ਜੀਜਾ-ਸਾਲਾ ਦੀ ਡਿਕਟੇਟਰਸ਼ਿਪ ਕਰ ਕੇ ਵਫ਼ਾਦਾਰਾਂ ਨੇ ਕੀਤਾ ਕਿਨਾਰਾ : ਜਥੇਦਾਰ ਮੱਖਣ ਸਿੰਘ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਟਕਸਾਲੀ ਅਕਾਲੀ ਆਗੂ ਨੇ ਸੁਖਬੀਰ ਤੇ ਮਜੀਠੀਆ ਵਿਰੁਧ ਝਾੜਿਆ ਨਜ਼ਲਾ

Makhan Singh Nangal

ਕੋਟਕਪੂਰਾ : ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਤੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਮੱਖਣ ਸਿੰਘ ਨੰਗਲ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਦਾਅਵਾ ਕੀਤਾ ਕਿ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੀ ਕਥਿਤ ਛਤਰ ਛਾਇਆ ਹੇਠ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਦੀਆਂ ਸ਼ਰਮਨਾਕ ਘਟਨਾਵਾਂ ਅਤੇ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਨੂੰ ਠੇਸ ਪਹੁੰਚਾਉਣ ਦੇ ਕਾਰਨਾਮੇ ਸਾਹਮਣੇ ਆਏ। ਕਿਉਂਕਿ ਪਿਛਲੇ 10 ਸਾਲਾਂ ਤੋਂ ਦੋਨੋਂ ਸਾਲਾ-ਜੀਜਾ ਸਿਰਫ਼ ਇਕੋ-ਇਕ ਏਜੰਡਾ ਲੈ ਕੇ ਟਕਸਾਲੀ, ਵਫ਼ਾਦਾਰ ਅਤੇ ਪੰਥਕ ਸੋਚ ਰੱਖਣ ਵਾਲੇ ਸੀਨੀਅਰ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਜਲੀਲ ਕਰ ਕੇ ਅਪਣੀ ਡਿਕਟੇਟਰਸ਼ਿਪ ਕਾਇਮ ਰੱਖਣ ਦੀ ਕੋਸ਼ਿਸ਼ ਕੀਤੀ ਹੈ। 

ਉਨ੍ਹਾਂ ਦਲੀਲ ਦਿੰਦਿਆਂ ਦਸਿਆ ਕਿ ਜੀਜਾ-ਸਾਲਾ ਦੀਆਂ ਹਰਕਤਾਂ ਕਰ ਕੇ ਰਣਜੀਤ ਸਿੰਘ ਬ੍ਰਹਮਪੁਰਾ, ਸੁਖਦੇਵ ਸਿੰਘ ਢੀਂਡਸਾ, ਰਤਨ ਸਿੰਘ ਅਜਨਾਲਾ, ਸੇਵਾ ਸਿੰਘ ਸੇਖਵਾਂ, ਉਜਾਗਰ ਸਿੰਘ ਬਡਾਲੀ, ਤੇਜਿੰਦਰਪਾਲ ਸਿੰਘ ਸੰਧੂ ਅਤੇ ਬਰਨਾਲਾ ਪਰਵਾਰ ਸਮੇਤ ਪੰਜਾਬ ਭਰ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ 'ਚੋਂ ਲੱਖਾਂ ਲੋਕਾਂ ਨੇ ਬਾਦਲ ਦਲ ਨੂੰ ਅਲਵਿਦਾ ਕਹਿਣ 'ਚ ਹੀ ਭਲਾਈ ਸਮਝੀ। ਜਾਂ ਤਾਂ ਉਹ ਅਕਾਲੀ ਦਲ ਟਕਸਾਲੀ 'ਚ ਸ਼ਾਮਲ ਹੋ ਗਏ ਤੇ ਜਾਂ ਸਰਗਰਮ ਸਿਆਸਤ ਤੋਂ ਕਿਨਾਰਾ ਕਰ ਕੇ ਘਰਾਂ 'ਚ ਬੈਠ ਗਏ। 

ਜਥੇਦਾਰ ਨੰਗਲ ਨੇ ਆਖਿਆ ਕਿ ਅੱਜ ਸੁਖਬੀਰ-ਮਜੀਠੀਆ ਜੁੰਡਲੀ 'ਚ 80 ਤੋਂ 90 ਫ਼ੀ ਸਦੀ ਉਹ ਆਗੂ ਮੋਹਰੀ ਹਨ ਜੋ ਕਿਸੇ ਸਮੇਂ ਪ੍ਰਕਾਸ਼ ਸਿੰਘ ਬਾਦਲ ਦੇ 'ਕੱਟੜ ਵਿਰੋਧੀ' ਅਤੇ ਸਮੇਂ-ਸਮੇਂ ਬਾਦਲ ਦੀ ਪੱਗ ਜਾਂ ਦਾੜ੍ਹੀ ਨੂੰ ਹੱਥ ਪਾਉਣ ਤਕ ਦੀ ਜੁਰਅੱਤ ਕਰਦੇ ਰਹੇ ਹਨ, ਕਿਉਂਕਿ ਉਕਤ ਦਲਬਦਲੂਆਂ ਦੀ ਜੁੰਡਲੀ ਨੇ ਸਮੇਂ-ਸਮੇਂ ਟਕਸਾਲੀ ਅਕਾਲੀਆਂ ਦੀਆਂ ਦਾੜ੍ਹੀਆਂ ਪਟਵਾਈਆਂ ਜਾਂ ਪੱਗਾਂ ਲੁਹਾਈਆਂ। ਉਨ੍ਹਾਂ ਅਪੀਲ ਕੀਤੀ ਕਿ ਅੱਜ ਸਮੂਹ ਪੰਜਾਬ ਵਾਸੀਆਂ ਨੂੰ ਸੋਚ ਸਮਝ ਕੇ ਅਪਣਾ ਫ਼ੈਸਲਾ ਲੈਣਾ ਚਾਹੀਦਾ ਹੈ।