਤੇ ਗੁਰੂ ਸਾਹਿਬ ਦੀ ਸ਼ਾਨ ਵਿਚ ਗੁਸਤਾਖੀ ਭਰੇ ਸ਼ਬਦ ਵਰਤੇ ਅਤੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਨੂੰ ਚੁਨੌਤੀ ਦਿਤੀ ਹੈ। ਕੱਝ ਇਕ ਵੀਰਾਂ ਨੇ ਆਪੋ ਆਪਣੇ ਤੌਰ 'ਤੇ ਸਾਧ ਨਾਲ ਸੰਪਰਕ ਕੀਤਾ ਪਰ ਉਨ੍ਹਾਂ ਦੀ ਆਵਾਜ਼ ਨੂੰ ਬੰਦ ਕਰਨ ਲਈ ਕੁੱਝ ਅਪਣੇ ਹੀ ਸਰਗਰਮ ਹੋ ਚੁੱਕੇ ਸਨ। 
ਅਪਣੀ ਪਹਿਲੀ ਵੀਡੀਉ ਵਿਚ ਜਿਥੇ ਉਦਾਸੀ ਸਾਧ ਨਾਰਾਇਣ ਦਾਸ ਗੁਰੂ ਅਰਜੁਨ ਸਾਹਿਬ ਉਤੇ ਭਗਤਾਂ ਦੀ ਬਾਣੀ ਨਾਲ ਛੇੜਛਾੜ ਕਰਨ ਦਾ ਦੋਸ਼ ਲਗਾਉਂਦਾ ਹੈ, ਉਥੇ ਦੂਜੀ ਵੀਡੀਉ ਵਿਚ ਬੜੀ ਹੀ ਬੇਸ਼ਰਮੀ ਨਾਲ ਝੂਠੀ ਜਹੀ ਮਾਫ਼ੀ ਮੰਗਦਾ ਅਪਣੀ ਪਹਿਲਾਂ ਵਾਲੀ ਕਹੀ ਗੱਲ 'ਤੇ ਕਾਇਮ ਰਹਿੰਦਾ ਹੈ।

ਹੁਣ ਨਵੀਂ ਮਾਫ਼ੀ ਵਿਚ ਹੰਕਾਰ ਨਾਲ ਭਰੇ ਸ਼ਬਦਾਂ ਵਿਚ ਸਾਧ ਅਪਣੇ ਨਾਂ ਨਾਲ ਜੀ ਸ਼ਬਦ ਦੀ ਵਰਤੋਂ ਕਰਦਾ ਹੋਇਆ ਵਾਸਤੇ ਪਾ ਰਿਹਾ ਹੈ। ਸਾਧ ਦਾ ਇਹ ਅਖੌਤੀ ਮਾਫ਼ੀਨਾਮਾ ਵੇਖ ਕੇ ਮਹਿਸੂਸ ਹੁੰਦਾ ਹੈ ਜਿਵੇ ਇਹ ਪੱਤਰ ਉਸ ਦੇ ਨਾਮ ਹੇਠ ਲਿਖਿਆ ਗਿਆ ਹੋਵੇ।  ਹੈਰਾਨਗੀ ਇਸ ਗੱਲ ਦੀ ਹੈ ਕਿ 16 ਮਾਰਚ 2010 ਨੂੰ ਜਦ ਨਾਨਕਸ਼ਾਹੀ ਕੈਲੰਡਰ ਮਾਮਲੇ ਤੇ ਰੋਜ਼ਾਨਾ ਸਪੋਕਸਮੈਨ ਵਿਚ ਇਕ ਸੰਪਾਦਕੀ ਲਿਖੀ ਗਈ ਸੀ ਤਾਂ ਇਸ ਤਰ੍ਹਾਂ ਨਾਲ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਜਿਵੇਂ ਇਕ ਵੱਡੀ ਗ਼ਲਤੀ ਹੋ ਗਈ ਹੋਵੇ।

ਉਹੀ ਲੋਕ ਜੋ ਅੱਜ ਸਾਧ ਨੂੰ ਬਚਾਉਣ ਲਈ ਪੱਬਾਂ ਭਾਰ ਹੋਏ ਹਨ, ਸੋਧ ਦਿਆਂਗੇ, ਅਖ਼ਖਬਾਰ ਬੰਦ ਕਰਵਾ ਦਿਆਂਗੇ, ਕਲ ਤਕ ਮਾਫ਼ੀ ਮੰਗੋ ਆਦਿ ਕਹਿ ਕੇ ਬਹੁਤ ਕੁੱਝ ਸੁਣਾ ਰਹੇ ਸਨ। ਇਥੇ ਹੀ ਬਸ ਨਹੀਂ, ਸ਼੍ਰੋਮਣੀ ਕਮੇਟੀ ਨੇ ਤੁਰਤ ਕਾਰਵਾਈ ਕਰਦਿਆਂ ਸ. ਜੋਗਿੰਦਰ ਸਿੰਘ ਵਿਰੁਧ ਧਾਰਮਕ ਭਾਵਨਾਵਾਂ ਭੜਕਾਉਣ ਦਾ ਮਾਮਲਾ ਵੀ ਅੰਮ੍ਰਿਤਸਰ ਦੇ ਕੋਤਵਾਲੀ ਥਾਣੇ ਵਿਚ ਦਰਜ ਕਰਵਾ ਦਿਤਾ ਸੀ ਹਾਲਾਂਕਿ ਸੰਪਾਦਕੀ ਵਿਚ ਅਜਿਹਾ ਕੁੱਝ ਨਹੀਂ ਸੀ ਲਿਖਿਆ ਜਿਸ ਨੂੰ ਪੜ੍ਹ ਕੇ ਕਿਹਾ ਜਾ ਸਕੇ ਕਿ ਇਸ ਨਾਲ  ਧਾਰਮਕ ਭਾਵਨਾਵਾਂ ਭੜਕੀਆਂ ਹੋਣ।

ਪਰ ਦੂਜੇ ਪਾਸੇ ਸਾਧ ਨੇ ਸਿੱਧੇ ਤੌਰ ਤੇ ਸਿੱਖਾਂ ਦੇ ਇਸ਼ਟ 'ਤੇ ਹੀ ਹਮਲਾ ਕਰ ਦਿਤਾ ਹੈ ਤੇ ਕੁੱਝ ਲੋਕ ਉਸ ਨੂੰ ਮਾਫ਼ ਕਰਵਾਉਣ ਲਈ ਉਤਾਵਲੇ ਵੀ ਹੋ ਚੁੱਕੇ ਹਨ। ਸਪੋਕਸਮੈਨ ਨੇ ਮਹਿਸੂਸ ਕੀਤਾ ਕਿ 16 ਮਾਰਚ 2010 ਦੀ ਸੰਪਾਦਕੀ ਕਾਰਨ ਕੁਝ ਲੋਕਾਂ ਦੀਆਂ ਭਾਵਨਾਵਾਂ ਭੜਕੀਆਂ ਹਨ ਤਾਂ ਉਨ੍ਹਾਂ ਫਰਾਖ਼ ਦਿਲੀ ਵਿਖਾਉਦਿਆਂ 19 ਮਾਰਚ 2010 ਦੀ ਅਖ਼ਬਾਰ ਉਕਤ ਸੰਪਾਦਕੀ ਮੂਲ ਰੂਪ ਵਿਚ ਹੀ ਵਾਪਸ ਲੈ ਲਈ ਸੀ।

ਸਾਧ ਨੇ ਢੀਠਤਾਈ ਵਿਖਾਉਂਦਿਆਂ ਦੋ ਦਿਨ ਬਾਅਦ ਜਾਰੀ ਵੀਡੀਉ ਵਿਚ ਮੰਨਿਆ ਕਿ ਉਸ ਦੀ ਕਹੀ ਗੱਲ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਜੇ ਠੇਸ ਪੁੱਜੀ ਹੈ ਤਾਂ ਉਹ ਮਾਫ਼ੀ ਮੰਗਦਾ ਹੈ ਪਰ ਨਾਲ ਹੀ ਸਾਧ ਕਹਿੰਦਾ ਹੈ ਕਿ ਉਹ ਅਪਣੀ ਕਹੀ ਗੱਲ 'ਤੇ ਅੱਜ ਵੀ ਕਾਇਮ ਹੈ। ਅੱਜ ਇਸ ਤੇ ਪੰਥ ਦੇ ਠੇਕੇਦਾਰ ਖ਼ਾਮੋਸ਼ ਕਿਉਂ ਹਨ।