ਨਾਰਾਇਣ ਦਾਸ ਦੀ ਮਾਫ਼ੀ ਲਈ ਸਮਝੌਤਾ ਬ੍ਰਿਗੇਡ ਸਰਗਰਮ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

 ਗੁਰੂ ਅਰਜਨ ਦੇਵ ਜੀ ਵਿਰੁਧ ਵਿਵਾਦਤ ਟਿਪਣੀ ਕਾਰਨ ਵਾਲੇ ਨਾਰਾਇਣ ਦਾਸ ਨੂੰ ਪਾਕ ਸਾਫ਼ ਦੱਸਣ ਲਈ ਤੇ ਉਸ ਨੂੰ ਮੁੜ ਸਥਾਪਤ ਕਰਨ ਲਈ ਸਮਝੌਤਾ ਬ੍ਰਿਗੇਡ ਮੁੜ...

SGPC

 ਗੁਰੂ ਅਰਜਨ ਦੇਵ ਜੀ ਵਿਰੁਧ ਵਿਵਾਦਤ ਟਿਪਣੀ ਕਾਰਨ ਵਾਲੇ ਨਾਰਾਇਣ ਦਾਸ ਨੂੰ ਪਾਕ ਸਾਫ਼ ਦੱਸਣ ਲਈ ਤੇ ਉਸ ਨੂੰ ਮੁੜ ਸਥਾਪਤ ਕਰਨ ਲਈ ਸਮਝੌਤਾ ਬ੍ਰਿਗੇਡ ਮੁੜ ਸਰਗਰਮ ਹੋ ਗਈ ਹੈ। ਸਮਝੌਤਾ ਬ੍ਰਿਗੇਡ ਨੇ ਇਸ ਮਾਮਲੇ ਦੇ ਹੱਲ ਲਈ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਗਿ. ਗੁਰਬਚਨ ਸਿੰਘ ਨੂੰ ਅਪਣੇ ਪਭਾਵ ਹੇਠ ਲੈ ਲਿਆ ਹੈ ਤੇ ਸ਼ਾਹਕੋਟ ਜ਼ਿਮਨੀ ਚੋਣ ਤੋਂ ਬਾਅਦ ਸੇਵਾ ਰੂਪੀ ਸਜ਼ਾ ਦੇ ਕੇ ਸਾਧ ਨੂੰ ਬਖ਼ਸ਼ ਦਿਤਾ ਜਾਵੇਗਾ। 

ਸਮਝੌਤਾ ਬ੍ਰਿਗੇਡ ਜਿਸ ਵਿਚ ਇਕ ਸਾਬਕਾ ਫ਼ੈਡਰੇਸ਼ਨ ਆਗੂ ਤੇ ਸ਼੍ਰੋਮਣੀ ਕਮੇਟੀ ਦਾ ਇਕ ਮੈਂਬਰ ਸ਼ਾਮਲ ਹੈ, ਨੇ ਨਾਰਾਇਣ ਦਾਸ ਨਾਲ ਹਰਿਆਣਾ ਦੇ ਇਕ ਡੇਰੇ ਵਿਚ ਮੁਲਾਕਾਤ ਕਰ ਕੇ ਉਸ ਨੂੰ ਤਸੱਲੀ ਦਿਵਾਈ ਹੈ ਕਿ ਇਹ ਬ੍ਰਿਗੇਡ ਉਸ ਦਾ ਵਾਲ ਵੀ ਵਿੰਗਾ ਨਹੀਂ ਹੋਣ ਦੇਵੇਗੀ। ਇਸ ਬ੍ਰਿਗੇਡ ਨੇ ਸਾਧ ਨੂੰ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਨ੍ਹਾਂ ਦੇ ਇਸ਼ਾਰੇ 'ਤੇ ਹੀ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਸਾਹਿਬ ਚਲਦੇ ਹਨ।

ਜੇ ਇਸ ਬ੍ਰਿਗੇਡ ਦਾ ਸਾਥ ਸਾਧ ਨੂੰ ਮਿਲ ਜਾਂਦਾ ਹੈ ਤਾਂ ਕੋਈ ਸਾਧ ਦੀ ਹਵਾ ਵਲ ਵੀ ਨਹੀਂ ਵੇਖ ਸਕਦਾ। ਇਸ ਬ੍ਰਿਗੇਡ ਦੀ ਦਿਤੀ ਸ਼ਬਦਾਵਲੀ 'ਤੇ ਹੀ ਸਾਧ ਨੇ ਇਕ ਪੱਤਰ ਲਿਖਿਆ। ਇਸ ਪੱਤਰ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਪੰਜ ਤਖ਼ਤਾਂ ਦੇ ਜਥੇਦਾਰਾਂ ਕੋਲ ਭੇਜਿਆ ਜਾ ਚੁਕਾ ਹੈ ਪਰ ਤਖ਼ਤਾਂ ਤੋਂ ਇਹ ਤਸਦੀਕ ਨਹੀਂ ਹੋ ਰਿਹਾ ਕਿ ਸਾਧ ਦਾ ਪੱਤਰ ਆਇਆ ਹੈ ਕਿ ਨਹੀਂ। ਸਮਝੌਤਾ ਬ੍ਰਿਗੇਡ ਚਾਹੁੰਦੀ ਹੈ ਕਿ ਸਾਧ ਨੇ ਜਦ ਇਕ ਪੰਥਕ ਜਥੇਬੰਦੀ ਅੱਗੇ ਗੋਡੇ ਟੇਕ ਹੀ ਦਿਤੇ ਹਨ ਤਾਂ ਇਸ ਨੂੰ ਥੋੜੇ ਸਖ਼ਤ ਸ਼ਬਦਾਂ ਵਿਚ ਤਾੜਨਾ ਕਰ ਕੇ ਅਤੇ ਕੁੱਝ ਦਿਨ ਦੀ ਸੇਵਾ ਲਾ ਕੇ ਮਾਫ਼ ਕਰ ਦਿਤਾ ਜਾਵੇ।

ਜਾਣਕਾਰੀ ਮੁਤਾਬਕ ਸਾਧ ਨਾਰਾਇਣ ਦਾਸ ਭੇਸ ਬਦਲਣ ਦੇ ਨਾਲ-ਨਾਲ ਪਤੇ ਬਦਲਣ ਦਾ ਵੀ ਮਾਹਰ ਹੈ। ਇਹ ਸਾਧ ਦਰਬਾਰ ਸਾਹਿਬ ਸਮੂਹ ਵਿਚ ਖੋਜ ਕਾਰਜਾਂ ਲਈ ਬਣੀ ਸਿੱਖ ਰੈਫ਼ਰੈਂਸ ਲਾਇਬਰੇਰੀ ਵਿਚ ਕਈ ਸਾਲ ਲਗਾਤਾਰ ਗੁਰਬਾਣੀ ਨਾਲ ਸਬੰਧਤ ਪੁਸਤਕਾਂ ਦਾ ਪਾਠ ਪੜ੍ਹਨ, ਉਨ੍ਹਾਂ ਪੁਸਤਕਾਂ ਵਿਚੋਂ ਨੋਟ ਤਿਆਰ ਕਰਦਾ ਰਿਹਾ ਹੈ। ਲਾਇਬਰੇਰੀ ਦੇ ਇੰਚਾਰਜ ਵਲੋਂ ਇਸ ਦੀ ਹਰਕਤ 'ਤੇ ਲਗਾਤਾਰ ਨਜ਼ਰ ਰੱਖੀ ਜਾਂਦੀ ਰਹੀ। ਸ਼ੱਕ ਹੋਣ 'ਤੇ ਜਦ ਇਸ ਪਾਸੋਂ ਕੁੱਝ ਸਵਾਲ ਪੁੱਛੇ ਗਏ ਤਾਂ ਇਹ ਮੁੜ ਦੁਬਾਰਾ ਸਿੱਖ ਰੈਫ਼ਰੈਂਸ ਲਾਇਬਰੇਰੀ ਵਲ ਆਇਆ ਹੀ ਨਹੀਂ।

ਨਾਰਾਇਣ ਦਾਸ ਦੀ ਤਸਵੀਰ ਵਾਰ-ਵਾਰ ਅਖ਼ਬਾਰਾਂ ਤੇ ਸੋਸ਼ਲ ਮੀਡੀਆ ਵਿਚ ਸਾਹਮਣੇ ਆਉਣ 'ਤੇ ਇਸ ਅਧਿਕਾਰੀ ਨੇ ਨਾਰਾਇਣ ਦਾਸ ਦਾ ਤਲਖ ਸੱਚ ਤੇ ਉਸ ਵਲੋਂ ਕੀਤੀ ਜਾ ਰਹੀ ਖੋਜ ਦਾ ਕੱਚਾ ਚਿੱਠਾ ਵੀ ਬਿਆਨ ਦਿਤਾ। ਸ਼੍ਰੋਮਣੀ ਕਮੇਟੀ ਦੇ ਇਸ ਅਧਿਕਾਰੀ ਦੀ ਕਹੀ ਤੇ ਯਕੀਨ ਕੀਤਾ ਜਾਏ ਤਾਂ ਸਾਲ 2009-10 ਦੇ ਕਰੀਬ ਰੈਫ਼ਰੈਂਸ ਲਾਇਬਰੇਰੀ ਵਿਚ ਇਕ ਕਲੀਨ ਸ਼ੇਵਨ ਲੰਬਾ ਉਚਾ ਨੌਜਵਾਨ ਆਉਣਾ ਸ਼ੁਰੂ ਹੋਇਆ।

ਲਾਇਬਰੇਰੀ ਦੇ ਵਿਜ਼ਟਰ ਰਜਿਸਟਰ ਤੋਂ ਪਤਾ ਲਗਿਆ ਕਿ ਇਹ ਨੌਜਵਾਨ ਅਪਣਾ ਨਾਂ ਕਦੇ ਨਾਰਾਇਣ ਕੁਮਾਰ, ਪ੍ਰਸਾਦਿ ਅਤੇ ਕਦੇ ਦਾਸ ਲਿਖਦਾ ਰਿਹਾ ਪਰ ਘਰ ਦਾ ਪਤਾ ਬਦਲ ਰਿਹਾ ਸੀ। ਨਾਰਾਇਣ ਦਾਸ ਦਾ  ਪਤਾ ਪਟਿਆਲਾ ਤੇ ਫਗਵਾੜਾ ਦਰਜ ਹੋਇਆ। ਲਾਇਬਰੇਰੀ ਵਿਚ ਨਾਰਾਇਣ ਦਾਸ ਦੀ ਲਗਾਤਾਰ ਹਾਜ਼ਰੀ ਤੇ ਇਕ ਦਿਨ ਇੰਚਾਰਜ ਨੇ ਪੁੱਛ ਹੀ ਲਿਆ ਕਿ ਐਨੀਆਂ ਪੁਸਤਕਾਂ ਪੜ੍ਹ ਕੇ ਕੀ ਕਰਨਾ ਹੈ ਤਾਂ ਜਵਾਬ ਮਿਲਿਆ 'ਮੇਰਾ ਦੋਸਤ ਪੀ.ਐਚ.ਡੀ. ਕਰ ਰਹਾ ਹੈ। ਮੈਂ ਉਸ ਦੇ ਲਈ ਪੁਸਤਕਾਂ ਪੜ੍ਹਦਾ ਹਾਂ'।

ਜਵਾਬ ਸੁਣ ਕੇ ਲਾਇਬਰੇਰੀ ਅਧਿਕਾਰੀ ਦਾ ਮੱਥਾ ਠਣਕਿਆ ਤੇ ਉਸ ਨੇ ਇਸ ਨੂੰ ਲਾਇਬਰੇਰੀ ਤੋਂ ਬਾਹਰ ਦਾ ਰਸਤਾ ਵਿਖਾ ਦਿਤਾ। ਭੇਖਧਾਰੀ ਵਲੋਂ ਇਕੱਤਰ ਕੀਤੇ ਗਿਆਨ ਦਾ ਸੱਚ ਸਾਹਮਣੇ ਆ ਗਿਆ। ਹੁਣ ਉਹ ਅਧਿਕਾਰੀ ਵੀ ਹੈਰਾਨ ਹੈ ਕਿ ਆਖਰ ਅਜੇਹੇ ਭੇਖਧਾਰੀ ਨੂੰ ਕਿਸ ਨੇ, ਕਿਸ ਤਰ੍ਹਾਂ ਜਾਂ ਕਿਹੋ ਜਿਹਾ ਸੁਪਨਾ ਵਿਖਾਇਆ ਕਿ ਗੁਰਬਾਣੀ ਵਿਚ ਰੁਚੀ ਦਰਸਾਉਣ ਵਾਲਾ ਵਿਅਕਤੀ ਹੀ ਗੁਰਬਾਣੀ ਦਾ ਅਦਬ ਸਤਿਕਾਰ ਕਰਨ ਵਾਲੇ ਹਿਰਦੇ ਵਲੂੰਧਰ ਗਿਆ।