ਹੁਣ ਉੱਚ ਪਧਰੀ ਸਰਕਾਰੀ ਸਮਾਗਮਾਂ ਵਿਚ ਸਿੱਖਾਂ ਨੂੰ ਕ੍ਰਿਪਾਨ ਕਰ ਕੇ ਪ੍ਰੇਸ਼ਾਨ ਨਹੀਂ ਕੀਤਾ ਜਾ ਸਕੇਗਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਦਿੱਲੀ ਪੁਲਿਸ ਨੇ ਦਿੱਲੀ ਹਾਈ ਕੋਰਟ ਵਿਚ ਮੰਨਿਆ ਕਿ ਸਿੱਖਾਂ ਨੂੰ ਕ੍ਰਿਪਾਨ ਧਾਰਨ ਦਾ ਕਾਨੂੰਨੀ ਹੱਕ ਹੈ

Siri Sahib

ਨਵੀਂ ਦਿੱਲੀ : ਹੁਣ ਉੱਚ ਪੱਧਰ ਦੇ ਸਰਕਾਰੀ ਸਮਾਗਮਾਂ ਤੇ ਸਰਕਾਰੀ ਥਾਂਵਾਂ 'ਤੇ ਸਿੱਖਾਂ ਨੂੰ ਕ੍ਰਿਪਾਨ ਪਹਿਣ ਕੇ ਸ਼ਾਮਲ ਹੋਣ ਦੇ ਹੱਕ 'ਤੇ ਸਵਾਲੀਆ ਨਿਸ਼ਾਨ ਨਹੀਂ ਲਾਇਆ ਜਾ ਸਕੇਗਾ। ਦਿੱਲੀ ਪੁਲਿਸ ਨੇ ਦਿੱਲੀ ਹਾਈ ਕੋਰਟ ਦੇ ਚੀਫ਼ ਜਸਟਿਸ ਦੀ ਅਗਵਾਈ ਹੇਠਲੀ ਬੈਂਚ ਕੋਲ ਇਹ ਗੱਲ ਪ੍ਰਵਾਨ ਕਰ ਲਈ ਹੈ ਕਿ ਇਕ ਅੰਮ੍ਰਿਤਧਾਰੀ ਸਿੱਖ ਨੂੰ 6 ਇੰਚ ਦੀ ਕ੍ਰਿਪਾਨ ਪਾ ਕੇ, ਹਰ ਥਾਂ ਜਾਣ ਦੀ ਕਾਨੂੰਨੀ ਤੌਰ 'ਤੇ ਇਜਾਜ਼ਤ ਹੈ। ਦੇਸ਼ ਵਿਚ ਹਵਾਈ ਉਡਾਣਾਂ ਵਿਚ ਵੀ ਕ੍ਰਿਪਾਨ ਨਾਲ ਸਿੱਖਾਂ ਨੂੰ ਸਫ਼ਰ ਕਰਨ ਦੀ ਕੇਂਦਰੀ ਹਵਾਈ ਮੰਤਰਾਲੇ ਵਲੋਂ ਵੀ ਪ੍ਰਵਾਨਗੀ ਦਿਤੀ ਗਈ ਹੋਈ ਹੈ।

ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਪਿਛਲੇ ਸਾਲ ਇਹ ਪਟੀਸ਼ਨ ਦਾਖ਼ਲ ਕੀਤੀ ਗਈ ਸੀ ਜਦੋਂ ਬਿਜਨੌਰ ਦੇ ਇਕ ਸਿੱਖ ਨੌਜਵਾਨ ਜਸਪ੍ਰੀਤ ਸਿੰਘ ਨੂੰ ਦਿੱਲੀ ਵਿਚ 15 ਅਗੱਸਤ ਨੂੰ ਪ੍ਰਧਾਨ ਮੰਤਰੀ ਦੀ ਤਕਰੀਰ ਇਸ ਲਈ ਨਹੀਂ ਸੀ ਸੁਣਨ ਦਿਤੀ ਗਈ ਕਿ ਉਸ ਨੇ ਕ੍ਰਿਪਾਨ ਧਾਰਨ ਕੀਤੀ ਹੋਈ ਸੀ। ਪਿਛੋਂ ਉਸ ਵਿਦਿਆਰਥੀ ਨੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਕੋਲ ਪਹੁੰਚ ਕੀਤੀ ਸੀ ਜਿਸ ਪਿਛੋਂ ਉਦੋਂ ਕਮੇਟੀ ਨੇ ਅਦਾਲਤ ਵਿਚ ਪਟੀਸ਼ਨ ਦਾਖ਼ਲ ਕਰ ਦਿਤੀ ਸੀ।

ਇਸ ਮਾਮਲੇ 'ਤੇ ਜਿਥੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਮਨਜਿੰਦਰ ਸਿੰਘ ਸਿਰਸਾ ਨੇ ਸਿੱਖਾਂ ਲਈ ਵੱਡੀ ਜਿੱਤ ਦਸਿਆ ਹੈ, ਉੁਥੇ ਹੀ ਕਮੇਟੀ ਦੇ ਸਾਬਕਾ ਪ੍ਰਧਾਨ ਸ.ਮਨਜੀਤ ਸਿੰਘ ਜੀ ਕੇ ਨੇ ਕਿਹਾ ਹੈ ਕਿ ਉਦੋਂ ਸੁਰੱਖਿਆ ਏਜੰਸੀਆਂ ਦੀ ਗ਼ਲਤੀ ਦਾ ਨਤੀਜਾ ਜਸਪ੍ਰੀਤ ਸਿੰਘ ਨੂੰ ਭੁਗਤਣਾ ਪਿਆ ਸੀ। ਜਦੋਂ ਕਿ ਸਿੱਖਾਂ ਨੂੰ ਧਾਰਾ 25 ਰਾਹੀਂ ਕ੍ਰਿਪਾਨ ਪਾਉਣ ਦਾ ਸੰਵਿਧਾਨਕ ਹੱਕ ਹੈ। ਇਸ ਵਿਚਕਾਰ ਸ.ਸਿਰਸਾ ਨੇ ਕਿਹਾ ਹੁਣ ਕ੍ਰਿਪਾਨ ਧਾਰੀ ਸਿੱਖਾਂ ਨੂੰ ਉੱਚ ਪੱਧਰ ਦੇ ਸਰਕਾਰੀ ਸਮਾਗਮਾਂ ਵਿਚ ਕ੍ਰਿਪਾਨ ਕਰ ਕੇ, ਤੰਗ ਨਹੀਂ ਕੀਤਾ ਜਾਵੇਗਾ ਅਤੇ ਪੁਲਿਸ ਵੀ ਸੰਵਿਧਾਨ ਦੀ ਧਾਰਾ 25 ਰਾਹੀਂ ਸਿੱਖਾਂ ਨੂੰ ਧਾਰਮਕ ਆਜ਼ਾਦੀ ਦੇ ਪ੍ਰਾਪਤ ਹੱਕ ਦਾ ਸਤਿਕਾਰ ਕਰੇਗੀ।