'ਅਰਦਾਸ 2' ਫ਼ਿਲਮ ਦਾ ਨਾਮ ਬਦਲ ਕੇ 'ਅਰਦਾਸ ਕਰਾਂ' ਰਖਿਆ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅਮਰਬੀਰ ਸਿੰਘ ਢੋਟ ਨੇ ਪੰਜਾਬ ਭਰ ਵਿਚ ਸਖ਼ਤ ਵਿਰੋਧ ਕਰਨ ਦੀ ਦਿਤੀ ਸੀ ਚਿਤਾਵਨੀ

'Ardaas 2' changed the name of the movie to 'Ardaas Karan'

ਅੰਮ੍ਰਿਤਸਰ : ਸਿੱਖ ਸਟੂਡੈਂਟਸ ਫ਼ੈਡਰੇਸ਼ਨ (ਮਹਿਤਾ) ਦੇ ਪ੍ਰਧਾਨ ਅਮਰਬੀਰ ਸਿੰਘ ਢੋਟ ਵਲੋਂ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਦਸਿਆ ਕਿ ਪਿਛਲੇ ਦਿਨੀਂ ਇਕ ਫ਼ਿਲਮ 'ਅਰਦਾਸ 2' ਦੇ ਨਾਮ ਨਾਲ ਸਿਨੇਮਾ ਘਰਾਂ ਵਿਚ ਲੱਗਣ ਜਾ ਰਹੀ ਸੀ ਜਿਸ ਦੇ ਨਿਰਦੇਸ਼ਕ ਮਸ਼ਹੂਰ ਗਾਇਕ ਅਤੇ ਐਕਟਰ ਗਿੱਪੀ ਗਰੇਵਾਲ ਹਨ।  ਸ.ਢੋਟ ਨੇ ਦਸਿਆ ਕਿ ਮਿਤੀ 12 ਅਪ੍ਰੈਲ 2019 ਨੂੰ ਉਨ੍ਹਾਂ ਫ਼ੈਡਰੇਸ਼ਨ ਦੀ ਇਕ ਮੀਟਿੰਗ ਵਿਚ ਵਿਚਾਰ ਕਰਨ ਉਪਰੰਤ ਇਸ ਫ਼ਿਲਮ ਦੇ ਨਿਰਦੇਸ਼ਕਾਂ ਨੂੰ ਪੱਤਰਕਾਰਵਾਰਤਾ ਜ਼ਰੀਏ ਸਖ਼ਤ ਚੇਤਾਵਨੀ ਦਿਤੀ ਸੀ ਕਿ ਕੋਈ ਵੀ ਅਜਿਹੀ ਫ਼ਿਲਮ ਜੋ ਕਿਸੇ ਵੀ ਧਰਮ ਦਾ ਨਿਰਾਦਰ ਕਰਦੀ ਹੈ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਮਹਿਤਾ ਉਸ ਦਾ ਸਖ਼ਤ ਵਿਰੋਧ ਕਰੇਗੀ ਅਤੇ ਸਿੱਖ ਦੀ ਅਰਦਾਸ ਕੇਵਲ ਇਕ ਹੀ ਹੁੰਦੀ ਹੈ ਅਤੇ ਇਹ ਫ਼ਿਲਮ ਸਿੱਖੀ ਸਿਧਾਂਤਾਂ ਦੇ ਉਲਟ ਜਾ ਕੇ ਇਸ ਦਾ ਨਾਮ ਅਰਦਾਸ 2 ਰਖਿਆ ਗਿਆ ਸੀ। 

ਫ਼ੈਡਰੇਸ਼ਨ ਦੀ ਸਖ਼ਤ ਚੇਤਾਵਨੀ ਤੋਂ ਬਾਅਦ ਫ਼ਿਲਮ ਦੇ ਨਿਰਦੇਸ਼ਕਾਂ ਵਲੋਂ ਕੀਤੀ ਗਈ ਮੀਟਿੰਗ ਉਪਰੰਤ ਉਨ੍ਹਾਂ ਫ਼ਿਲਮ ਦਾ ਨਾਮ ਬਦਲ ਕੇ 'ਅਰਦਾਸ 2' ਤੋਂ 'ਅਰਦਾਸ ਕਰਾਂ' ਰੱਖ ਦਿਤਾ ਗਿਆ ਹੈ। ਫ਼ੈਡਰੇਸ਼ਨ ਵਲੋਂ ਫ਼ਿਲਮ ਦੇ ਨਿਰਦੇਸ਼ਕ ਅਤੇ ਸਮੁੱਚੀ ਟੀਮ ਦਾ ਧਨਵਾਦ ਕੀਤਾ ਕਿ ਉਨ੍ਹਾਂ ਸਿੱਖ ਪੰਥ ਦੀਆਂ ਭਾਵਨਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੀ ਮੰਗ ਨੂੰ ਪ੍ਰਵਾਨ ਕਰਦੇ ਹੋਏ ਫ਼ਿਲਮ ਦਾ ਨਾਮ ਬਦਲਿਆ ਜਿਸ ਦਾ ਐਲਾਨ ਅਤੇ ਫ਼ਿਲਮ ਦਾ ਪੋਸਟਰ ਫ਼ਿਲਮ ਦੇ ਨਿਰਦੇਸ਼ਕ ਗਿੱਪੀ ਗਰੇਵਾਲ ਨੇ ਅਪਣੀ ਇੰਸਟਾਗ੍ਰਾਮ 'ਤੇ ਪੋਸਟ ਕਰ ਕੇ ਕੀਤਾ।

ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਅਮਰਬੀਰ ਸਿੰਘ ਢੋਟ ਨੇ ਕਿਹਾ ਕਿ ਫ਼ੈਡਰੇਸ਼ਨ ਅੱਗੇ ਤੋਂ ਵੀ ਇਸ ਗੱਲ ਦਾ ਧਿਆਨ ਰੱਖੇਗੀ ਕਿ ਕਿਸੇ ਨੂੰ ਕਿਸੇ ਵੀ ਤਰੀਕੇ ਕਿਸੇ ਵੀ ਧਰਮ ਦਾ ਨਿਰਾਦਰ ਕਰਨ ਦੀ ਆਗਿਆ ਨਹੀਂ ਦਿਤੀ ਜਾਵੇ ਅਤੇ ਅਜਿਹੀ ਸੂਰਤ ਵੀ ਜੇਕਰ ਕੋਈ ਵੀ ਅਜਿਹਾ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਫ਼ੈਡਰੇਸ਼ਨ ਇਸ ਦਾ ਸਖ਼ਤੀ ਨਾਲ ਵਿਰੋਧ ਕਰੇਗੀ।