ਗਿਆਨੀ ਹਰਪ੍ਰੀਤ ਸਿੰਘ ਨੇ ਪੀਐਮ ਮੋਦੀ ਨੂੰ ਲਿਖਿਆ ਪੱਤਰ, ਸ੍ਰੀ ਹੇਮਕੁੰਟ ਸਾਹਿਬ ਰੋਪਵੇਅ ਲਈ ਕੀਤਾ ਧੰਨਵਾਦ
ਪ੍ਰਧਾਨ ਮੰਤਰੀ ਨੇ ਵੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ’ਤੇ ਚੱਲਦੇ ਰਹਾਂਗੇ।
ਅੰਮ੍ਰਿਤਸਰ: ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ। ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ੍ਰੀ ਹੇਮਕੁੰਟ ਰੋਪਵੇਅ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣ 'ਤੇ ਉਹਨਾਂ ਦਾ ਧੰਨਵਾਦ ਕੀਤਾ ਹੈ। ਉਹਨਾਂ ਕਿਹਾ ਕਿ ਇਹ ਹਰੇਕ ਸਿੱਖ ਲਈ ਇਤਿਹਾਸਕ ਮੌਕਾ ਹੈ ਅਤੇ ਇਹ ਕਦਮ ਸ਼ਰਧਾਲੂਆਂ ਨੂੰ ਉਹਨਾਂ ਦੇ ਪਵਿੱਤਰ ਗੁਰਧਾਮਾਂ ਨਾਲ ਜੋੜੇਗਾ। ਇਸ ਮਗਰੋਂ ਪ੍ਰਧਾਨ ਮੰਤਰੀ ਨੇ ਵੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ’ਤੇ ਚੱਲਦੇ ਰਹਾਂਗੇ।
ਗਿਆਨੀ ਹਰਪ੍ਰੀਤ ਸਿੰਘ ਨੇ ਲਿਖਿਆ ਕਿ ਪ੍ਰਧਾਨ ਮੰਤਰੀ ਨੇ ਸਿੱਖ ਪਰੰਪਰਾਵਾਂ ਅਤੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਪ੍ਰਤੀ ਬੇਹੱਦ ਸੰਵੇਦਨਸ਼ੀਲਤਾ ਅਤੇ ਸਤਿਕਾਰ ਦਿਖਾਇਆ ਹੈ। ਉਹਨਾਂ ਉਮੀਦ ਜਤਾਈ ਕਿ ਅਸੀਂ ਅੱਗੇ ਲਈ ਵੀ ਸਕਾਰਾਤਮਕ ਨਤੀਜਿਆਂ ਦੀ ਉਡੀਕ ਕਰ ਰਹੇ ਹਾਂ ਜੋ ਸਾਡੇ ਭਾਈਚਾਰੇ ਨੂੰ ਉੱਜਵਲ ਭਵਿੱਖ ਵੱਲ ਲੈ ਕੇ ਜਾਣਗੇ।
ਇਸ ਮਗਰੋਂ ਪੀਐਮ ਮੋਦੀ ਨੇ ਕਿਹਾ, “ਹੇਮਕੁੰਟ ਸਾਹਿਬ ਰੋਪਵੇਅ 'ਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਸਿੱਖ ਕੌਮ ਦੇ ਸਤਿਕਾਰਯੋਗ ਮੈਂਬਰਾਂ ਸਮੇਤ ਪ੍ਰਮੁੱਖ ਉੱਘੀਆਂ ਹਸਤੀਆਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਅਤੇ ਸੰਗਤ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਅਸੀਂ ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ’ਤੇ ਚੱਲਦੇ ਰਹਾਂਗੇ”।