ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਵਿਗਾੜਨ ਲਈ ਵਿਰੋਧੀ ਤਾਕਤਾਂ ਸਰਗਰਮ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਗੁਰੂ ਪ੍ਰਤਾਪ ਸੂਰਜ ਗ੍ਰੰਥ ਵਿਚ ਨਾਰਾਇਣ ਦਾਸ ਵਰਗਾ ਗੰਦ ਹੀ ਲਿਖਿਆ ਹੋਇਆ ਹੈ...

Guru Partap Granth

ਤਰਨਤਾਰਨ, 23 ਮਈ (ਚਰਨਜੀਤ ਸਿੰਘ): ਸਮੁੱਚਾ ਸਿੱਖ ਪੰਥ 17 ਜੂਨ ਨੂੰ ਸ੍ਰੀ ਗੁਰੂ ਅਰਜੁਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਿਹਾ ਹੈ। ਇਸ ਦਿਹਾੜੇ ਦੇ ਇਤਿਹਾਸ ਨੂੰ ਵਿਗਾੜਨ ਲਈ ਕੁੱਝ ਸਿੱਖ ਵਿਰੋਧੀ ਸ਼ਕਤੀਆਂ ਪਿਛਲੇ ਕੁੱਝ ਦਿਨ ਤੋਂ ਸਰਗਰਮ ਹਨ। ਅਖੌਤੀ ਸਾਧ ਨਾਰਾਇਣ ਦਾਸ ਦੀ ਵੀਡੀਉ ਨੂੰ ਇਸ ਸੰਦਰਭ ਵਿਚ ਵੇਖਿਆ ਜਾ ਸਕਦਾ ਹੈ। ਨਾਰਾਇਣ ਦਾਸ ਨੂੰ ਮਾਫ਼ੀ ਦਿਵਾਉਣ ਵਿਚ ਅਹਿਮ ਭੂਮਿਕਾ ਅਦਾ ਕਰਨ ਲਈ ਸਰਗਰਮ ਲੋਕ ਮਹਾਂ ਕਵੀ ਸੰਤੋਖ ਸਿੰਘ ਦੇ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਵਿਚ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਲੈ ਕੇ ਦਰਜ ਗੱਪਾਂ ਬਾਰੇ ਕੀ ਕਹਿਣਗੇ। ਇਹ ਵਿਚਾਰਨ ਦਾ ਵਿਸ਼ਾ ਹੈ।  


ਨਾਰਾਇਣ ਦਾਸ ਨੇ ਅਪਣੀ ਵੀਡੀਉ ਵਿਚ ਕਿਹਾ ਸੀ ਕਿ ਗੁਰੂ ਅਰਜੁਨ ਦੇਵ ਜੀ ਨੇ ਭਗਤ ਰਵਿਦਾਸ, ਭਗਤ ਕਬੀਰ ਅਤੇ ਭਗਤ ਨਾਮਦੇਵ ਜੀ ਦੀ ਬਾਣੀ ਨੂੰ ਆਪਣੀ ਮਰਜੀ ਨਾਲ ਤੋੜਿਆ ਮਰੋੜਿਆ ਸੀ ਜਿਸ ਕਰ ਕੇ ਇਨ੍ਹਾਂ ਭਗਤਾਂ ਦੇ ਸਰਾਪ ਕਾਰਨ ਗੁਰੂ ਸਾਹਿਬ ਨੂੰ ਤਤੀ ਤਵੀ 'ਤੇ ਬੈਠਣਾ ਪਿਆ, ਸਿਰ ਵਿਚ ਗਰਮ ਰੇਤ ਪਵਾਉਣੀ ਪਈ ਤੇ ਤਰ੍ਹਾਂ ਤਰ੍ਹਾਂ ਦੇ ਤਸੀਹੇ ਝਲਣੇ ਪਏ। ਦੂਜੇ ਪਾਸੇ ਮਹਾਂ ਗੱਪੀ ਸੰਤੋਖ ਸਿੰਘ ਅਪਣੇ ਵਡ ਅਕਾਰੀ ਸੂਰਜ ਗ੍ਰੰਥ ਵਿਚ ਇਸ ਤੋਂ ਵੀ ਚਾਰ ਕਦਮ ਅੱਗੇ ਚਲਾ ਜਾਂਦਾ ਹੈ।

ਸੰਤੋਖ ਸਿੰਘ ਦੇ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਅਧਿਆਏ 35 ਅਤੇ 40 ਦੀ ਰਾਸ 4 ਭਾਗ 1 ਮੁਤਾਬਕ ਗੁਰੂ ਸਾਹਿਬ ਨੂੰ ਕਾਨਾ ਨਾਮਕ ਇਕ ਕਵੀ ਦੇ ਸਰਾਪ ਕਰਨ ਇਹ ਤਸੀਹੇ ਝਲਣੇ ਪਏ। ਸੰਤੋਖ ਸਿੰਘ ਲਿਖਦਾ ਹੈ ਕਿ ਗੁਰੂ ਜੀ ਕਾਹਨੇ ਦੇ ਸਰਾਪ ਨੂੰ ਸੱਚ ਕਰ ਗਏ। ਇਸ ਅਖੌਤੀ ਇਤਿਹਾਸ ਮੁਤਾਬਕ ਕਾਹਨਾ, ਛੱਜੂ , ਪੀਲੂ ਤੇ ਸ਼ਾਹ ਹੁਸੈਨ ਨਾਮਕ ਕਵੀ ਅਪਣੀਆਂ ਰਚਨਾਵਾਂ ਲੈ ਕੇ ਗੁਰੂ ਸਾਹਿਬ ਕੋਲ ਆਏ। ਗੁਰੂ ਸਾਹਿਬ ਨੇ ਇਹ ਰਚਨਾਵਾਂ ਸੁਣ ਕੇ ਇਨ੍ਹਾਂ ਰਚਨਾਵਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰਨ ਤੋਂ ਇਨਕਾਰ ਕਰ ਦਿਤਾ ਸੀ ਕਿਉਂਕਿ ਇਹ ਰਚਨਾਵਾਂ ਗੁਰਬਾਣੀ ਲਈ ਤੈਅ ਕਸਵਟੀ 'ਤੇ ਖਰੀਆਂ ਨਹੀਂ ਉਤਰਦੀਆਂ।

ਸੰਤੋਖ ਸਿੰਘ ਦੀ ਗੱਪ ਮੁਤਾਬਕ ਲਾਹੌਰ ਵਾਪਸ ਜਾਂਦੇ ਸਮੇਂ ਕਾਹਨੇ ਨੇ ਗੁਰੂ ਸਾਹਿਬ ਨੂੰ ਸਰਾਪ ਦਿਤਾ ਸੀ ਜਿਸ ਕਰ ਕੇ ਗੁਰੂ ਜੀ ਨੂੰ ਤਸੀਹੇ ਸਹਿਣੇ ਪਏ ਸਨ। 
ਇਸ ਅਖੌਤੀ ਗ੍ਰੰਥ ਦੇ ਤਥਾ ਕਥਿਤ ਵਿਦਵਾਨ ਜਿਸ ਨੂੰ ਮਹਾਂਕਵੀ ਕਿਹਾ ਜਾਂਦਾ ਹੈ, ਨੇ ਗੁਰੂ ਸਾਹਿਬ ਦੀ ਸ਼ਹਾਦਤ ਦੇ ਮੁੱਖ ਦੋਸ਼ੀ ਦੀਵਾਨ ਚੰਦੂ ਨੂੰ ਪਾਕ ਸਾਫ਼ ਵਿਖਾਉਣ ਲਈ ਵੀ ਕੋਸ਼ਿਸ਼ਾਂ ਕੀਤੀਆਂ ਹਨ। ਸੰਤੋਖ ਸਿੰਘ ਅਨੁਸਾਰ ਗੁਰੂ ਅਰਜੁਨ ਸਾਹਿਬ ਦੀ ਸ਼ਹੀਦੀ ਤੋਂ ਇਕ ਦਿਨ ਪਹਿਲੇ ਦੀਵਾਨ ਚੰਦੂ ਦੀ ਨੂੰਹ ਅਪਣੇ ਸਹੁਰੇ ਪਰਵਾਰ ਨੂੰ ਲੈ ਕੇ ਗੁਰੂ ਸਾਹਿਬ ਕੋਲ ਜੇਲ ਵਿਚ ਆਈ।

ਉਸ ਨੇ ਅਪਣੇ ਸੋਨੇ ਦੇ ਗਹਿਣੇ  ਗੁਰੂ ਜੀ ਦੇ ਆਲੇ ਦੁਆਲੇ ਤੈਨਾਤ ਸਿਪਾਹੀਆਂ ਨੂੰ ਦੇ ਕੇ ਗੁਰੂ ਜੀ ਨੂੰ ਸ਼ਰਬਤ ਪੀਣ ਲਈ ਪੇਸ਼ ਕੀਤਾ। ਜਿਸ ਨੂੰ ਗੁਰੂ ਜੀ ਨੇ ਪੀਣ ਤੋਂ ਇਨਕਾਰ ਕਰ ਦਿਤਾ। ਆਪਣੇ ਆਪ ਵਿਚ ਸਵੈ ਵਿਰੋਧੀ ਇਸ ਅਖੌਤੀ ਕਥਾ ਨੂੰ ਪੜ੍ਹ ਕੇ ਕੋਈ ਵੀ ਹਸ ਸਕਦਾ ਹੈ ਕਿਉਂਕਿ ਚੰਦੂ ਦੀਵਾਨ ਸੀ ਤੇ ਸਿਪਾਹੀ ਇਕ ਦੀਵਾਨ ਦੇ ਪਰਿਵਾਰ ਦੇ ਮੈਂਬਰਾਂ ਤੋਂ ਅਣਜਾਣ ਨਹੀਂ ਹੋ ਸਕਦੇ। ਉਹਨਾਂ ਉਸ ਵੇਲੇ ਦੀ ਹਕੂਮਤ ਦੇ ਇਕ ਦੋਸ਼ੀ ਨਾਲ ਮੁਲਾਕਾਤ ਕਰਵਾਉਣ ਸਮੇ ਸ਼ਰੇਆਮ ਰਿਸ਼ਵਤ ਲਈ ਦੀਵਾਨ ਦੇ ਪਰਿਵਾਰ ਕੋਲੋ ਰਿਸ਼ਵਤ ਲੈ ਲਈ ਹੋਵੇਗੀ, ਹਜ਼ਮ ਨਹੀਂ ਹੁੰਦੀ।