ਮਾਮਲਾ ਪੰਜਾਬ ਪੁਲਿਸ ਹੱਥੋਂ ਮਾਰੇ ਗਏ ਬਾਬਾ ਚਰਨ ਸਿੰਘ ਤੇ ਤਿੰਨ ਹੋਰ ਸਾਥੀਆਂ ਦਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

28 ਸਾਲਾਂ ਬਾਅਦ ਸੁਪਰੀਮ ਕੋਰਟ ਨੇ ਦਖ਼ਲ ਦੇ ਕੇ ਸੀ.ਬੀ.ਆਈ ਦੀ ਅਦਾਲਤ ਨੂੰ ਦਿਤਾ ਹੁਕਮ

Court

ਅੰਮ੍ਰਿਤਸਰ : ਪੰਜਾਬ ਵਿਚ ਚਲੇ ਕਾਲੇ ਦੌਰ ਦੌਰਾਨ ਦਹਿਸ਼ਤਵਾਦੀ ਬਣੀ ਪੰਜਾਬ ਪੁਲਿਸ ਦੇ ਹੱਥੋਂ ਮੌਤ ਦੇ ਘਾਟ ਉਤਾਰੇ ਗਏ ਕਾਰ ਸੇਵਾ ਵਾਲੇ ਬਾਬਾ ਚਰਨ ਸਿੰਘ ਅਤੇ ਉਨ੍ਹਾਂ ਦੇ ਤਿੰਨ ਹੋਰ ਸਾਥੀਆਂ ਦਾ ਮਾਮਲਾ 28 ਸਾਲ ਤੋਂ ਅਦਾਲਤਾਂ ਦੀਆਂ ਫ਼ਾਈਲਾਂ ਹੇਠ ਦਬਿਆ ਹੋਇਆ ਹੈ। ਹੁਣ ਆਖ਼ਰ ਸੁਪਰੀਮ ਕੋਰਟ ਨੇ ਦਖ਼ਲ ਦੇ ਕੇ ਸੀ ਬੀ ਆਈ ਦੀ ਅਦਾਲਤ ਨੂੰ ਹੁਕਮ ਦਿਤਾ ਹੈ ਕਿ ਇਸ ਮਾਮਲੇ ਦੀ ਸੁਣਵਾਈ ਹਰ ਰੋਜ਼ ਕਰ ਕੇ ਇਸ ਕੇਸ ਨੂੰ ਜਲਦ ਤੋਂ ਜਲਦ ਖ਼ਤਮ ਕੀਤਾ ਜਾਵੇ।

ਦਸਣਯੋਗ ਹੈ ਕਿ ਬਾਬਾ ਚਰਨ ਸਿੰਘ ਕਾਰਸੇਵਾ ਵਾਲਿਆਂ ਨੂੰ, ਉਨ੍ਹਾਂ ਦੇ ਦੋ ਭਰਾਵਾਂ ਗੁਰਦੇਵ ਸਿੰਘ ਅਤੇ ਮੇਜਾ ਸਿੰਘ, ਕੇਸਰ ਸਿੰਘ ਅਤੇ ਸਾਲੇ ਗੁਰਮੇਜ ਸਿੰਘ ਨੂੰ ਅੱਜ ਤੋਂ 28 ਸਾਲ ਪਹਿਲਾਂ ਪੁਲਿਸ ਨੇ ਚੁਕ ਲਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਦੀ ਕੋਈ ਉਘ ਸੁਘ ਨਹੀਂ ਸੀ ਲੱਗੀ। ਜਾਣਕਾਰੀ ਮੁਤਾਬਕ ਇਸ ਪੁਲਿਸ ਪਾਰਟੀ ਦੀ ਅਗਵਾਈ ਤਤਕਾਲੀ ਐਸ ਐਸ ਪੀ ਅਜੀਤ ਸਿੰਘ ਸੰਧੂ ਕਰ ਰਿਹਾ ਸੀ ਤੇ ਉਸ ਨਾਲ ਡੀ ਐਸ ਪੀ ਗੁਰਮੀਤ ਸਿੰਘ ਰੰਧਾਵਾ, ਸਾਬਕਾ ਇੰਸਪੈਕਟਰ ਸੁਖਦੇਵ ਰਾਜ ਜੋਸ਼ੀ, ਸਾਬਕਾ ਇਸਪੈਕਟਰ ਸੂਬਾ ਸਿੰਘ ਕਰ ਰਹੇ ਸਨ। ਇਨ੍ਹਾਂ ਨੇ ਬਾਬਾ ਚਰਨ ਸਿੰਘ ਨੂੰ ਅਤੇ ਉਨ੍ਹਾਂ ਦੇ ਭਰਾਵਾਂ ਤੇ ਸਾਲੇ ਨੂੰ ਵੱਖ ਵੱਖ ਥਾਂ ਤੋਂ ਹਿਰਾਸਤ ਵਿਚ ਲੈ ਲਿਆ ਸੀ।

ਇਨ੍ਹਾਂ ਸਾਰਿਆਂ ਨੂੰ ਕੁੱਝ ਸਮਾਂ ਨਾਜਾਇਜ਼ ਹਿਰਾਸਤ ਵਿਚ ਰਖਿਆ ਗਿਆ ਜਿਸ ਤੋਂ ਬਾਅਦ ਇਨ੍ਹਾਂ ਤੇ ਤਰ੍ਹਾਂ ਤਰ੍ਹਾਂ ਦੇ ਜ਼ੁਲਮ ਕਰ ਕੇ ਮਾਰ ਮੁਕਾਇਆ। ਇਲਾਕੇ ਵਿਚ ਚਰਚਾ ਹੈ ਕਿ ਇਨ੍ਹਾਂ ਸਾਰਿਆਂ ਨੂੰ ਮਾਰ ਕੇ ਇਨ੍ਹਾਂ ਦੇ ਮ੍ਰਿਤਕ ਸਰੀਰ ਹਰੀਕੇ ਨਹਿਰ ਵਿਚ ਵਹਾ ਦਿਤੇ ਗਏ। ਇਸ ਮਾਮਲੇ ਦੀ ਮੁੱਖ ਗਵਾਹ ਬੀਬੀ ਸੁਰਜੀਤ ਕੌਰ ਪਤਨੀ ਬਾਬਾ ਚਰਨ ਸਿੰਘ ਨੇ ਦਸਿਆ ਕਿ ਇਸ ਮਾਮਲੇ ਦੇ ਜ਼ਿਆਦਾਤਰ ਗਵਾਹ ਮਰ ਚੁਕੇ ਹਨ। ਉਨ੍ਹਾਂ ਦਸਿਆ ਕਿ ਪੁਲਿਸ ਨੇ ਉਸ ਸਮਂੇ ਉਨ੍ਹਾਂ ਦੇ ਪ੍ਰਵਾਰਕ ਮੈਂਬਰਾਂ ਨੂੰ ਛੱਡਣ ਦੇ ਬਦਲੇ ਇਕ ਵੱਡੀ ਰਕਮ ਰਿਸ਼ਵਤ ਵਜੋਂ ਮੰਗੀ ਸੀ ਜੋ ਕਿ ਪੁਲਿਸ ਨੂੰ ਦੇ ਦਿਤੀ ਗਈ। ਇਸ ਦੇ ਬਾਵਜੂਦ ਇਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਗਿਆ। 

ਇਥੇ ਹੀ ਬਸ ਨਹੀਂ ਪੁਲਿਸ ਉਨ੍ਹਾਂ ਦੇ ਡੇਰੇ ਦੀਆਂ 20 ਗੱਡੀਆਂ ਵੀ ਲੈ ਗਈ ਸੀ। ਬੀਬੀ ਸੁਰਜੀਤ ਕੌਰ ਨੇ ਦਸਿਆ ਕਿ ਉਨ੍ਹਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਰਿਟ ਦਾਇਰ ਕੀਤੀ। ਸਾਰੇ ਮਾਮਲੇ ਦੀ ਜਾਂਚ ਅੰਮ੍ਰਿਤਸਰ ਦੇ ਜ਼ਿਲ੍ਹਾ ਸੈਸ਼ਨ ਜੱਜ ਨੇ ਕੀਤੀ ਸੀ। 2 ਅਪ੍ਰੈਲ 1997 ਹਾਈ ਕੋਰਟ ਨੇ ਕੇਸ ਸੀ ਬੀ ਆਈ ਨੂੰ ਸੌਂਪ ਦਿਤਾ ਸੀ।  ਸੀ ਬੀ ਆਈ ਨੇ ਸਾਲ 1999 ਵਿਚ ਇਸ ਮਾਮਲੇ ਤੇ ਮੋਹਾਲੀ ਦੀ ਅਦਾਲਤ ਵਿਚ 5 ਚਾਰਜਸ਼ੀਟ ਦਾਇਰ ਕੀਤੀਆਂ ਸਨ। ਇਨ੍ਹਾਂ ਚਾਰਜਸ਼ੀਟਾਂ ਤੋਂ ਬਾਅਦ ਇਸ ਮਾਮਲੇ ਦੇ ਦੋਸ਼ੀਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਅਤੇ ਸੁਪਰੀਮ ਕੋਰਟ ਵਿਚ ਪਟੀਸ਼ਨਾਂ ਪਾ ਦਿਤੀਆਂ। ਜਿਨ੍ਹਾਂ 'ਤੇ 16 ਸਾਲ ਤਕ ਸਟੇਅ ਜਾਰੀ ਰਿਹਾ। ਮੁੱਖ ਦੋਸ਼ੀ ਅਜੀਤ ਸਿੰਘ ਸੰਧੂ ਦੀ ਮੌਤ ਹੋ ਚੁਕੀ ਹੈ। ਹੁਣ ਇਸ ਮਾਮਲੇ 'ਤੇ ਇਨਸਾਫ਼ ਕਦੋਂ ਮਿਲਦਾ ਹੈ ਇਹ ਉਡੀਕ ਦਾ ਵਿਸ਼ਾ ਹੈ ਪਰ ਇਕ ਗੱਲ ਪੱਕੀ ਹੈ ਇਸ ਅਦਾਲਤ ਵਿਚ ਬੰਦੇ ਬਿਰਖ ਹੋ ਗਏ ਹਨ।