ਮਨਜੀਤ ਸਿੰਘ ਜੀ.ਕੇ. ਦਾ ਅਮਰੀਕਾ ਦੀ ਸਿੱਖ ਸੰਗਤ ਨੇ ਕੀਤਾ ਤਿੱਖਾ ਵਿਰੋਧ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਰਗਾੜੀ ਕਾਂਡ ਵਿਚ ਸ਼ਹੀਦ ਕੀਤੇ ਗਏ ਸਿੰਘਾਂ ਦੀ ਸ਼ਹਾਦਤ ਪਿੱਛੇ ਅਕਾਲੀ ਦਲ ਬਾਦਲ ਖ਼ਾਸ ਕਰ ਕੇ..................

Sikh Sangat Protesting

ਕੋਟਕਪੂਰਾ : ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਰਗਾੜੀ ਕਾਂਡ ਵਿਚ ਸ਼ਹੀਦ ਕੀਤੇ ਗਏ ਸਿੰਘਾਂ ਦੀ ਸ਼ਹਾਦਤ ਪਿੱਛੇ ਅਕਾਲੀ ਦਲ ਬਾਦਲ ਖ਼ਾਸ ਕਰ ਕੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਪੁਲਿਸ ਦੇ ਅਧਿਕਾਰੀਆਂ ਦਾ ਹੱਥ ਹੁਣ ਸਪਸ਼ਟ ਹੋ ਗਿਆ ਜਿਸ ਕਰ ਕੇ 96 ਗੁਰਦਵਾਰਾ ਪ੍ਰਬੰਧਕ ਕਮੇਟੀਆਂ ਦੇ ਸਮਰਥਨ ਨਾਲ ਬਣੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂਐਸਏ) ਅਤੇ ਵਿਦੇਸ਼ਾਂ ਵਿਚ ਬੈਠੇ ਸਿੱਖਾਂ ਨੇ ਅਕਾਲੀ ਦਲ ਬਾਦਲ ਦੇ ਲੀਡਰਾਂ ਦਾ ਅਮਰੀਕਾ ਵਿਚ ਆਉਣ 'ਤੇ ਤਿੱਖਾ ਵਿਰੋਧ ਕਰਨ ਦਾ ਫ਼ੈਸਲਾ ਕੀਤਾ ਹੈ।

ਇਸੇ ਤਹਿਤ ਜਦੋਂ ਹੀ ਦਿਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨਿਊਯਾਰਕ ਦੇ ਗੁਰਦਵਾਰਾ ਮੱਖਣ ਸ਼ਾਹ ਲੁਬਾਣਾ 'ਚ ਬੋਲਣ ਲਈ ਪੁੱਜੇ ਤਾਂ ਉਨ੍ਹਾਂ ਦਾ ਸਿੱਖ ਸੰਗਤਾਂ ਨੇ ਤਿੱਖਾ ਵਿਰੋਧ ਕੀਤਾ। ਉਨ੍ਹਾਂ ਦਾ ਵਿਰੋਧ ਏਨਾ ਵਿਆਪਕ ਹੋ ਗਿਆ ਕਿ ਇਸ ਸਮਾਗਮ ਦੇ ਪ੍ਰਬੰਧਕਾਂ ਨੂੰ ਨਿਊਯਾਰਕ ਦੀ ਪੁਲਿਸ ਬੁਲਾਉਣੀ ਪਈ। ਪੁਲਿਸ ਦੇ ਦਖ਼ਲ ਨਾਲ ਹੀ ਮਨਜੀਤ ਸਿੰਘ ਜੀ.ਕੇ. ਕੁੱਝ ਸਮੇਂ ਲਈ ਸਟੇਜ ਤੋਂ ਬੋਲ ਸਕੇ।

ਇਸ ਸਬੰਧੀ 'ਰੋਜ਼ਾਨਾ ਸਪੋਕਸਮੈਨ' ਦੇ ਨਾਂਅ ਬਿਆਨ ਜਾਰੀ ਕਰਦਿਆਂ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਕੋਆਰਡੀਨੇਟਰ ਹਿੰਮਤ ਸਿੰਘ ਨੇ ਦਸਿਆ ਕਿ ਜਦੋਂ ਹੀ ਮਨਜੀਤ ਸਿੰਘ ਜੀ ਕੇ ਦਾ ਇਥੇ ਆਉਣ ਬਾਰੇ ਪਤਾ ਲੱਗਾ ਤਾਂ ਸਿੱਖ ਸੰਗਤਾਂ ਨੇ ਉਸ ਦਾ ਵਿਰੋਧ ਕਰਨ ਦਾ ਬੀੜਾ ਚੁਕ ਲਿਆ, ਉਸ ਨੂੰ ਇਸ ਵੇਲੇ ਮੂੰਹ ਦੀ ਖਾਣੀ ਪਈ। ਉਨ੍ਹਾਂ ਕਿਹਾ ਕਿ ਇਥੇ ਬਾਦਲ ਦਲ ਦਾ ਕੋਈ ਵੀ ਲੀਡਰ ਆਵੇਗਾ ਤਾਂ ਉਸ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ, ਜਿਸ ਦੀ ਹੁੰਦੀ ਬੇਇੱਜ਼ਤੀ ਦਾ ਬਾਦਲ ਦਲ ਖ਼ੁਦ ਜ਼ਿੰਮੇਵਾਰ ਹੋਵੇਗਾ।

ਹਿੰਮਤ ਸਿੰਘ ਨੇ ਕਿਹਾ ਕਿ ਬਾਦਲਕਿਆਂ ਨੇ ਮੁੱਢ ਕਦੀਮੋਂ ਗੁਰੂ ਗ੍ਰੰਥ ਸਾਹਿਬ ਦੇ ਨਾਮ 'ਤੇ ਅਖੌਤੀ ਪੰਥਕ ਮੁਖੌਟਾ ਪਾ ਕੇ ਸਿੱਖ ਸੰਗਤਾਂ ਨੂੰ ਹਮੇਸ਼ਾ ਬੁੱਧੂ ਬਣਾਇਆ। ਉਨ੍ਹਾਂ ਕਿਹਾ ਕਿ ਭਾਰਤੀ ਸਿਆਸਤਦਾਨਾਂ ਨੇ ਜੀ ਕੇ ਨੂੰ ਅਪਣੇ ਏਜੰਡੇ ਦੇ ਪ੍ਰਚਾਰ ਵਾਸਤੇ ਗੁਰਦਵਾਰਿਆਂ ਦੀ ਵਰਤੋਂ ਕਰਨ ਲਈ ਭੇਜਿਆ ਹੈ ਜਿਸ ਦੀ ਇਜਾਜ਼ਤ ਬਿਲਕੁਲ ਨਹੀਂ ਦਿਤੀ ਜਾਵੇਗੀ।

ਇਸ ਵੇਲੇ ਸੁਰਜੀਤ ਸਿੰਘ ਕਲਾਰ ਸ਼੍ਰੋਮਣੀ ਅਕਾਲੀ ਦਲ (ਅ) , ਬਲਾਕਾ ਸਿੰਘ ਸਿੱਖ ਯੂਥ ਆਫ਼ ਅਮਰੀਕਾ, ਰਾਣਾ ਸਿੰਘ ਸਿੱਖ ਫ਼ਾਰ ਜਸਟਿਸ, ਬਲਜਿੰਦਰ ਸਿੰਘ ਦੋਆਬਾ ਸਿੱਖ ਐਸੋਸੀਏਸ਼ਨ ਆਦਿ ਦੇ ਆਗੂਆਂ ਨੇ ਵੀ ਵਿਰੋਧ ਵਿਚ ਅਹਿਮ ਰੋਲ ਨਿਭਾਇਆ ਅਤੇ ਐਲਾਨ ਕੀਤਾ ਕਿ ਉਹ ਬਾਦਲ ਦਲ ਅਰਥਾਤ ਆਰਐਸਐਸ ਦੇ ਕਾਰਕੁਨਾਂ ਦਾ ਜਿਥੇ ਵੀ ਉਹ ਜਾਣਗੇ ਅਸੀਂ ਇਨ੍ਹਾਂ ਦਾ ਇਸ ਤੋਂ ਵੀ ਵਧ ਵਿਰੋਧ ਕਰਾਂਗੇ।