ਗੁਰਮੁਖੀ ਪੜ੍ਹਨ ਤੇ ਲਿਖਣ ਦੇ ਟੈਸਟ ਵਿਚੋਂ ਮਨਜਿੰਦਰ ਸਿੰਘ ਸਿਰਸਾ ਫ਼ੇਲ੍ਹ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਡਾਇਰੈਕਟਰ ਗੁਰਦਵਾਰਾ ਚੋਣਾਂ ਅਨੁਸਾਰ ਸਿਰਸਾ ਮੈਂਬਰ ਬਣਨ ਦੇ ਯੋਗ ਨਹੀਂ 

Manjinder Sirsa

ਨਵੀਂ ਦਿੱਲੀ, (ਅਮਨਦੀਪ ਸਿੰਘ): ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਮੁੜ ਤੋਂ ਦਿੱਲੀ ਗੁਰਦਵਾਰਾ ਕਮੇਟੀ ਦਾ ਮੈਂਬਰ ਨਾਮਜ਼ਦ ਹੋਣ ’ਤੇ ਕਾਨੂੰਨੀ ਤਲਵਾਰ ਲਟਕ ਗਈ ਹੈ। ਦਿੱਲੀ ਹਾਈ ਕੋਰਟ ਦੀ ਹਦਾਇਤ ’ਤੇ ਦਿੱਲੀ ਸਰਕਾਰ ਦੇ ਡਾਇਰੈਕਟਰ ਗੁਰਦਵਾਰਾ ਚੋਣਾਂ ਨਰਿੰਦਰ ਸਿੰਘ ਵਲੋਂ 17 ਸਤੰਬਰ ਨੂੰ ਸਿਰਸਾ ਦੇ ਗੁਰਮੁਖੀ ਪੜ੍ਹਨ ਅਤੇ ਲਿਖਣ ਦੇ ਲਏ ਗਏ ਟੈਸਟ ਵਿਚ ਸਿਰਸਾ ਫ਼ੇਲ੍ਹ ਹੋ ਗਏ ਹਨ। 

ਡਾਇਰੈਕਟਰ ਗੁਰਦਵਾਰਾ ਚੋਣਾਂ ਵਲੋਂ ਜਾਰੀ ਕੀਤੇ ਗਏ ਹੁਕਮ ਨੰਬਰ ਐਫ਼. ਨੰ.1/471/ਡੀਜੀਈ/ 2021, ਮਿਤੀ 21 ਸਤੰਬਰ ਵਿਚ ਸਪਸ਼ਟ ਤੌਰ ’ਤੇ ਆਖਿਆ ਗਿਆ ਹੈ ਕਿ ਦਿੱਲੀ ਸਿੱਖ ਗੁਰਦਵਾਰਾ ਐਕਟ 1971 ਦੀ ਧਾਰਾ 10 ਅਧੀਨ ਸ਼੍ਰੋਮਣੀ ਕਮੇਟੀ ਦੇ ਨੁਮਾਇੰਦੇ ਵਜੋਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣਨ ਦੀ ਯੋਗਤਾ ’ਤੇ ਮਨਜਿੰਦਰ ਸਿੰਘ ਸਿਰਸਾ ਪੂਰੇ ਨਹੀਂ ਉਤਰਦੇ, ਯੋਗ ਨਹੀਂ ਹਨ।

ਇਸ ਹੁਕਮ ਵਿਚ ਡਾਇਰਕਟਰ ਨੇ ਦਲੀਲ ਦਿਤੀ ਹੈ ਕਿ, ‘ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1358 ਤੋਂ ਮਨਜਿੰਦਰ ਸਿੰਘ ਸਿਰਸਾ ਨੂੰ ਗੁਰਮੁਖੀ ਪੜ੍ਹਨ ਲਈ ਕਿਹਾ ਗਿਆ ਤਾਂ ਉਹ ਸਹੀ ਤੇ ਸ਼ੁਧ ਨਹੀਂ ਪੜ੍ਹ ਸਕੇ। ਦੂਜਾ, ਜਦੋਂ ਮਨਜਿੰਦਰ ਸਿੰਘ ਸਿਰਸਾ ਨੂੰ ਗੁਰੂ ਗ੍ਰੰਥ ਸਾਹਿਬ ਵਿਚੋਂ ਡਿਕਟੇਸ਼ਨ ਦਿਤੀ ਗਈ ਤਾਂ ਉਨ੍ਹਾਂ ਸਿਧੇ ਤੌਰ ’ਤੇ ਗੁਰਮੁਖੀ ਲਿਖਣ ਤੋਂ ਨਾਂਹ ਕਰ ਦਿਤੀ ਤੇ ਕਿਹਾ, ‘ਇਸ ਦੀ ਭਾਸ਼ਾ ਬੜੀ ਔਖੀ ਹੈ।’ ਦੂਜੇ ਵਿਚਾਰ ਅਨੁਸਾਰ ਮੌਕੇ ’ਤੇ ਮਨਜਿੰਦਰ ਸਿੰਘ ਸਿਰਸਾ ਨੇ ਬਿਨਾਂ ਕਿਸੇ ਦੇ ਆਖੇ ਅਪਣੇ ਮਨ ਮੁਤਾਬਕ ਇਕ ਚਿੱਠੀ ਲਿਖੀ ਜਿਸ ਵਿਚ ਲਿਖਿਆ ਸੀ ਕਿ ਉਹ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਕਿਸੇ ਹੋਰ ਸ੍ਰੋਤ ਤੋਂ ਗੁਰਮੁਖੀ ਲਿਖਣ ਨੂੰ ਤਿਆਰ ਸਨ। ਅਜੀਬ ਗੱਲ ਹੈ ਕਿ ਮਨਜਿੰਦਰ ਸਿੰਘ ਸਿਰਸਾ ਨੇ ਅਪਣੇ ਵਲੋਂ ਅਪਣੇ ਮਨ ਮੁਤਾਬਕ ਸ਼ਬਦਾਂ ਦੀ ਚੋਣ ਕਰ ਕੇ ਲਿਖੀ ਗੁਰਮੁਖੀ ਵਿਚ 46 ਵਿਚੋਂ 27 ਸ਼ਬਦ ਗ਼ਲਤ ਲਿਖੇ ਸਨ ਜੋ ਉਸ ਦੀ ਗੁਰਮੁਖੀ ਪ੍ਰਤੀ ਪੇਤਲੀ ਜਾਣਕਾਰੀ ਦਰਸਾਉਂਦਾ ਹੈ।

ਇਸ ਵਿਚਕਾਰ ਜਦੋਂ ‘ਸਪੋਕਸਮੈਨ’ ਵਲੋਂ ਡਾਇਰੈਕਟਰ ਗੁਰਦਵਾਰਾ ਚੋਣਾਂ ਨਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ,“ਹਾਈ ਕੋਰਟ ਦੇ ਹੁਕਮ ਮੁਤਾਬਕ ਮਨਜਿੰਦਰ ਸਿੰਘ ਸਿਰਸਾ ਦੀ ਯੋਗਤਾ ਨੂੰ ਪਰਖਿਆ ਗਿਆ। ਪਰ ਉਹ ਸ਼ੁਧ ਪੰਜਾਬੀ/ਗੁਰਮੁਖੀ ਪੜ੍ਹ ਨਹੀਂ ਸਕੇ ਅਤੇ ਨਾ ਹੀ ਲਿਖ ਕੇ ਵਿਖਾ ਸਕੇ। ਉਹ ਮੈਂਬਣ ਬਣਨ ਦੀ ਯੋਗਤਾ ਨਹੀਂ ਰਖਦੇ। ਇਸ ਬਾਰੇ ਅਸੀਂ ਅਦਾਲਤ ਵਿਚ ਹਲਫ਼ਨਾਮਾ ਦਾਖ਼ਲ ਕਰ ਕੇ ਜਵਾਬ ਦਾਖ਼ਲ ਕਰਾਂਗੇ।’’

ਅਪਣੇ 4 ਪੰਨਿਆਂ ਦੇ ਹੁਕਮ ਵਿਚ ਡਾਇਰੈਕਟਰ ਨੇ ਦਿੱਲੀ ਸਿੱਖ ਗੁਰਦਵਾਰਾ ਐਕਟ-1971 ਦੀ ਧਾਰਾ 10 ਅਧੀਨ ਦਿੱਲੀ ‘ਕਮੇਟੀ ਮੈਂਬਰ ਬਣਨ/ ਨਾਮਜ਼ਦ ਹੋਣ ਦੀ ਯੋਗਤਾ’ ਦਾ ਜ਼ਿਕਰ ਕਰਦੇ ਹੋਏ ਲਿਖਿਆ ਹੈ ਕਿ ਸਿਰਸਾ ਨੇ ਮਿੱਥੀ ਤਰੀਕ ਨੂੰ ਪੇਸ਼ ਹੋ ਕੇ ਆਪਣੇ ਅੰਮ੍ਰਿਤਧਾਰੀ ਹੋਣ (ਖੰਡੇ ਕਾ ਅੰਮ੍ਰਿਤ ਲੈਣ) ਬਾਰੇ ਇਕ ਸਰਟੀਫ਼ੀਕੇਟ ਪੇਸ਼ ਕੀਤਾ, ਜਿਸ ਨੂੰ ਰੀਕਾਰਡ ’ਤੇ ਲੈ ਲਿਆ ਗਿਆ। ਗੁਰਮੁਖੀ ਪੜ੍ਹਨ/ ਲਿਖਣ ਬਾਰੇ ਪਹਿਲਾਂ ਮਨਜਿੰਦਰ ਸਿੰਘ ਸਿਰਸਾ ਨੇ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ, ਦਿੱਲੀ ਵਲੋਂ 17 ਸਤੰਬਰ 2021 ਨੂੰ  ਜਾਰੀ ਕੀਤਾ ਇਕ ਸਰਟੀਫ਼ੀਕੇਟ ਜਮ੍ਹਾਂ ਕਰਵਾਇਆ ਜਿਸ ਵਿਚ ਲਿਖਿਆ ਸੀ ਕਿ ਉਹ (ਸਿਰਸਾ) 1990 ਤੋਂ 93 ਤਕ ਤਿੰਨ ਸਾਲਾ ਅੰਡਰ ਗ੍ਰੈਜੂਏਸ਼ਨ ਕੋਰਸ ਬੀ ਏ  (ਆਨਰਜ਼) ਪੰਜਾਬੀ ਦੇ ਵਿਦਿਆਰਥੀ ਸਨ।’

ਦੂਜਾ, ‘ਸੁੱਖੋ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਜੇਲ ਰੋਡ, ਜਨਕਪੁਰੀ ਦੀ ਪ੍ਰਿੰਸੀਪਲ ਵਲੋਂ ਜਾਰੀ ਕੀਤਾ ਗਿਆ ਇਕ ਸਰਟੀਫ਼ੀਕੇਟ ਜਿਸ ਵਿਚ ਲਿਖਿਆ ਸੀ ਕਿ ਉਸ ਪ੍ਰਿੰਸੀਪਲ) ਦੀ ਹਾਜ਼ਰੀ ਵਿਚ ਮਨਜਿੰਦਰ ਸਿੰਘ ਸਿਰਸਾ ਨੇ ਗੁਰਮੁਖੀ ਵਿਚ ਗੁਰਬਾਣੀ ਪੜ੍ਹੀ ਅਤੇ ਗੁਰਮੁਖੀ ਲਿਪੀ ਲਿਖ ਕੇ ਵਿਖਾਈ ਸੀ।’ ਡਾਇਰੈਕਟਰ ਨੇ ਦੋਹਾਂ ਸਰਟੀਫ਼ੀਕੇਟਾਂ ’ਤੇ ਸਵਾਲੀਆ ਨਿਸ਼ਾਨ ਲਾ ਦਿਤਾ ਤੇ ਕਿਹਾ, ਕਿਉਂਕਿ ਮਨਜਿੰਦਰ ਸਿੰਘ ਸਿਰਸਾ 2019 ਤੋਂ ਦਿੱਲੀ ਕਮੇਟੀ ਦੇ ਪ੍ਰਧਾਨ ਅਤੇ 6 ਸਾਲ ਜਨਰਲ ਸਕੱੱਤਰ ਰਹਿ ਚੁਕੇ ਹਨ ਅਤੇ ਹੁਣ ਵੀ ਸ਼੍ਰੋਮਣੀ ਅਕਾਲੀ ਦਲ ਬਹੁਗਿਣਤੀ ਵਿਚ ਹੈ, ਜੋ ਸਕੂਲਾਂ ਨੂੂੰ ਕੰਟਰੋਲ ਕਰਦਾ ਹੈ, ਅਜਿਹੇ ਵਿਚ ਇਨ੍ਹਾਂ ਸਰਟੀਫ਼ੀਕੇਟਾਂ ਦੇ ਪ੍ਰਮਾਣਕਤਾ ਵਿਚ ਹਿੱਤਾ ਦਾ ਟਕਰਾਅ ਹੈ।( ਸਿਰਸਾ ਦੇ ਫਾਇਦੇ ਲਈ ਜਾਰੀ ਕੀਤੇ ਗਏ ਹਨ।)

 

ਦਿਲਚਸਪ ਗੱਲ ਹੈ ਕਿ 25 ਅਗੱਸਤ ਨੂੂੰ ਜਦੋਂ ਦਿੱਲੀ ਗੁਰਦਵਾਰਾ ਚੋਣਾਂ ਦੇ ਨਤੀਜਿਆਂ ਦਾ ਐਲਾਨ ਹੋਇਆ ਤਾਂ ਮਨਜਿੰਦਰ ਸਿੰਘ ਸਿਰਸਾ ਬੁਰੀ ਤਰ੍ਹ੍ਹਾਂ ਹਾਰ ਗਏ। ਐਨ ਉਸੇ ਦਿਨ ਸ਼੍ਰੋਮਣੀ ਕਮੇਟੀ ਨੇ ਆਪਣੇ ਲੈਟਰ ਹੈੱਡ ‘ਤੇ ਸਿਰਸਾ ਨੂੰ ਦਿੱਲੀ ਗੁਰਦਵਾਰਾ ਕਮੇਟੀ ਵਿਚ ਆਪਣੇ ਨੁਮਾਇੰਦੇ ਵਜੋਂ  ਮੈਂਬਰ ਨਾਮਜ਼ਦ ਕਰਨ ਦਾ ਐਲਾਨ ਕਰ ਦਿਤਾ। ਇਸ ਪਿਛੋਂ ਸਿਰਸਾ ਨੂੰ 469 ਵੋਟਾਂ ਨਾਲ ਤਕੜੀ ਹਾਰ ਦੇਣ ਵਾਲੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸ.ਹਰਵਿੰਦਰ ਸਿੰਘ ਸਰਨਾ ਤੇ ‘ਜਾਗੋ’ ਪਾਰਟੀ ਦੇ ਦਿੱਲੀ ਕਮੇਟੀ ਮੈਂਬਰ ਸਤਨਾਮ ਸਿੰਘ ਖੀਵਾ ਨੇ  9 ਸਤੰਬਰ ਨੂੰ ਦਿੱਲੀ ਕਮੇਟੀ ਦੇ ਦੋ ਮੈਂਬਰ ਨਾਮਜ਼ਦ ਹੋਣ ਦੀ ਹੋਈ ਚੋਣ ਮੌਕੇ ਡਾਇਰੈਕਟਰ ਗੁਰਦਵਾਰਾ ਚੋਣਾਂ ਕੋਲ ਲਿੱਖਤੀ ਇਤਰਾਜ਼ ਪੇਸ਼ ਕੀਤਾ ਕਿ ਦਿੱਲੀ ਸਿੱਖ ਗੁਰਦਵਾਰਾ ਐਕਟ-1971 ਮੁਤਾਬਕ ਸਿਰਸਾ ਮੈਂਬਰ ਬਣਨ ਦੀ ਯੋਗਤਾ ‘ਤੇ ਪੂਰੇ ਨਹੀਂ ਉਤਰਦੇ।

ਇਸ ‘ਤੇ ਡਾਇਰੈਕਟਰ ਗੁਰਦਵਾਰਾ ਚੋਣਾਂ ਨੇ ਆਪਣੇ ਲਿੱਖਤੀ ਜਵਾਬ ਵਿਚ ਸਾਫ਼ ਕੀਤਾ ਸੀ ਕਿ,  ‘ਦਿੱਲੀ ਸਿੱਖ ਗੁਰਦਵਾਰਾ ਐਕਟ-1971 ‘ਚ ਅਜਿਹਾ ਕੋਈ ਪ੍ਰਬੰਧ ਨਹੀਂ ਕਿ ਡਾਇਰੈਕਟਰ  ਸ਼੍ਰੋਮਣੀ ਕਮੇਟੀ ਵਲੋਂ ਕਿਸੇ ਨੂੰ ਮੈਂਬਰ ਨਾਮਜ਼ਦ ਕਰਨ ਜਾਂ ਕਿਸੇ ਅਕਾਲ ਤਖ਼ਤ ਦੇ ਕਿਸੇ ਹੈੱਡ ਗ੍ਰੰਥੀ ਬਾਰੇ ਕੋਈ ਇਤਰਾਜ਼ ਕਰ ਸਕੇ। ਇਸ ਬਾਰੇ ਕਾਨੂੰਨੀ ਰਾਹ  ਖੁਲ੍ਹੇ ਹਨ।  ਪਿਛੋਂ ਹਰਵਿੰਦਰ ਸਿੰਘ ਸਰਨਾ ਨੇ ਦਿੱਲੀ ਹਾਈਕੋਰਟ ਵਿਚ ਸਿਰਸਾ ਦੀ ਮੈਂਬਰੀ ਨੂੰੰ ਲੈ ਕੇ ਚੁਨੌਤੀ ਦੇ ਦਿਤੀ। ਫਿਰ ਕੋਰਟ ਦੇ ਹੁਕਮ ‘ਤੇ ਸਰਨਾ ਦੀ ਹਾਜ਼ਰੀ ਵਿਚ ਸਿਰਸਾ ਦਾ ਪੰਜਾਬੀ/ ਗੁਰਮੁਖੀ ਪੜ੍ਹਨ ਤੇ ਲਿੱਖਣ ਦਾ ਟੈਸਟ ਲਿਆ ਗਿਆ, ਜਿਸਦੀ ਪੂਰੀ ਵੀਡੀਉਗ੍ਰਾਫੀ ਕੀਤੀ ਗਈ। 

ਸਿਰਸਾ ਦਾ ਪੱਖ:- ਜਦੋਂ ਮਨਜਿੰਦਰ ਸਿੰਘ ਸਿਰਸਾ ਦਾ ਪੱਖ ਲੈਣ ਲਈ ਉਨ੍ਹਾਂ ਨੂੰ ਫੋਨ ਕੀਤੇ ਗਏ ਤਾਂ ਫੋਨ ਬੰਦ ਆ  ਰਿਹਾ ਸੀ ਅਤੇ ਇਸ ਬਾਰੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਕੋਈ ਪ੍ਰੈੱਸ ਨੋਟ ਵੀ ਜਾਰੀ ਨਹੀਂ ਕੀਤਾ ਗਿਆ।