ਨਿਊਯਾਰਕ 'ਚ ਜੀ.ਕੇ. ਦੀ ਕਾਰ 'ਤੇ ਜੁੱਤੀਆਂ ਦੀ ਬਰਸਾਤ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਨਿਊਯਾਰਕ 'ਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਪੰਜਾਬ ਵਿਚ ਹੋਈ ਸ਼ਬਦ ਗੁਰੂ ਦੀ ਬੇਅਦਬੀ ਲਈ ਬਾਦਲ ਦੀ ਸ਼ਮੂਲੀਅਤ.............

Manjit Singh GK

ਨਿਊਯਾਰਕ  : ਨਿਊਯਾਰਕ 'ਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਪੰਜਾਬ ਵਿਚ ਹੋਈ ਸ਼ਬਦ ਗੁਰੂ ਦੀ ਬੇਅਦਬੀ ਲਈ ਬਾਦਲ ਦੀ ਸ਼ਮੂਲੀਅਤ ਹੋਣ ਤੋਂ ਬਾਅਦ ਸਿੱਖ ਜਥੇਬੰਦੀਆਂ ਦੇ ਕਾਰਕੁਨਾਂ ਵਲੋਂ ਬਾਦਲ ਆਗੂਆਂ ਦਾ ਭਾਰੀ ਵਿਰੋਧ ਕੀਤਾ ਗਿਆ। ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਰਗਾੜੀ ਕਾਂਡ ਵਿਚ ਸ਼ਹੀਦ ਕੀਤੇ ਗਏ ਸਿੰਘਾਂ ਦੇ ਪਿੱਛੇ ਅਕਾਲੀ ਦਲ ਬਾਦਲ ਖ਼ਾਸ ਕਰਕੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਪੁਲੀਸ ਦੇ ਅਧਿਕਾਰੀਆਂ ਦਾ ਹੱਥ ਸਪੱਸ਼ਟ ਹੋ ਜਾਣ ਤੋਂ ਬਾਅਦ ਨਿਊਯਾਰਕ ਦੇ 96 ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਮਰਥਨ ਨਾਲ ਬਣੀ ਸਿੱਖ

ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂਐਸਏ) ਅਤੇ ਵਿਦੇਸ਼ਾਂ ਵਿਚ ਬੈਠੇ ਸਿੱਖਾਂ ਨੇ ਅਕਾਲੀ ਦਲ ਦੇ ਲੀਡਰਾਂ ਦਾ ਅਮਰੀਕਾ ਵਿਚ ਆਉਣ 'ਤੇ ਤਿੱਖਾ ਵਿਰੋਧ ਕਰਨ ਦਾ ਫ਼ੈਸਲਾ ਕੀਤਾ ਹੈ। ਇਸੇ ਤਹਿਤ ਦਿਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਦਾ ਨਿਊਯਾਰਕ ਦੇ ਗੁਰਦੁਆਰਾ ਮੱਖਣ ਸ਼ਾਹ ਲੁਬਾਣਾ ਪੁੱਜਣ 'ਤੇ ਸਿੱਖ ਸੰਗਤਾਂ ਨੇ ਤਿੱਖਾ ਵਿਰੋਧ ਕੀਤਾ। ਉਨ੍ਹਾਂ ਦਾ ਵਿਰੋਧ ਇੰਨਾ ਵਿਆਪਕ ਹੋ ਗਿਆ ਕਿ ਸਮਾਗਮ ਦੇ ਪ੍ਰਬੰਧਕਾਂ ਨੂੰ ਨਿਊਯਾਰਕ ਦੀ ਪੁਲਿਸ ਬੁਲਾਉਣੀ ਪਈ। ਪੁਲਿਸ ਦੇ ਦਖ਼ਲ ਨਾਲ ਹੀ ਮਨਜੀਤ ਸਿੰਘ ਜੀ ਕੇ ਕੁੱਝ ਸਮੇਂ ਲਈ ਸਟੇਜ 'ਤੇ ਬੋਲ ਸਕੇ।

ਬੀਤੀ ਰਾਤ ਦਿਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦਾ ਸਿੱਖਸ ਫਾਰ ਜਸਟਿਸ ਦੇ ਕਾਰਕੁਨਾਂ ਵਲੋਂ ਭਾਰੀ ਵਿਰੋਧ ਕੀਤਾ ਗਿਆ। 
ਕਾਰਕੁਨਾਂ ਨੇ ਜੀ.ਕੇ. ਦੀ ਗੱਡੀ 'ਤੇ ਜੁੱਤੀਆਂ ਮਾਰ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਬਾਦਲ ਦਲ ਦੇ ਆਗੂਆਂ ਨੂੰ ਜ਼ਲੀਲ ਕੀਤਾ ਜਿਸਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਇਸ ਸਬੰਧੀ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਕੋਆਰਡੀਨੇਟਰ ਹਿੰਮਤ ਸਿੰਘ ਨੇ ਦਸਿਆ ਕਿ ਬਾਦਲ ਦਲ ਦਾ ਕੋਈ ਵੀ ਲੀਡਰ ਇਥੇ ਆਵੇਗਾ ਤਾਂ ਉਸ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ ਅਤੇ ਇਸ ਦਾ ਜ਼ਿੰਮੇਵਾਰ ਖੁਦ ਅਕਾਲੀ ਦਲ ਬਾਦਲ ਹੋਵੇਗਾ।

ਉਨ੍ਹਾਂ ਕਿਹਾ ਕਿ ਬਾਦਲਕਿਆਂ ਨੇ ਮੁੱਢ ਕਦੀਮੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਮ 'ਤੇ ਅਖੌਤੀ ਪੰਥਕ ਮਖੌਟਾ ਪਾ ਕੇ ਸਿੱਖ ਸੰਗਤਾਂ ਨੂੰ ਹਮੇਸ਼ਾ ਬੁੱਧੂ ਬਣਾਇਆ, ਪਰ ਹੈਰਾਨੀ ਉਦੋਂ ਹੋਈ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਸਿਰਸੇ ਵਾਲੇ ਸਾਧ ਦੇ ਚੇਲਿਆਂ ਨੇ ਪੋਸਟਰ ਤੱਕ ਲਾ ਦਿਤੇ, ਵਿਰੋਧ ਕਰ ਰਹੀਆਂ ਸਿੱਖ ਸੰਗਤਾਂ 'ਤੇ ਗੋਲ਼ੀਆਂ ਚਲਾ ਕੇ ਦੋ ਸਿੰਘਾਂ ਨੂੰ ਸ਼ਹੀਦ ਕਰ ਦਿਤਾ। ਹੈਰਾਨੀ ਉਸ ਵੇਲੇ ਹੋਈ ਜਦੋਂ ਅਣਪਛਾਤੀ ਪੁਲਿਸ 'ਤੇ ਪਰਚਾ ਦਰਜ ਕਰ ਦਿਤਾ। ਕੋਈ ਪੁੱਛਣ ਵਾਲਾ ਹੋਵੇ ਕਿ ਕਦੇ ਪੁਲਿਸ ਵੀ ਅਣਪਛਾਤੀ ਹੋ ਸਕਦੀ ਹੈ?

ਉਸ ਤੋਂ ਸਪੱਸ਼ਟ ਹੋ ਗਿਆ ਕਿ ਬਾਦਲ ਦਲ ਵੋਟਾਂ ਖ਼ਾਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਵੀ ਅੰਦਰੋਗਤੀ ਮਾਫ਼ ਕਰ ਗਿਆ ਹੈ। ਇਸ ਤੋਂ ਵੱਡੀ ਬੱਜਰ ਕੁਰਾਹਿਤ ਕੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਬਾਦਲ ਦਲ ਨੇ ਜ਼ੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਵੀ ਦਬਾ ਲਈ ਸੀ ਪਰ ਹੁਣ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਆਈ ਰਿਪੋਰਟ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿਤਾ। ਇਹ ਸਪੱਸ਼ਟ ਹੋ ਗਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਪਿੱਛੇ ਬਾਦਲ ਦਲ ਦਾ ਹੀ ਹੱਥ ਸੀ। 

ਉਨ੍ਹਾਂ ਕਿਹਾ ਕਿ ਦੋਸ਼ੀ ਬਾਦਲ ਦਲ਼ੀਆਂ ਨੂੰ ਹੁਣ ਵਿਦੇਸ਼ਾਂ ਦੀ ਸਿੱਖ ਸੰਗਤ ਮੂੰਹ ਨਹੀਂ ਲਾਵੇਗੀ। ਉਨ੍ਹਾਂ ਕਿਹਾ ਕਿ ਭਾਰਤੀ ਸਿਆਸਤਦਾਨਾਂ ਨੇ ਜੀ.ਕੇ. ਨੂੰ ਆਪਣੇ ਏਜੰਡੇ ਦਾ ਪ੍ਰਚਾਰ ਕਰਨ ਲਈ ਗੁਰਦੁਆਰਾ ਸਾਹਿਬ ਦੀ ਵਰਤੋਂ ਕਰਨ ਲਈ ਭੇਜਿਆ ਹੈ ਜਿਸ ਦੀ ਇਜਾਜ਼ਤ ਬਿਲਕੁਲ ਨਹੀਂ ਦਿਤੀ ਜਾਵੇਗੀ। ਇਸ ਵੇਲੇ ਸੁਰਜੀਤ ਸਿੰਘ ਕਲਾਰ ਸ਼੍ਰੋਮਣੀ ਅਕਾਲੀ ਦਲ (ਅ), ਬਲਾਕਾ ਸਿੰਘ ਸਿੱਖ ਯੂਥ ਆਫ਼ ਅਮਰੀਕਾ, ਰਾਣਾ ਸਿੰਘ ਸਿੱਖ ਫਾਰ ਜਸਟਿਸ, ਬਲਜਿੰਦਰ ਸਿੰਘ ਦੋਆਬਾ ਸਿੱਖ ਐਸੋਸੀਏਸ਼ਨ ਦੇ ਆਗੂਆਂ ਨੇ ਵੀ ਵਿਰੋਧ ਵਿਚ ਅਹਿਮ ਰੋਲ ਨਿਭਾਇਆ ਅਤੇ ਐਲਾਨ ਕੀਤਾ।

Related Stories