ਜੇਕਰ ਸੌਦਾ ਸਾਧ ਨੂੰ ਪੈਰੋਲ ਮਿਲਦੀ ਹੈ ਤਾਂ ਮਹੌਲ ਹੋਵੇਗਾ ਖ਼ਰਾਬ : ਜਥੇਦਾਰ ਰਘਬੀਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਬਲਾਤਕਾਰ, ਕਤਲ ਵਰਗੇ ਸੰਗੀਨ ਮਾਮਲਿਆਂ 'ਚ ਸਜ਼ਾ ਯਾਫ਼ਤਾ ਸੌਦਾ ਸਾਧ ਨੂੰ 42 ਦਿਨਾਂ ਦੀ ਪੈਰੋਲ ਨਾ ਦਿਤੀ ਜਾਵੇ

Sauda Sadh

ਸ੍ਰੀ ਅਨੰਦਪੁਰ ਸਾਹਿਬ : ਜੇ ਸੌਦਾ ਸਾਧ ਨੂੰ ਪੈਰੋਲ ਮਿਲਦੀ ਹੈ ਤਾਂ ਪੰਜਾਬ, ਹਰਿਆਣਾ ਸਣੇ ਦੇਸ਼ ਦੇ ਹੋਰਨਾਂ ਹਿੱਸਿਆਂ ਅੰਦਰ ਸ਼ਾਂਤ ਮਾਹੌਲ ਖ਼ਰਾਬ ਹੋਣ ਦੀ ਪੂਰੀ ਸੰਭਾਵਨਾ ਹੈ ਜਿਸ ਦੀ ਜ਼ਿੰਮੇਵਾਰੀ ਪੈਰੋਲ ਦੀ ਸਿਫ਼ਾਰਸ਼ ਕਰਨ ਵਾਲੀ ਸਰਕਾਰ ਦੀ ਹੋਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਗੱਲਬਾਤ ਦੌਰਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਨੇ ਕੀਤਾ।

ਜਥੇਦਾਰ ਨੇ ਕਿਹਾ ਕਿ ਜਿਹੜਾ ਵਿਅਕਤੀ ਬਲਾਤਕਾਰ, ਕਤਲ ਵਰਗੇ ਸੰਗੀਨ ਮਾਮਲਿਆਂ 'ਚ ਸਜ਼ਾ ਯਾਫ਼ਤਾ ਹੈ ਤੇ ਉਸ ਦੀ ਗ੍ਰਿਫ਼ਤਾਰੀ ਦੌਰਾਨ ਵੱਡੀ ਪੱਧਰ ਤੇ ਹਿੰਸਕ ਵਾਤਾਵਰਣ ਪੈਦਾ ਹੋਇਆ ਹੋਵੇ ਉਸ ਨੂੰ ਪੈਰੋਲ ਦੇਣਾ ਬੁਹਤ ਹੀ ਗ਼ਲਤ ਫ਼ੈਸਲਾ ਸਿੱਧ ਹੋਵੇਗਾ। ਉਨ੍ਹਾਂ ਕਿਹਾ ਕਿ ਜੋ ਮੀਡੀਆ ਰਾਹੀਂ ਰੀਪੋਰਟਾਂ ਆ ਰਹੀਆਂ ਹਨ ਉਸ ਅਨੁਸਾਰ ਸੌਦਾ ਸਾਧ ਨੇ ਖੇਤੀਬਾੜੀ ਦੇ ਬਹਾਨੇ 42 ਦਿਨਾਂ ਦੀ ਪੈਰੋਲ ਦੀ ਮੰਗ ਕੀਤੀ ਸੀ ਤੇ ਉਸ ਜੇਲ ਦੇ ਸੁਪਰਡੈਂਟ ਵਲੋਂ ਪੈਰੋਲ ਦੀ ਸਿਫ਼ਾਰਸ਼ ਵੀ ਕਰ ਦਿਤੀ ਗਈ ਹੈ।

ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਫ਼ੈਸਲਾ ਬੁਹਤ ਹੀ ਘਾਤਕ ਸਿੱਧ ਹੋ ਸਕਦਾ ਹੈ ਤੇ ਜੇਕਰ ਪੈਰੋਲ ਮਿਲਦੀ ਹੈ ਤਾਂ ਕਿਸੇ ਵੀ ਤਰ੍ਹਾਂ ਨਾਲ ਮੁੱਖ ਤੌਰ 'ਤੇ ਪੰਜਾਬ ਅਤੇ ਹਰਿਆਣਾ ਦੀ ਸ਼ਾਂਤ ਫਿਜ਼ਾ ਨੂੰ ਲਾਂਬੂ ਲੱਗ ਸਕਦਾ ਹੈ। ਇਸ ਲਈ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਇਸ ਮਾਮਲੇ ਵਿਚ ਸਾਰੇ ਪੱਖਾਂ 'ਤੇ ਗ਼ੌਰ ਕਰੇ ਤਾਂ ਜੋ ਭਾਈਚਾਰਕ ਸਾਂਝ ਬਰਕਰਾਰ ਰਹੇ।