ਅਸੀ 2017 ਵਿਚ ਮਾਈ ਭਾਗੋ ਦੇ ਹੱਕ 'ਚ ਬੋਲੇ ਸੀ, ਉਦੋਂ ਵਿਰੋਧ ਕਰਨ ਵਾਲੇ ਕਿਥੇ ਸਨ : ਭਾਈ ਰਣਜੀਤ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਉਨ੍ਹਾਂ ਦੁੱਖ ਪ੍ਰਗਟਾਇਆ ਕਿ ਸੂਰਜ ਪ੍ਰਕਾਸ਼ ਗ੍ਰੰਥ ਵਿਚ ਮਾਈ ਭਾਗੋ ਤੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਕਈ ਗ਼ਲਤ ਟਿਪਣੀਆਂ ਹਨ

Ranjit Singh Dhadrian Wale

ਸੰਗਰੂਰ (ਗੁਰਦਰਸ਼ਨ ਸਿੰਘ ਸਿੱਧੂ) : ਗੁਰਦਵਾਰਾ ਪ੍ਰਮੇਸ਼ਰ ਦੁਆਰ ਦੇ ਮੁੱਖ ਸੇਵਾਦਾਰ ਭਾਈ ਰਣਜੀਤ ਸਿੰਘ ਖ਼ਾਲਸਾ ਢਡਰੀਆਂ ਵਾਲਿਆਂ ਨੇ ਕਿਹਾ ਹੈ ਕਿ ਮਾਈ ਭਾਗੋ ਜੀ ਬਾਰੇ ਅਪਣੇ ਗੀਤ ਵਿਚ ਗ਼ਲਤ ਟਿਪਣੀ ਕਰਨ 'ਤੇ ਇਕ ਪੰਜਾਬੀ ਗਾਇਕ ਵਿਰੁਧ ਵਿਵਾਦ ਖੜਾ ਕਰਨ ਵਾਲੇ ਲੋਕ ਇਹ ਦੱਸਣ ਜਦੋਂ ਉਨ੍ਹਾਂ 5 ਅਗੱਸਤ 2017 ਨੂੰ ਗੁਰਦੁਆਰਾ ਸਾਹਿਬ ਪ੍ਰਮੇਸ਼ਰ ਦੁਆਰ ਵਿਖੇ ਦੀਵਾਨਾਂ ਵਿਚ ਸੂਰਜ ਪ੍ਰਕਾਸ਼ ਗ੍ਰੰਥ ਵਿਚ ਭਾਈ ਸੰਤੋਖ ਸਿੰਘ ਵਲੋਂ ਅਜਿਹੀ ਟਿਪਣੀ ਮਾਈ ਭਾਗੋ ਬਾਰੇ ਲਿਖਣ ਸਬੰਧੀ ਬੋਲਿਆ ਸੀ ਤਾਂ ਉਦੋਂ ਇਸ ਮਾਮਲੇ ਨੂੰ ਕਿਉਂ ਨਹੀਂ ਚੁਕਿਆ ਗਿਆ?

ਭਾਈ ਰਣਜੀਤ ਸਿੰਘ ਨੇ ਕਿਹਾ ਕਿ ਗਾਇਕ ਨੇ ਤਾਂ ਮਾਫ਼ੀ ਵੀ ਮੰਗ ਲਈ ਹੈ ਪਰ ਚਿੰਤਾ ਵਾਲੀ ਗੱਲ ਤਾਂ ਇਹ ਹੈ ਕਿ ਜਦੋਂ ਅਸੀ 5 ਅਗੱਸਤ 2017 ਨੂੰ ਗੁਰਦਵਾਰਾ ਪ੍ਰਮੇਸ਼ਰ ਦੁਆਰ ਸਾਹਿਬ ਵਿਖੇ ਭਾਈ ਸੰਤੋਖ ਸਿੰਘ ਨੇ ਸੂਰਜ ਪ੍ਰਕਾਸ਼ ਗ੍ਰੰਥ ਵਿਚ ਸੰਤੋਖ ਸਿੰਘ ਵਲੋਂ ਮਾਈ ਭਾਗੋ ਜੀ ਬਾਰੇ ਲਿਖਿਆ ਕਿ ਮਾਈ ਭਾਗੋ ਇਕ ਵੀ ਕਪੜਾ ਨਹੀਂ ਸੀ ਪਹਿਨਦੀ ਅਤੇ ਗੁਰੂ ਗੋਬਿੰਦ ਸਿੰਘ ਜੀ ਨਾਲ ਬਿਲਕੁਲ ਨਗਨ ਅਵਸਥਾ ਵਿਚ ਰਹਿੰਦੀ ਸੀ ਉਦੋਂ ਇਹ ਜਥੇਬੰਦੀਆਂ ਨੂੰ ਖ਼ਿਆਲ ਕਿਉਂ ਨਹੀਂ ਆਇਆ। ਦੁੱਖ ਦੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਸੰਤੋਖ ਸਿੰਘ ਦਾ ਜਨਮ ਦਿਹਾੜਾ ਅਤੇ ਸ਼ਤਾਬਦੀਆਂ ਮਨਾਉਂਦੀ ਹੈ।

ਉਨ੍ਹਾਂ ਦੁੱਖ ਪ੍ਰਗਟਾਇਆ ਕਿ ਸੂਰਜ ਪ੍ਰਕਾਸ਼ ਗ੍ਰੰਥ ਵਿਚ ਮਾਈ ਭਾਗੋ ਤੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਕਈ ਗ਼ਲਤ ਟਿਪਣੀਆਂ ਹਨ, ਉਸ ਬਾਰੇ ਤਾਂ ਕੋਈ ਨਹੀਂ ਬੋਲਦਾ ਅਤੇ ਨਾ ਹੀ ਉਸ ਸਬੰਧੀ ਕੋਈ ਮਾਫ਼ੀ ਮੰਗਦਾ ਹੈ। ਇਸ ਤੋਂ ਇਲਾਵਾ ਇਸ ਗ੍ਰੰਥ ਨੂੰ ਗੁਰੂ ਗ੍ਰਥ ਸਾਹਿਬ ਵਾਂਗ ਹੀ ਸੁੰਦਰ ਰੁਮਾਲਿਆਂ ਨਾਲ ਸਜਾਇਆ ਜਾਂਦਾ ਹੈ ਅਤੇ ਪੀੜ੍ਹੀ ਤੇ ਸੁਸ਼ੋਭਿਤ ਕੀਤਾ ਜਾਂਦਾ ਹੈ ਪਰ ਕਦੇ ਵੀ ਸਾਡੇ ਧਰਮ ਦੇ ਠੇਕੇਦਾਰ ਇਸ ਬਾਰੇ ਕੁੱਝ ਨਹੀਂ ਬੋਲਦੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।