ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਵਾਲੇ ਸੰਪਾਦਕ ਅਤੇ ਪਬਲੀਸ਼ਰ ਖਿਲਾਫ਼ ਦਰਜ ਹੋਵੇ ਪਰਚਾ - ਸਿੱਖ ਜਥੇਬੰਦੀਆਂ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਇਹ ਕਿਤਾਬਾਂ ਸੀ.ਬੀ ਐਸ. ਈ ਅਤੇ ਪੰਜਾਬ ਬੋਰਡ ਨਾਲ ਐਫੀਲੇਟਡ ਸਕੂਲਾਂ ਵਿਚ ਪੜ੍ਹਾਈਆਂ ਜਾ ਰਹੀਆਂ ਹਨ ਜੋ ਕਿ ਪਹਿਲੀ ਤੋਂ ਚੌਥੀ ਕਲਾਸ ਦੀਆਂ ਕਿਤਾਬਾਂ ਹਨ

Sikh organizations

 

ਜਲੰਧਰ: ਸਿੱਖ ਜਥੇਬੰਦੀਆਂ ਵਲੋਂ ’ਮੋਹ ਦੀਆਂ ਤੰਦਾਂ' ਸਿਰਲੇਖ ਹੇਠ ਛਪੀਆਂ ਪਹਿਲੀ ਤੋਂ ਚੌਥੀ ਜਮਾਤ ਤੱਕ ਦੀਆਂ ਕਿਤਾਬਾਂ ਵਿਚ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਅਤੇ ਗੁਰਬਾਣੀ ਨੂੰ ਤੋੜ- ਮਰੋੜ ਕੇ ਲਿਖਣ ਵਾਲੇ ਸੰਪਾਦਕ ਜਗਜੀਤ ਸਿੰਘ ਧੂਰੀ ਅਤੇ ਪਬਲਿਸ਼ਰ ਗਲੋਬਲ ਲਰਨਿੰਗ ਸਲਿਊਸ਼ਨ ਖਿਲਾਫ ਪਰਚਾ ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਅੱਜ ਜਲੰਧਰ ਦੇ ਪੁਲਿਸ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਨੂੰ ਕੀਤੀ ਗਈ ਸ਼ਿਕਾਇਤ ਵਿਚ ਹਰਜਿੰਦਰ ਸਿੰਘ ਮੁਖੀ ਜਥੇਬੰਦੀ, ਜਥਾ ਨੀਲੀਆਂ ਫੌਜਾਂ, ਮਨਜੀਤ ਸਿੰਘ ਪ੍ਰਧਾਨ ਆਵਾਜ਼-ਏ-ਕੌਮ, ਸੁਰਜੀਤ ਸਿੰਘ ਖਾਲਿਸਤਾਨੀ ਨੇ ਇਕ ਸ਼ਿਕਾਇਤ ਵਿਚ ਕਿਹਾ ਕਿ ਇਕ ਗਹਿਰੀ ਸਾਜ਼ਿਸ਼ ਅਧੀਨ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੀ ਨੀਯਤ ਨਾਲ ਅਤੇ ਬੱਚਿਆਂ ਨੂੰ ਗਲਤ ਸਿੱਖ ਇਤਿਹਾਸ ਪੜ੍ਹਾਉਣ ਦੀ ਸਾਜ਼ਿਸ਼ ਰਚਣ ਅਧੀਨ ਕੁਝ ਕਿਤਾਬਾਂ 'ਮੋਹ ਦੀਆਂ ਤੰਦਾਂ' ਪੰਜਾਬੀ ਪਾਠ ਪੁਸਤਕ ਦੇ ਨਾਮ ਉੱਤੇ ਵੱਖ-ਵੱਖ ਕਿਤਾਬਾਂ ਛਾਪੀਆਂ ਗਈਆਂ ਹਨ ਜੋ ਕਿ ਵੱਖ-ਵੱਖ ਕਲਾਸਾਂ ਵਿਚ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਛਪਵਾਈਆਂ ਗਈਆਂ ਹਨ।

ਇਹ ਕਿਤਾਬਾਂ  ਸੀ.ਬੀ ਐਸ. ਈ ਅਤੇ ਪੰਜਾਬ ਬੋਰਡ ਨਾਲ ਐਫੀਲੇਟਡ ਸਕੂਲਾਂ ਵਿਚ ਪੜ੍ਹਾਈਆਂ ਜਾ ਰਹੀਆਂ ਹਨ ਜੋ ਕਿ ਪਹਿਲੀ ਤੋਂ ਚੌਥੀ ਕਲਾਸ ਦੀਆਂ ਕਿਤਾਬਾਂ ਹਨ, ਜਿਸ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਪਹਿਲੀ ਕਲਾਸ ਦੀ ਕਿਤਾਬ ਵਿਚ ਚੈਪਟਰ ਨੰਬਰ 2 ਉੱਤਮ ਦੌਲਤ ਵਿੱਦਿਆ ਦੇ ਪੇਜ ਨੰਬਰ 30 ਉੱਤੇ ਗੁਰੂ ਨਾਨਕ ਦੇਵ ਜੀ ਦੀਆਂ ਪ੍ਰਮੁੱਖ ਸਿਖਿਆਵਾਂ ਟਾਈਟਲ ਹੇਠ ਦੋ ਗੁਰਬਾਣੀ ਦੀਆਂ ਤੁੱਕਾਂ ਲਿਖੀਆਂ ਗਈਆਂ ਹਨ ਜੋ ਕਿ ਦੋਨੋਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਾਬਕ ਅੱਖਰੀ ਤੌਰ 'ਤੇ ਗਲਤ ਹਨ ਅਤੇ ਕਿਸੇ ਨੂੰ ਵੀ ਕੋਈ ਅਧਿਕਾਰ ਨਹੀਂ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਪਣੇ ਮੁਤਾਬਿਕ ਤੋੜ-ਮਰੋੜ ਕੇ ਲਿਖ ਦੇਵੇ | 

ਇਸੇ ਤਰ੍ਹਾਂ ਹੀ ਦੂਸਰੀ ਕਲਾਸ ਦੀ ਕਿਤਾਬ ਵਿਚ ਚੈਪਟਰ ਨੰਬਰ 2 ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਬੰਧ ਵਿਚ ਲਿਖੇ ਗਏ ਚੈਪਟਰ ਵਿਚ ਸਿਧਾਂਤਕ ਗਲਤੀ ਕਰਦੇ ਹੋਏ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਤਸਵੀਰ ਨਾਲ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਸੁਸ਼ੋਭਿਤ ਕਰ ਦਿੱਤਾ ਹੈ ਜਦਕਿ ਸ੍ਰੀ ਹਰਿਮੰਦਰ ਸਾਹਿਬ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਪ੍ਰਤੱਖ ਰੂਪ ਵਿਚ ਪ੍ਰਗਟ ਹੋਇਆ ਹੈ ਅਤੇ ਸਿਧਾਂਤਕ ਗਲਤੀ ਕਰਦੇ ਹੋਏ ਸਾਰੇ ਪਾਠ ਦੇ ਸਿਰਲੇਖ ਵਿਚ ਵੀ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਨਾਮ ਲਿਖਣ ਸਮੇਂ ਵੀ ਸ਼੍ਰੀ ਦੇ ਨਾਮ ਨਾਲ ਸਿਰਲੇਖ ਲਿਖਿਆ ਗਿਆ ਹੈ ਜੋ ਕਿ ਸ਼੍ਰੀ ਸ਼ਬਦ ਕਿਸੇ ਵਿਅਕਤੀ ਵਾਸਤੇ ਵਰਤਿਆਂ ਜਾਂਦਾ ਹੈ ਨਾ ਕਿ ਕਿਸੇ ਗੁਰੂ ਜਾ ਪੈਗ਼ੰਬਰ ਵਾਸਤੇ | ਇਸੇ ਤਰ੍ਹਾਂ ਹੀ ਪੇਜ ਨੰਬਰ 18 ਉੱਪਰ ਗੁਰੂ ਅੰਗਦ ਦੇਵ ਜੀ ਦੇ ਜੋਤਿ ਜੋਤ ਸਮਾਉਣ ਦੀ ਮਿਤੀ 28 ਮਾਰਚ, 1522 ਈਸਵੀ ਲਿਖੀ ਗਈ ਹੈ ਜੋ ਕਿ ਬਿਲਕੁਲ ਗਲਤ ਹੈ | ਇਸ ਮੁਤਾਬਿਕ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਉਮਰ ਕੇਵਲ 18 ਸਾਲ ਬਣਦੀ ਹੈ ਜੋ ਕਿ ਗਲਤ ਅਤੇ ਬੇਬੁਨਿਆਦ ਜਾਣਕਾਰੀ ਹੈ | ਇਸੇ ਤਰ੍ਹਾਂ ਹੀ ਪੇਜ ਨੰਬਰ 20 ਉੱਪਰ ਵੀ ਇਹੀ ਗਲਤੀ ਦੁਹਰਾਈ ਗਈ ਹੈ |

​ਇਸੇ ਤਰ੍ਹਾਂ ਹੀ ਤੀਸਰੀ ਕਲਾਸ ਦੀ ਕਿਤਾਬ 'ਮੋਹ ਦੀਆਂ ਤੰਦਾਂ' ਦੇ ਚੈਪਟਰ ਨੰਬਰ 2 ਵਿਚ ਸ੍ਰੀ ਗੁਰੂ ਅਮਰ ਦਾਸ ਜੀ ਦੀ ਤਸਵੀਰ ਨਾਲ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਸੁਸ਼ੋਭਿਤ ਕਰ ਦਿੱਤਾ ਹੈ ਜਦਕਿ ਸ੍ਰੀ ਹਰਿਮੰਦਰ ਸਾਹਿਬ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਪ੍ਰਤੱਖ ਰੂਪ ਵਿਚ ਪ੍ਰਗਟ ਹੋਇਆ ਹੈ | ਇਸੇ ਤਰ੍ਹਾਂ ਹੀ ਪੇਜ ਨੰਬਰ 17 ਉੱਪਰ ਸ੍ਰੀ ਗੁਰੂ ਅਮਰ ਦਾਸ ਜੀ ਦੇ ਜੋਤੀ ਜੋਤ ਸਮਾਉਣ ਸਬੰਧੀ ਸਵਾਲਾਂ ਵਿਚ ਅੰਮਿ੍ਤਸਰ ਦਾ ਗਲਤ ਜ਼ਿਕਰ ਕੀਤਾ ਹੈ ਜਦਕਿ ਉਸ ਸਮੇਂ ਅੰਮਿ੍ਤਸਰ ਸ਼ਹਿਰ ਦੀ ਨੀਂਹ ਵੀ ਨਹੀਂ ਰੱਖੀ ਗਈ ਅਤੇ ਨਾ ਹੀ ਅੰਮਿ੍ਤਸਰ ਨਾਮ ਦੁਨੀਆਂ ਦੇ ਸਾਹਮਣੇ ਆਇਆ ਸੀ ਅਤੇ ਅਸਲ ਵਿਚ ਸ੍ਰੀ ਗੁਰੂ ਅਮਰ ਦਾਸ ਜੀ ਗੋਇੰਦਵਾਲ ਸਾਹਿਬ ਵਿਖੇ ਜੋਤੀ ਜੋਤ ਸਮਾਏ ਸਨ | 

ਇਸੇ ਤਰ੍ਹਾਂ ਹੀ ਚੌਥੀ ਕਲਾਸ ਦੀ ਕਿਤਾਬ 'ਮੋਹ ਦੀਆਂ ਤੰਦਾਂ' ਦੇ ਚੈਪਟਰ ਨੰਬਰ 2 ਵਿਚ ਸ੍ਰੀ ਗੁਰੂ ਰਾਮਦਾਸ ਜੀ ਦੇ ਜੀਵਨ, ਕੰਮਾਂ ਅਤੇ ਪ੍ਰਾਪਤੀਆਂ ਬਾਰੇ ਜਾਣੂ ਕਰਵਾਉਣ ਸਬੰਧੀ ਲਿਖਿਆ ਗਿਆ ਹੈ ਜਿਸ ਵਿਚ ਸ੍ਰੀ ਗੁਰੂ ਰਾਮਦਾਸ ਜੀ ਦੀ ਤਸਵੀਰ ਨਾਲ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਤੱਖ ਰੂਪ ਵਿਚ ਤਸਵੀਰ ਲਗਾ ਦਿੱਤੀ ਗਈ ਹੈ ਜਦਕਿ ਸ੍ਰੀ ਹਰਿਮੰਦਰ ਸਾਹਿਬ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਪ੍ਰਤੱਖ ਰੂਪ ਵਿਚ ਪ੍ਰਗਟ ਹੋਇਆ ਹੈ | ਇਸੇ ਤਰ੍ਹਾਂ ਹੀ ਉਕਤ ਕਿਤਾਬ ਦੇ ਚੈਪਟਰ ਨੰਬਰ 11 ਦੇ ਪੰਨਾ ਨੰਬਰ 69 ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਹੇਠ ਛਪੇ ਇਸ ਚੈਪਟਰ ਵਿਚ ਬਾਣੀ ਦੇ ਸਿਰਲੇਖ ਨੂੰ  ਗਲਤ ਤੌਰ ਤੇ 'ਮਾਨਸ ਕੀ ਜਾਤ ਸਭੈ ਏਕੋ ਪਹਿਚਾਨਬੋ' ਛਾਪਿਆ ਗਿਆ ਹੈ ਜੋ ਕਿ ਗਲਤ ਹੈ | ਇਸ ਲਈ ਕਿਸੇ ਨੂੰ  ਵੀ ਕੋਈ ਅਧਿਕਾਰ ਨਾ ਹੋ ਕਿ ਉਹ ਗੁਰੂ ਸਾਹਿਬਾਨ ਦੀ ਬਾਣੀ ਨੂੰ  ਤੋੜ-ਮਰੋੜ ਕੇ ਲਿਖੇ |

​ਸ਼ਿਕਾਇਤ ਵਿਚ ਲਿਖਿਆ ਗਿਆ ਕਿ ਉਕਤ ਹਾਲਾਤ ਵਿਚ ਤੱਥਾਂ ਦੇ ਆਧਾਰ 'ਤੇ ਇਹ ਸਾਹਮਣੇ ਆਇਆ ਹੈ ਕਿ ਕਿਤਾਬਾਂ ਕਿਸੇ ਸਾਜ਼ਿਸ਼ ਅਧੀਨ ਬੱਚਿਆਂ ਦੇ ਮਨਾਂਵਿਚ ਸਿੱਖ ਇਤਿਹਾਸ ਸਬੰਧੀ ਗਲਤ ਧਾਰਨਾ ਪੈਦਾ ਕਰਨ, ਸਿੱਖ ਇਤਿਹਾਸ ਨੂੰ  ਤੋੜ-ਮਰੋੜ ਕੇ ਪੇਸ਼ ਕਰਨ ਅਤੇ ਗੁਰੂ ਸਾਹਿਬਾਨ ਦੀ ਬਾਣੀ ਨੂੰ ਅੱਖਰੀ ਤੌਰ ਤੇ ਗਲਤ ਲਿਖ ਕੇ ਵੱਡੇ ਪੱਧਰ ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਵਿਚ ਵਸਦੇ ਸਿੱਖਾਂ ਦੇ ਮਨਾਂ ਨੂੰ  ਠੇਸ ਪਹੁੰਚਾਈ ਹੈ| ਇਸ ਦੇ ਮੱਦੇਨਜ਼ਰ ਉਕਤ ਕਿਤਾਬਾਂ ਦੀ ਸੇਲ, ਪ੍ਰੋਡਕਸ਼ਨ ਅਤੇ ਸਰਕੂਲੇਸ਼ਨ ਉੱਤੇ ਮੁਕੰਮਲ ਪਾਬੰਦੀ ਲਗਾਈ ਲਗਾਉਣ ਦੀ ਮੰਗ ਕੀਤੀ ਗਈ ਤਾਂ ਜੋ ਬੱਚਿਆਂ ਦੇ ਦਿਮਾਗ ਵਿਚ ਗਲਤ ਸਿੱਖ ਇਤਿਹਾਸ ਨਾ ਬੈਠ ਜਾਵੇ| ਇਸ ਮੋਕੇ ਹੋਰਾਂ ਤੋ ਇਲ਼ਾਵਾ ਜਸਵੰਤ ਸਿੰਘ ਖਾਲਸਾ, ਗੁਰਮਿੰਦਰ ਸਿੰਘ , ਗਗਨਦੀਪ ਸਿੰਘ, ਸਤਨਾਮ ਸਿੰਘ, ਅਵਤਾਰ ਸਿੰਘ ਹਾਜ਼ਰ ਸਨ।