ਅਟੈਚੀ ਵਿਚੋਂ ਬਰਾਮਦ ਹੋਏ ਸਰੂਪ ਦਾ ਮਾਮਲਾ: ਅਕਾਲ ਤਖ਼ਤ ਨੇ ਬਾਬਾ ਕੁਲਵੰਤ ਸਿੰਘ ਨੂੰ ਨੋਟਿਸ ਭੇਜਿਆ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪੰਜ ਦਿਨਾਂ 'ਚ ਬਾਬਾ ਕੁਲਵੰਤ ਸਿੰਘ ਨੂੰ ਅਪਣਾ ਪੱਖ ਸਪਸ਼ਟ ਕਰਨ ਲਈ ਕਿਹਾ

Sri Akal Takht Sahib

ਅੰਮ੍ਰਿਤਸਰ (ਗੁਰਿੰਦਰ ਸਿੰਘ ਜੌਹਲ): ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਲਾਪਤਾ ਹੋਏ 328 ਸਰੂਪਾਂ ਦਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕੋਲੋਂ ਕੋਈ ਤਸੱਲੀਬਖ਼ਸ਼ ਜਵਾਬ ਤਾਂ ਨਹੀਂ ਲਿਆ ਪਰ ਬੀਤੇ ਦਿਨੀਂ ਅੰਮ੍ਰਿਤਸਰ ਹਵਾਈ ਅੱਡੇ ਤੇ ਇਕ ਅਟੈਚੀ ਕੇਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਬਰਾਮਦ ਹੋਣ ਤੇ ਉਨ੍ਹਾਂ ਨੇ  ਨਾਨਕਸਾਰ ਸਮਾਧ ਦੇ ਬਾਬਾ ਕੁਲਵੰਤ ਸਿੰਘ ਨੂੰ ਇਹ ਜ਼ਰੂਰ ਪੁੱਛ ਲਿਆ ਹੈ ਕਿ ਉਹ ਇਸ ਮੁੱਦੇ 'ਤੇ ਅਪਣਾ ਪੱਖ ਸਪੱਸ਼ਟ ਕਰਨ।

'ਜਥੇਦਾਰ' ਵਲੋਂ ਭੇਜੇ ਪੱਤਰ ਵਿਚ ਬਾਬਾ ਕੁਲਵੰਤ ਸਿੰਘ ਨੂੰ ਇਹ ਪੁਛਿਆ ਗਿਆ ਹੈ ਕਿ ਉਹ ਇਹ ਦਸਣ ਕਿ ਇਹ ਸਰੂਪ ਉਨ੍ਹਾਂ ਨੂੰ ਕਿਥੋਂ ਮਿਲਿਆ ਅਤੇ ਉਨ੍ਹਾਂ ਨੇ ਇਹ ਸਰੂਪ ਕਿਸੇ ਨੂੰ ਕਿਸ ਆਧਾਰ 'ਤੇ ਦਿਤਾ ਹੈ। ਇਹ ਸਪੱਸ਼ਟ ਕਰਨ ਲਈ ਅਕਾਲ ਤਖ਼ਤ ਸਾਹਿਬ ਵਲੋਂ ਉਨ੍ਹਾਂ ਨੂੰ 5 ਦਿਨ ਦਾ ਸਮਾਂ ਦਿਤਾ ਗਿਆ ਹੈ।

ਦਸਣਯੋਗ ਹੈ ਕਿ ਪੁਲਿਸ ਨੇ ਦੋ ਵਿਅਕਤੀਆਂ ਪਾਸੋਂ ਨਾਮ ਜਵਾਲਾ ਸਿੰਘ ਤੇ ਉਸ ਦੇ ਪੁੱਤ ਜਸਵੀਰ ਸਿੰਘ ਅਟੈਚੀ ਵਿਚ ਬੰਦ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਬਰਾਮਦ ਕੀਤਾ ਸੀ।

ਪੁਲਿਸ ਨੇ ਉਨ੍ਹਾਂ ਦੋਹਾਂ ਵਿਰੁਧ ਧਾਰਾ 195-ਏ ਅਤੇ 120-ਬੀ ਤਹਿਤ ਪਰਚਾ ਦਰਜ ਕੀਤਾ ਸੀ ਅਤੇ ਪੁਛਗਿਛ ਦੌਰਾਨ ਉਨ੍ਹਾਂ ਨੇ ਪੁਲਿਸ ਨੂੰ ਦਸਿਆ ਕਿ ਇਹ ਸਰੂਪ ਉਨ੍ਹਾਂ ਨੇ ਬਾਬਾ ਕੁਲਵੰਤ ਸਿੰਘ ਪਾਸੋਂ ਪ੍ਰਾਪਤ ਕੀਤਾ ਸੀ। ਅਟੈਚੀ ਕੇਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਲਿਜਾਣ ਦੀ ਮਨਾਹੀ ਹੈ ਅਤੇ ਸੰਸਾਰ ਵਿਚ ਕੇਵਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਕਿਤੇ ਵੀ ਪੁਜਦਾ ਕਰਦੀ ਹੈ।