ਅੰਤਰਰਾਸ਼ਟਰੀ ਨਗਰ ਕੀਰਤਨ ਦੇ ਪ੍ਰਬੰਧਾਂ ਅਤੇ ਰੂਟ ਸਬੰਧੀ ਹੋਈ ਇਕੱਤਰਤਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਨਗਰ ਕੀਰਤਨ ਦਾ ਅਟਾਰੀ ਸਰਹੱਦ ਵਿਖੇ ਹੋਵੇਗਾ ਸ਼ਾਨਦਾਰ ਸਵਾਗਤ : ਭਾਈ ਲੌਂਗੋਵਾਲ

Meeting about International route for nagar kirtan

ਅੰਮ੍ਰਿਤਸਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ 1 ਅਗੱਸਤ 2019 ਨੂੰ ਸਜਾਏ ਜਾਣ ਵਾਲੇ ਅੰਤਰਰਾਸ਼ਟਰੀ ਨਗਰ ਕੀਰਤਨ ਦੇ ਰੂਟ ਅਤੇ ਸਵਾਗਤੀ ਪ੍ਰਬੰਧਾਂ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵਿਸ਼ੇਸ਼ ਇਕੱਤਰਤਾ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ 'ਚ ਹੋਈ ਜਿਸ ਵਿਚ ਸੀਨੀਅਰ ਆਗੂ ਜਥੇਦਾਰ ਤੋਤਾ ਸਿੰਘ, ਬੀਬੀ ਜਗੀਰ ਕੌਰ, ਸ. ਮਨਜਿੰਦਰ ਸਿੰਘ ਸਿਰਸਾ, ਸ. ਦਰਬਾਰਾ ਸਿੰਘ ਗੁਰੂ, ਸਮੇਤ ਵੱਡੀ ਗਿਣਤੀ ਵਿਚ ਪ੍ਰਮੁੱਖ ਆਗੂਆਂ ਨੇ ਸ਼ਮੂਲੀਅਤ ਕੀਤੀ। 

ਇਕੱਤਰਤਾ ਮਗਰੋਂ ਜਾਣਕਾਰੀ ਦਿੰਦਿਆਂ ਭਾਈ ਲੌਂਗੋਵਾਲ ਨੇ ਦਸਿਆ ਕਿ ਨਗਰ ਕੀਰਤਨ ਦੇ ਵਾਹਗਾ ਸਰਹੱਦ ਵਿਖੇ ਪੁੱਜਣ 'ਤੇ ਸ਼ਾਨਦਾਰ ਸਵਾਗਤ ਹੋਵੇਗਾ। ਇਥੇ ਵੱਖ-ਵੱਖ ਸਿੱਖ ਜਥੇਬੰਦੀਆਂ, ਸੰਤ ਸਮਾਜ, ਸਭਾ-ਸੁਸਾਇਟੀਆਂ ਤੋਂ ਇਲਾਵਾ ਹੋਰਨਾਂ ਧਰਮਾਂ ਦੇ ਨੁਮਾਇੰਦੇ ਮੌਜੂਦ ਹੋਣਗੇ। ਉਨ੍ਹਾਂ ਆਖਿਆ ਕਿ ਨਗਰ ਕੀਰਤਨ ਦੇ ਸਵਾਗਤ ਲਈ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਸ਼ਮੂਲੀਅਤ ਲਈ ਕਿਹਾ ਜਾਵੇਗਾ।

ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੈਂਬਰ ਅਤੇ ਨਗਰ ਕੀਰਤਨ ਦੇ ਪ੍ਰਬੰਧਾਂ ਸਬੰਧੀ ਸਬ-ਕਮੇਟੀ ਦੇ ਆਗੂ ਜਥੇਦਾਰ ਤੋਤਾ ਸਿੰਘ ਨੇ ਦਸਿਆ ਕਿ ਨਗਰ ਕੀਰਤਨ ਦਾ 1 ਅਗੱਸਤ ਤੋਂ ਲੈ ਕੇ 30 ਅਗੱਸਤ ਤਕ ਦਾ ਰੂਟ ਤੈਅ ਕਰ ਲਿਆ ਗਿਆ ਹੈ, ਜਿਸ ਦੀਆਂ ਤਿਆਰੀਆਂ ਲਈ ਅਗਾਊਂ ਟੀਮਾਂ ਭੇਜੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ 17 ਰਾਜਾਂ ਤਕ ਨਗਰ ਕੀਰਤਨ ਪਹੁੰਚ ਕਰੇਗਾ, ਜਿਨ੍ਹਾਂ ਵਿਚੋਂ 9 ਰਾਜਾਂ ਦਾ ਪ੍ਰੋਗਰਾਮ ਬਣਾ ਲਿਆ ਗਿਆ ਹੈ ਅਤੇ ਬਾਕੀ ਦੇ ਪ੍ਰੋਗਰਾਮ ਅਗਲੇ ਹਫ਼ਤੇ ਉਲੀਕ ਲਏ ਜਾਣਗੇ।