ਤਿੰਨ ਦਿਨਾਂ ਗੁਰੂ ਮਾਨਿਉ ਗ੍ਰੰਥ ਚੇਤਨਾ ਸਮਾਗਮ ਦੀ ਸਮਾਪਤੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼੍ਰੋਮਣੀ ਕਮੇਟੀ ਝੂਠ ਦੀ ਦੁਕਾਨਦਾਰੀ ਚਲਾਉਣ ਵਾਲੇ ਪਖੰਡੀਆਂ ਵਿਰੁਧ ਕਾਰਵਾਈ ਕਰੇ: ਭਾਈ ਰਣਜੀਤ ਸਿੰਘ 

Pic-1

ਦਿੜ੍ਹਬਾ ਮੰਡੀ : ਕੁਦਰਤ ਦੇ ਬਣਾਏ ਹੋਏ ਨਿਯਮਾਂ ਨਾਲ ਕਦੇ ਵੀ ਖਿੜਵਾੜ ਨਾ ਕਰੋ ਸਗੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੱਸੇ ਮਾਰਗ 'ਤੇ ਚਲ ਕੇ ਹਰ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੇ ਅਤੇ ਅਪਣਾ ਜੀਵਨ ਸਫ਼ਲ ਕਰੇ ਤਾਕਿ ਡੇਰਾਵਾਦ, ਸੰਪਰਦਾਈ ਬਾਬਿਆਂ ਸਣੇ ਸ਼੍ਰੋਮਣੀ ਕਮੇਟੀ ਨੇ ਵੀ ਪਾਠਾਂ ਨੂੰ ਧੰਦਾ ਬਣਾ ਲਿਆ ਹੈ। ਜਦਕਿ ਮੇਰੇ ਪ੍ਰਚਾਰ ਤੋਂ ਕੁੱਝ ਬਾਬਿਆਂ ਨੂੰ ਤਕਲੀਫ਼ ਬਹੁਤ ਹੁੰਦੀ ਹੈ। ਪਰ ਸੰਗਤ ਹੁਣ ਸੱਚ ਸੁਣ ਕੇ ਹੀ ਰਾਜ਼ੀ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸਿੱਖ ਕੌਮ ਦੇ ਪੰਥਕ ਪ੍ਰਚਾਰਕ ਭਾਈ ਰਣਜੀਤ ਸਿੰਘ ਖ਼ਾਲਸਾ ਢਡਰੀਆਂ ਵਾਲਿਆਂ ਨੇ ਗੁਰੂ ਮਾਨਿਉ ਗ੍ਰੰਥ ਚੇਤਨਾ ਸਮਾਗਮ ਦੇ ਤੀਜੇ ਦਿਨ ਅਨਾਜ ਮੰਡੀ ਦਿੜ੍ਹਬਾ ਵਿਖੇ ਸੰਗਤਾਂ ਨਾਲ ਸਾਂਝੇ ਕੀਤੇ। 

ਭਾਈ ਰਣਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਅੱਜ ਕਈ ਡੇਰਿਆਂ ਵਿਚ ਅਤੇ ਸੰਪਰਦਾਵਾਂ ਵਿਚ 100-100 ਪਾਠ ਆਰੰਭ ਕੀਤੇ ਹੋਏ ਹਨ ਅਤੇ ਸੰਗਤ ਦੀ ਵੱਡੀ ਪੱਧਰ 'ਤੇ ਲੁੱਟ ਕਰ ਰਹੇ ਹਨ। ਜਦਕਿ ਪਾਠ ਤਾਂ 100 ਆਰੰਭ ਕਰ ਰਖਿਆ ਪਰ ਸੁਣਨ ਵਾਲਾ ਕੋਈ ਨਹੀਂ ਹੁੰਦਾ ਜਦਕਿ ਚਾਹੀਦਾ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਇਕ ਹੋਵੇ ਅਤੇ ਸੁਣਨ ਵਾਲੀ ਸੰਗਤ 100 ਹੋਵੇ ਤਾਂ ਹੀ ਆਪਾ ਗੁਰੂ ਜੀ ਦੀ ਬਾਣੀ ਸੁਣ ਕੇ ਕੁੱਝ ਸਿੱਖ ਸਕਦੇ ਹਾਂ। ਉਨ੍ਹਾਂ ਕਿਹਾ ਕਿ ਹੁਣ ਅਸੀਂ ਸੰਗਤ ਨੂੰ ਸੱਚ ਦਸਣ ਲੱਗ ਪਏ ਹਾਂ। ਪਰ ਹੁਣ 100-100 ਪਾਠ ਕਰਨ ਵਾਲਿਆਂ ਦੀ ਦੁਕਾਨਦਾਰੀ 'ਤੇ ਅਸਰ ਪੈਣਾ ਸ਼ੁਰੂ ਹੋ ਗਿਆ ਹੈ।

ਇਸ ਲਈ ਮੈਨੂੰ ਸੱਚ ਬੋਲਣ ਤੋਂ ਰੋਕਿਆ ਜਾ ਰਿਹਾ ਹੈ ਅਤੇ ਹੱਥ ਵਿਚ ਮਾਲਾ ਫੜਾ ਕੇ ਚੁੱਪ ਕਰਵਾ ਦਿਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਡੇਰਾਵਾਦ ਸੰਪਰਦਾਈ, ਸ਼੍ਰੋਮਣੀ ਕਮੇਟੀ ਵੀ ਚੁੱਪ ਚਾਪ ਵੇਖੀ ਜਾਂਦੀ ਹੈ। ਸ਼੍ਰੋਮਣੀ ਕਮੇਟੀ ਇਨ੍ਹਾਂ ਪਾਠ ਕਰਨ ਵਾਲੇ ਗ੍ਰੰਥੀ ਸਿੰਘਾਂ ਵਲ ਧਿਆਨ ਦੇ ਕੇ ਸਖ਼ਤੀ ਨਾਲ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਲਾਗੂ ਕਰਵਾਏ ਅਤੇ ਜਿਨ੍ਹਾਂ ਨੇ 100-100 ਪਾਠ ਆਰੰਭ ਕੀਤੇ ਹੋਏ ਹਨ। ਉਨ੍ਹਾਂ ਵਿਰੁਧ ਸਖ਼ਤ ਸਟੈਂਡ ਲਵੇ। ਇਸ ਮੌਕੇ 143 ਪ੍ਰਾਣੀਆਂ ਨੇ ਅੰਮ੍ਰਿਤ ਛਕ ਕੇ ਸਿੰਘ ਬਣੇ।