ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਨੇ ਬਾਦਲ ਪਰਵਾਰ ਨੂੰ ਕੀਤੇ ਸਵਾਲ
'ਸੁਖਬੀਰ ਸਿੰਘ ਬਾਦਲ ਜੀ, ਪੰਥ ਅਪਣੀ ਮਾਣਹਾਨੀ ਦਾ ਕੇਸ ਕਿਸ ’ਤੇ ਕਰੇ?'
ਕੋਟਕਪੂਰਾ (ਗੁਰਿੰਦਰ ਸਿੰਘ) : ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਾਲੇ ਕੇਸ ਦੀ ਜਾਂਚ ਪੜਤਾਲ ਕਰ ਕੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਨਿਤਾਰਨ ਅਰਥਾਤ ਜਾਗਦੀ ਜ਼ਮੀਰ ਵਾਲੇ ਅਫਸਰ ਕੁੰਵਰ ਵਿਜੈ ਪ੍ਰਤਾਪ ਸਿੰਘ ’ਤੇ ਮਾਣਹਾਨੀ ਦਾ ਕੇਸ ਕਰਨ ਦੇ ਦਮਗਜੇ ਮਾਰਨ ਵਾਲੇ ਸੁਖਬੀਰ ਸਿੰਘ ਬਾਦਲ ਪੰਥ ਨੂੰ ਕੀ ਇਹ ਦੱਸ ਸਕਦੇ ਹਨ ਕਿ ਅਕਾਲ ਤਖ਼ਤ ਸਾਹਿਬ ’ਤੇ ਸਥਾਪਤ ਹੋਏ ਸ਼੍ਰੋਮਣੀ ਅਕਾਲੀ ਦਲ ਤੋਂ ਬਾਦਲ ਦਲ ਬਣ ਜਾਣ ਅਤੇ ਫਿਰ ਇਸ ਦਲ ਦੇ ਰਾਜ ਵਿਚ ਸਿੱਖ ਪੰਥ ਦੇ ਇਸ਼ਟ ਦੀ ਹੋਈ ਬੇਅਦਬੀ ਅਤੇ ਉਸ ਬੇਅਦਬੀ ਵਿਰੁੱਧ ਰੋਸ ਪ੍ਰਗਟ ਕਰਦਿਆਂ ਅਪਣੇ ਦੋ ਬੇਦੋਸ਼ੇ ਪੁੱਤ ਮਰਵਾਉਣ ਕਾਰਨ ਲਹੂ ਦੇ ਹੰਝੂ ਕੇਰਨ ਵਾਲਾ ਪੰਥ ਕਿਸ ਉਤੇ ਮਾਣਹਾਨੀ ਦਾ ਕੇਸ ਕਰੇ?
ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕੈਲੇਫ਼ੋਰਨੀਆਂ (ਅਮਰੀਕਾ) ਤੋਂ ਤਰਲੋਚਨ ਸਿੰਘ ਦੁਪਾਲਪੁਰ ਸਾਬਕਾ ਮੈਂਬਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਆਖਿਆ ਕਿ ਸੁਖਬੀਰ ਬਾਦਲ ਜੀ ਭਾਵੇਂ ਅੱਜ ਐਸ.ਆਈ.ਟੀ. (ਸਿਟ) ਸਿਆਸੀ ਬਦਨੀਤੀ ਵਾਲੀਆਂ ਸਾਜ਼ਸ਼ਾਂ ਦਾ ਸ਼ਿਕਾਰ ਹੋ ਗਈ ਹੈ ਪਰ ਤੁਸੀ ਇਨ੍ਹਾਂ ਤੱਥਾਂ ਤੋਂ ਕਿਵੇਂ ਇਨਕਾਰੀ ਹੋ ਸਕਦੇ ਹੋ ਕਿ ਪੰਜਾਬ ’ਚ ਕੀੜੀ ਤੁਰੀ ਜਾਂਦੀ ਵੀ ਨਜ਼ਰ ਵਿਚ ਹੋਣ ਦਾ ਦਾਅਵਾ ਕਰਨ ਵਾਲੇ ਤੁਹਾਡੇ ਪਿਤਾ ਸ. ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਵਿਚ ਹੋਈਆਂ ਬੇਅਦਬੀਆਂ ਦਾ ਇਕ ਵੀ ਦੋਸ਼ੀ ਉਨ੍ਹਾਂ ਨੂੰ ਦਿਸਿਆ ਨਹੀਂ? ਬਹਿਬਲ ਕਲਾਂ ਦੇ ਬੇਅਦਬੀ ਕਾਂਡ ਤੋਂ ਬਾਅਦ ਦੋ ਬੇਦੋਸ਼ੇ ਸਿੱਖ ਗੱਭਰੂ ਮਾਰੇ ਜਾਣ ਤੋਂ ਇਲਾਵਾ ਪੰਜ ਹੋਰ ਨਿਰਦੋਸ਼ ਸਿੱਖ ਵੀ ਤੁਹਾਡੇ ਹੀ ਰਾਜ ਵਿਚ ਮਾਰੇ ਗਏ ਸਨ। ਕੋਟਕਪੂਰੇ ਵਾਲੇ ਕਾਂਡ ਵਿਚ ਗੋਲੀ ਚਲਾਉਣ ਵਾਲੀ ਪੁਲੀਸ ਨੂੰ ਤੁਸੀ ਗ੍ਰਹਿ ਮੰਤਰੀ ਹੁੰਦਿਆਂ ‘ਅਣਪਛਾਤੀ’ ਲਿਖਵਾਇਆ ਸੀ।
ਕੀ ਇਨ੍ਹਾਂ ਹਕੀਕੀ ਤੱਥਾਂ ਤੋਂ ਤੁਸੀ ਮੁਨਕਰ ਹੋ ਸਕਦੇ ਹੋ? ਤੁਸੀ ਕੁੰਵਰ ਵਿਜੈ ਪ੍ਰਤਾਪ ਸਿੰਘ ’ਤੇ ਜੀਅ ਸਦਕੇ ‘ਮਾਣਹਾਨੀ’ ਦਾ ਕੇਸ ਕਰੋ ਪਰ ਉਕਤ ਚਿੱਟੇ ਦਿਨ ਵਰਗੀਆਂ ਸੱਚਾਈਆਂ ਤੋਂ ਰੱਜ ਕੇ ਦੁਖੀ ਹੋਇਆ ਪੰਥ ਕਿਹੜੇ ਹਾਕਮਾਂ ਉੱਤੇ ਅਪਣੀ ਕੌਮੀ ਮਾਣਹਾਨੀ ਦਾ ਕੇਸ ਕਰੇ, ਇਹ ਵੀ ਦਸ ਦਿਉ? ਵੈਸੇ ਤਾਂ ਸੌਦੇ ਸਾਧ ਦੀਆਂ ਵੋਟਾਂ ਦੀ ਭੁੱਖ ਕਾਰਨ ਅਕਾਲ ਤਖ਼ਤ ਸਾਹਿਬ ਦੀ ਬੇ-ਕਿਰਕੀ ਨਾਲ ਕੀਤੀ ਦੁਰਵਰਤੋਂ ਅਤੇ ਗੁਰੂ ਕੀ ਗੋਲਕ ਦੇ ਉਜਾੜੇ ਵਾਲੇ ਤੁਹਾਡੇ ਕਾਰੇ ਪੰਥ ਦੇ ਸੀਨੇ ’ਚ ਸੂਲ ਵਾਂਗ ਖੁਭੇ ਪਏ ਹਨ, ਪਰ ‘ਸਿਟ’ ਨਾਲ ਹੋਏ ਸਿਆਸੀ ਖਿਲਵਾੜ ਤੋਂ ਬਾਅਦ ਤੁਹਾਡੇ ਦਲ ਵਲੋਂ ਖ਼ੁਸ਼ੀ ਮਨਾਉਂਦਿਆਂ ਜਾਗਦੀ ਜ਼ਮੀਰ ਵਾਲੇ ਕੁੰਵਰ ਵਿਜੈ ਪ੍ਰਤਾਪ ਸਿੰਘ ਉਤੇ ਸ਼ਬਦੀ ਹਮਲੇ ਵੇਖ ਕੇ ਹੀ ਪੰਥ ਤੁਹਾਡੇ ਕੋਲੋਂ ਇਨ੍ਹਾਂ ਅਹਿਮ ਸਵਾਲਾਂ ਦੇ ਜਵਾਬ ਮੰਗਦਾ ਹੈ।