ਰਾਜਨਾਥ ਨੇ ਛਿੜਕਿਆ ਸਿੱਖ ਜ਼ਖ਼ਮਾਂ 'ਤੇ ਲੂਣ: ਬਲਬੀਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਵਲੋਂ 1984 ਵਿਚ ਹੋਏ ਸਿੱਖ ਕਤਲੇਆਮ ਨੂੰ ਸਿਰਫ਼ ਭੀੜ ਵਲੋਂ ਕਤਲ (ਲਿੰਚਿੰਗ).............

Rajnath Singh

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਵਲੋਂ 1984 ਵਿਚ ਹੋਏ ਸਿੱਖ ਕਤਲੇਆਮ ਨੂੰ ਸਿਰਫ਼ ਭੀੜ ਵਲੋਂ ਕਤਲ (ਲਿੰਚਿੰਗ) ਤਕ ਸੀਮਤ ਕਰਨ ਨੂੰ ਬੇਇਨਸਾਫ਼ੀ ਕਰਾਰ ਦਿਤਾ ਹੈ। ਪਾਰਟੀ ਦੇ ਸਹਿ-ਪ੍ਰਧਾਨ ਡਾ. ਬਲਬੀਰ ਸਿੰਘ ਨੇ ਕਿਹਾ ਕਿ 1984 'ਚ ਦਿੱਲੀ ਸਮੇਤ ਦੇਸ਼ ਦੇ ਹੋਰ ਹਿੱਸਿਆ ਵਿਚ ਸਿੱਖਾਂ ਵਿਰੁਧ ਹੋਈ ਸੋਚੀ ਸਮਝੀ ਨਸਲਕੁਸ਼ੀ ਨੂੰ ਸਿਰਫ਼ ਹਜੂਮੀ ਕਤਲੋਗਾਰਦ ਤਕ ਸੀਮਤ ਕਰ ਕੇ ਰਾਜਨਾਥ ਸਿੰਘ ਨੇ ਸਿੱਖ ਕੌਮ ਦੇ ਜ਼ਖ਼ਮਾਂ 'ਤੇ ਲੂਣ ਛਿੜਕਿਆ ਹੈ।

ਇਸ ਲਈ ਰਾਜਨਾਥ ਸਿੰਘ ਇਸ ਬਿਆਨ ਨੂੰ ਵਾਪਸ ਲੈਣ ਅਤੇ ਦੱਸਣ ਕਿ ਉਸ ਸਮੇਂ ਕਾਂਗਰਸ ਹਕੂਮਤ ਦੀ ਨੱਕ ਥੱਲੇ ਕਈ ਦਿਨ ਚੱਲੀ ਸਿੱਖਾਂ ਦੀ ਕਤਲੋਗਾਰਦ ਅਸਲ ਵਿਚ ਨਸਲਕੁਸ਼ੀ ਸੀ ਜਾਂ ਨਹੀਂ? ਉਨ੍ਹਾਂ ਕਿਹਾ ਕਿ ਅਫ਼ਸੋਸ ਇਸ ਗੱਲ ਦਾ ਹੈ ਕਿ ਭਾਜਪਾ ਨੇ ਵੀ 1984 ਦੇ ਕਤਲੇਆਮ ਦੇ ਪੀੜਤ ਸਿੱਖਾਂ ਨੂੰ ਅਪਣੀਆਂ ਸਰਕਾਰਾਂ ਦੌਰਾਨ ਸਮਾਂਬੱਧ ਇਨਸਾਫ਼ ਦੇਣ ਵਿਚ ਦਿਲਚਸਪੀ ਨਹੀਂ ਵਿਖਾਈ। ਕਾਂਗਰਸ ਤੋਂ ਵੀ ਅੱਗੇ ਲੰਘਦਿਆਂ ਕਤਲੇਆਮ ਨੂੰ ਪਹਿਲਾਂ ਦੰਗੇ ਅਤੇ ਹੁਣ ਭੀੜਤੰਤਰ ਵਲੋਂ ਕੀਤੀ ਕਤਲੋਗਾਰਦ (ਲਿੰਚਿੰਗ) ਕਹਿ ਦਿਤਾ ਹੈ ਜਦਕਿ ਕਾਨੂੰਨੀ ਧਾਰਾਵਾਂ ਵੀ ਕਤਲੇਆਮ, ਦੰਗੇ ਅਤੇ ਲਿੰਚਿੰਗ ਨੂੰ ਵੱਖੋ-ਵੱਖ ਪ੍ਰਭਾਸ਼ਤ ਕਰਦੀਆਂ ਹਨ।

ਡਾ. ਬਲਬੀਰ ਸਿੰਘ ਨੇ ਕੇਂਦਰ ਵਿਚ ਭਾਜਪਾ ਦੇ ਭਾਈਵਾਲ ਅਕਾਲੀ ਦਲ ਬਾਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ, ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੋਂ ਸਪਸ਼ਟੀਕਰਨ ਮੰਗਿਆ ਕਿ ਉਹ ਦੱਸਣ ਕਿ 1984 'ਚ ਸਿੱਖਾਂ ਨਾਲ ਜੋ ਕੁੱਝ ਵਾਪਰਿਆ ਉਹ ਕਤਲੇਆਮ ਸੀ, ਦੰਗੇ ਸਨ ਜਾਂ ਭੀੜ ਵਲੋਂ ਕਤਲ (ਲਿੰਚਿੰਗ) ਸੀ?