ਪਾਕਿ ਗੁਰਦਵਾਰਾ ਕਮੇਟੀ ਤੇ ਔਕਾਫ਼ ਬੋਰਡ ਨੇ ਕੀਤਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਭਲਕੇ ਗੁਰਦਵਾਰਾ ਚੌਆ ਸਾਹਿਬ ਸੰਗਤਾਂ ਲਈ ਖੋਲ੍ਹਿਆ ਜਾਵੇਗਾ

Gurdwara Chowa Sahib

ਅੰਮ੍ਰਿਤਸਰ : ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਪਾਕਿਸਤਾਨ ਔਕਾਫ਼ ਬੋਰਡ ਨੇ ਐਲਾਨ ਕੀਤਾ ਹੈ ਕਿ  26 ਜੁਲਾਈ ਨੂੰ ਗੁਰਦਵਾਰਾ ਚੌਆ ਸਾਹਿਬ ਸੰਗਤਾਂ ਲਈ ਖੋਲ੍ਹ ਦਿਤਾ ਜਾਵੇਗਾ। ਪਾਕਿਸਤਾਨ ਔਕਾਫ ਬੋਰਡ ਦੇ ਅਧਿਕਾਰੀ ਜਨਾਬ ਇਮਰਨ ਗੌਦਲ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਹ ਗੁਰਦਵਾਰਾ ਜੇਹਲਮ ਵਿਖੇ ਸਥਿਤ ਹੈ। ਗੁਰਦਵਾਰਾ ਸਾਹਿਬ ਦੀ ਇਮਾਰਤ ਬੇਹਦ ਮਜ਼ਬੂਤ ਤੇ ਸੁੰਦਰ ਦਿਖ ਵਾਲੀ ਹੈ। 

ਔਕਾਫ਼ ਬੋਰਡ, ਪਾਕਿਸਤਾਨ ਕਮੇਟੀ ਦੇ ਫ਼ੈਸਲੇ ਮੁਤਾਬਕ ਇਸ ਗੁਰੂ ਘਰ ਨੂੰ 26 ਜੁਲਾਈ ਨੂੰ ਖੋਲ੍ਹ ਦਿਤਾ ਜਾਵੇਗਾ ਤੇ ਜਲਦ ਹੀ ਸਿੱਖ ਸੰਗਤਾਂ ਇਸ ਗੁਰੂ ਘਰ ਦੇ ਦਰਸ਼ਨ ਕਰ ਸਕਣਗੀਆਂ।  ਸਿੱਖ ਇਤਿਹਾਸ ਦੇ ਸ੍ਰੋਤਾਂ ਮੁਤਾਬਕ ਬਾਬਾ ਨਾਨਕ ਅਪਣੇ ਸਾਥੀ ਭਾਈ ਮਰਦਾਨਾ ਜੀ ਨਾਲ ਇਸ ਸਥਾਨ 'ਤੇ ਅਪਣੀ ਚੌਥੀ ਉਦਾਸੀ ਸਮੇਂ ਆਏ ਸਨ ਤੇ ਕਰੀਬ 40 ਦਿਨ ਤਕ ਇਸ ਥਾਂ 'ਤੇ ਰੁਕੇ ਸਨ। ਇਸ ਥਾਂ 'ਤੇ ਪਾਣੀ ਦਾ ਇਕ ਚਸ਼ਮਾ ਵੀ ਗੁਰੂ ਬਾਬੇ ਦੀ ਚਰਨ ਛੋਹ ਨਾਲ ਸ਼ੁਰੂ ਹੋਇਆ ਸੀ।

ਰੋਹਤਾਸ ਕਿਲ੍ਹੇ ਦੇ ਐਨ ਨੇੜੇ ਬਣੇ ਇਸ ਗੁਰੂ ਘਰ ਦੀ ਮੌਜੂਦਾ ਇਮਾਰਤ ਦਾ ਨਿਰਮਾਣ 1834 ਵਿਚ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਇਆ ਸੀ।  ਪਾਕਿਸਤਾਨ ਸਰਕਾਰ, ਔਕਾਫ਼ ਬੋਰਡ ਅਤੇ ਪਾਕਿ ਕਮੇਟੀ ਵਲੋਂ ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ 'ਤੇ ਸਿੱਖ ਸੰਗਤ ਲਈ ਬੇਹਤਰੀਨ ਸੌਗਾਤ ਹੈ।