ਸੁਬਰਾਮਨੀਅਮ ਦੇ ਲਾਂਘੇ ਬਾਰੇ ਦਿਤੇ ਬਿਆਨ ਨਾਲ ਸੰਗਤਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ: ਬਾਜਵਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਿਹਾ - ਭਾਜਪਾ ਨੂੰ ਸਵਾਮੀ ਦੇ ਇਸ ਬਿਆਨ ਬਾਰੇ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਇਹ ਬਿਆਨ ਸਵਾਮੀ ਦਾ ਨਿਜੀ ਹੈ ਜਾਂ ਇਸ ਪਿਛੇ ਪਾਰਟੀ ਦੀ ਸੋਚ ਹੈ।

Gurinder Singh Bajwa and others

ਅੰਮਿ੍ਰਤਸਰ : ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਦੇ ਜਨਰਲ ਸਕੱਤਰ ਗੁਰਿੰਦਰ ਸਿੰਘ ਬਾਜਵਾ ਨੇ ਕਿਹਾ ਹੈ ਕਿ ਭਾਜਪਾ ਆਗੂ ਸੁਬਰਾਮਨੀਅਮ ਸਵਾਮੀ ਵਲੋਂ ਕਰਤਾਰਪੁਰ ਲਾਂਘੇ ਦੇ ਕੰਮ ਨੂੰ ਰੋਕਣ ਸਬੰਧੀ ਦਿਤੇ ਬਿਆਨ ਦੀ ਸਖ਼ਤ ਨਿਖੇਧੀ ਕਰਦੇ ਹਾਂ। ਬਾਜਵਾ ਨੇ ਆਖਿਆ ਕਿ ਸੁਬਰਾਮਨੀਅਮ ਸਵਾਮੀ ਦੇ ਇਸ ਸਿੱਖ ਵਿਰੋਧੀ ਬਿਆਨ ਨਾਲ ਸੰਸਾਰ ਭਰ ਵਿਚ ਵਸਦੀਆਂ ਨਾਨਕ ਨਾਮ ਲੇਵਾ ਸੰਗਤਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ ਹੈ। ਭਾਜਪਾ ਨੂੰ ਸਵਾਮੀ ਦੇ ਇਸ ਬਿਆਨ ਬਾਰੇ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਇਹ ਬਿਆਨ ਸਵਾਮੀ ਦਾ ਨਿਜੀ ਹੈ ਜਾਂ ਇਸ ਪਿਛੇ ਪਾਰਟੀ ਦੀ ਸੋਚ ਹੈ।

ਜੇ ਸੁਬਰਾਮਨੀਅਮ ਸਵਾਮੀ ਦਾ ਇਹ ਨਿਜੀ ਬਿਆਨ ਹੈ ਤਾਂ ਉਸ ਨੂੰ ਤੁਰਤ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ ਹੈ ਕਿਉਂਕਿ ਇਹ ਮਾਮਲਾ ਸੰਸਾਰ ਭਰ ਦੇ ਕਰੋੜਾਂ ਹੀ ਨਾਨਕ ਨਾਮ ਲੇਵਾ ਸੰਗਤਾਂ ਨਾਲ ਜੁੜਿਆ ਹੋਇਆ  ਹੈ। ਬਾਜਵਾ ਨੇ ਆਖਿਆ ਜਦ ਸਾਰੇ ਸੰਸਾਰ ਵਿਚ ਗੁਰੂ ਨਾਨਕ ਸਾਹਿਬ ਦਾ 550ਵਾਂ ਪ੍ਰਕਾਸ਼ ਪੁਰਬ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ ਤਾਂ ਭਾਜਪਾ ਆਗੂ ਦਾ ਇਹ ਬਿਆਨ ਦੇਣਾ ਬਹੁਤ ਹੀ ਮੰਦਭਾਗਾ ਤੇ ਨਿੰਦਣਯੋਗ ਹੈ। ਇਸ ਮੌਕੇ ਗੁਰਪ੍ਰੀਤ ਸਿੰਘ ਖਾਸਾਵਾਲੀ, ਹਰਭਜਨ ਸਿੰਘ ਰੱਤੜਵਾ, ਅਜਾਇਬ ਸਿੰਘ ਦਿਉਲ, ਨਿਰਮਲ ਸਿੰਘ ਸਾਗਰਪੁਰ, ਗੁਰਪ੍ਰੀਤ ਸਿੰਘ ਪਰਮਾਰ ਆਦਿ ਹਾਜ਼ਰ ਸਨ।