ਬੇਅਦਬੀ ਕਾਂਡ ਤੇ ਦਰਬਾਰ ਸਾਹਿਬ 'ਤੇ ਹਮਲੇ ਦੇ ਦੋਸ਼ੀਆਂ ਨੂੰ ਸਟੇਜ ਤੋਂ ਪਾਸੇ ਰੱਖਿਆ ਜਾਵੇ : ਭਾਈ ਮੰਡ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਹਫ਼ਤੇ ਭਰ 'ਚ ਭਾਈ ਗੋਬਿੰਦ ਸਿੰਘ ਲੌਂਗੋਵਾਲ ਲੈਣ ਫ਼ੈਸਲਾ

Dhian Singh Mand

ਬਠਿੰਡਾ (ਸੁਖਜਿੰਦਰ ਮਾਨ) : ਭਾਈ ਧਿਆਨ ਸਿੰਘ ਮੰਡ ਨੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਨਮ ਸ਼ਤਾਬਦੀ ਮੌਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਲਗਾਈ ਜਾਣ ਵਾਲੀ ਸਾਂਝੀ ਸਟੇਜ 'ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਂਡ ਤੇ ਸ੍ਰੀ ਦਰਬਾਰ ਸਾਹਿਬ ਉਪਰ 1984 'ਚ ਹੋਏ ਹਮਲੇ ਦੇ ਦੋਸ਼ੀਆਂ ਨੂੰ ਨਾ ਬੈਠਣ ਦੇਣ ਦੀ ਅਪੀਲ ਕੀਤੀ ਹੈ। ਅੱਜ ਬਠਿੰਡਾ ਪੁੱਜੇ ਭਾਈ ਮੰਡ ਨੇ ਸਥਾਨਕ ਪ੍ਰੈੱਸ ਕਲੱਬ 'ਚ ਇਕ ਪ੍ਰੈਸ ਕਾਨਫ਼ਰੰਸ ਕਰਦਿਆਂ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਇਸ ਗੰਭੀਰ ਮਸਲੇ 'ਤੇ ਜਵਾਬ ਦੇਣ ਲਈ ਇਕ ਹਫ਼ਤੇ ਦਾ ਸਮਾਂ ਦਿੰਦਿਆਂ ਉਸ ਤੋਂ ਬਾਅਦ ਖ਼ਾਲਸਾ ਪੰਥ ਦੀ ਰਾਇ ਨਾਲ ਕੋਈ ਵੱਡਾ ਫ਼ੈਸਲਾ ਲੈਣ ਦਾ ਐਲਾਨ ਵੀ ਕੀਤਾ।

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ 'ਚ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਬਰਗਾੜੀ ਵਿਖੇ ਮੋਰਚਾ ਲਗਾਉਣ ਵਾਲੇ ਭਾਈ ਮੰਡ ਨੇ ਦਾਅਵਾ ਕੀਤਾ, ''ਉਹ ਇਸ ਮਹਾਨ ਸਮਾਗਮਾਂ ਦੌਰਾਨ ਸਮੂਹ ਸਿੱਖਾਂ ਦੇ ਇਕ ਪਲੇਟਫ਼ਾਰਮ 'ਤੇ ਇਕੱਠੇ ਹੋਣ 'ਤੇ ਖ਼ੁਸ਼ ਹਨ ਪ੍ਰੰਤੂ ਦੋਸ਼ੀਆਂ ਨੂੰ ਸਟੇਜ 'ਤੇ ਬਿਠਾਉਣ ਜਾਂ ਬੋਲਣ ਨਾ ਦੇਣ ਦਾ ਫ਼ੈਸਲਾ ਕਰ ਕੇ ਸ਼੍ਰੋਮਣੀ ਕਮੇਟੀ ਇਸ ਵਿਚ ਹੋਰ ਵੀ ਵੱਡਾ ਯੋਗਦਾਨ ਪਾ ਸਕਦੀ ਹੈ।'' ਉਨ੍ਹਾਂ ਐਲਾਨ ਕੀਤਾ ਕਿ ਜੇਕਰ ਸ਼੍ਰੋਮਣੀ ਕਮੇਟੀ ਨੇ ਇਸ ਸਬੰਧੀ ਕੋਈ ਫ਼ੈਸਲਾ ਨਾ ਲਿਆ ਤਾਂ ਉਹ ਸੰਤ ਸਮਾਜ, ਧਾਰਮਕ ਜਥੇਬੰਦੀਆਂ ਦੀ ਮਦਦ ਨਾਲ ਅਲੱਗ ਤੋਂ ਕੋਈ ਫ਼ੈਸਲਾ ਲੈਣਗੇ।

ਇਸ ਮੌਕੇ ਭਾਈ ਮੰਡ ਨੇ ਕਾਹਲੀ 'ਚ ਬਰਗਾੜੀ ਮੋਰਚਾ ਚੁਕਣ ਤੋਂ ਬਾਅਦ ਪੰਜਾਬ ਸਰਕਾਰ ਦੁਆਰਾ ਕੋਈ ਕਾਰਵਾਈ ਨਾ ਕੀਤੇ ਜਾਣ 'ਤੇ ਕਿਹਾ, ''ਉਹ ਹਾਲੇ ਵੀ ਇੰਤਜ਼ਾਰ ਵਿਚ ਹਨ।'' ਉਨ੍ਹਾਂ ਪਾਕਿਸਤਾਨ ਸਰਕਾਰ ਵਲੋਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਰੱਖੀ ਫ਼ੀਸ ਨੂੰ ਵੀ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਉਨ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਵਾਲੀ, ਸੁਖਦੇਵ ਸਿੰਘ ਕਾਲਾ, ਮਹਿੰਦਰ ਸਿੰਘ ਖ਼ਾਲਸਾ ਆਦਿ ਵੀ ਹਾਜ਼ਰ ਸਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।