ਸਾਰਾਗੜ੍ਹੀ ਦੇ ਸਿੱਖਾਂ ਦੀ ਬਹਾਦਰੀ ਦਰਸਾਉਂਦੀ ਫ਼ਿਲਮ 'ਕੇਸਰੀ' ਨੂੰ ਟੈਕਸ ਫ਼੍ਰੀ ਕਰਨ ਦੀ ਮੰਗ
ਜੀ.ਕੇ. ਵਲੋਂ ਅਰੁਣ ਜੇਤਲੀ ਨਾਲ ਮੁਲਾਕਾਤ
ਨਵੀਂ ਦਿੱਲੀ : ਪਤਵੰਤੇ ਪੰਜਾਬੀਆਂ ਦੀ ਜਥੇਬੰਦੀ ਇੰਟਰਨੈਸ਼ਨਲ ਪੰਜਾਬ ਫ਼ੋਰਮ ਨੇ ਕੇਂਦਰ ਸਰਕਾਰ ਤੋਂ ਸਾਰਾਗੜ੍ਹੀ ਦੇ 21 ਸਿੱਖ ਫ਼ੌਜੀਆਂ ਦੀ ਲਾਸਾਨੀ ਬਹਾਦਰੀ ਨੂੰ ਦਰਸਾਉਂਦੀ ਫ਼ਿਲਮ 'ਕੇਸਰੀ' ਨੂੰ ਟੈਕਸ ਫ਼੍ਰੀ ਕਰਨ ਦੀ ਮੰਗ ਕੀਤੀ ਹੈ ਤਾਕਿ ਸਮੁੱਚਾ ਭਾਰਤ ਸਿੱਖਾਂ ਦੇ ਯੋਗਦਾਨ ਤੋਂ ਜਾਣੂ ਹੋ ਸਕੇ।
ਜਥੇਬੰਦੀ ਦੇ ਮੁੱਖ ਸਰਪ੍ਰਸਤ ਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਨੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨਾਲ ਮੁਲਾਕਾਤ ਕਰ ਕੇ, ਫ਼ਿਲਮ ਨੂੰ ਟੈਕਸ ਫ਼੍ਰੀ ਕਰਨ ਦੀ ਮੰਗ ਕੀਤੀ ਹੈ। ਕੇਂਦਰ ਮੰਤਰੀ ਨੂੰ ਦਿਤੇ ਮੰਗ ਪੱਤਰ ਵਿਚ ਸ.ਜੀ.ਕੇ. ਨੇ ਕਿਹਾ, '1897 ਵਿਚ ਸਾਰਾਗੜ੍ਹੀ ਵਿਚ 21 ਸਿੱਖ ਫ਼ੌਜੀ ਮਰਦੇ ਦਮ ਤਕ 10 ਹਜ਼ਾਰ ਅਫ਼ਗਾਨੀਆਂ ਨਾਲ ਜੂਝੇ ਸਨ। ਫ਼ਿਲਮ 'ਕੇਸਰੀ' ਭਾਰਤ ਲਈ ਸ਼ਹੀਦੀ ਦੇਣ ਵਾਲੇ ਸਿੱਖਾਂ ਨੂੰ ਸ਼ਾਨਾਮਤੀ ਸ਼ਰਧਾਂਜਲੀ ਦਿੰਦੀ ਹੈ ਤੇ ਇਸ ਮਹਾਨ ਸੁਨੇਹੇ ਨੂੰ ਲੋਕਾਂ ਵਿਚ ਪਹੁੰਚਾਉਣ ਦਾ ਵਧੀਆ ਢੰਗ ਹੈ।'
ਉਨ੍ਹਾਂ ਸਾਰਾਗੜ੍ਹੀ ਦੇ ਸਿੱਖ ਫ਼ੌਜੀਆਂ ਦੇ ਇਤਿਹਾਸ ਨੂੰ ਫ਼ਰਾਂਸ ਦੇ ਕਈ ਸਕੂਲਾਂ ਵਿਚ ਪੜ੍ਹਾਉਣ ਦਾ ਹਵਾਲਾ ਦਿੰਦਿਆਂ ਕਿਹਾ ਸਿੱਖਾਂ ਦੀ ਬਹਾਦਰੀ ਲਈ ਹੀ ਬਰਤਾਰਨੀਆ ਦੀ ਪਾਰਲੀਮੈਂਟ ਨੇ 21 ਸਿੱਖ ਫ਼ੌਜੀਆਂ ਨੂੰ ਸਰਬਉੱਚ ਬਹਾਦਰੀ ਸਨਮਾਨ ਨਾਲ ਨਿਵਾਜਿਆ ਸੀ।