ਸਿੱਖੀ ਦਾ ਘਾਣ ਕਰਨ ਲਈ ਬਾਦਲ ਪਰਵਾਰ ਦੋਸ਼ੀ : ਭਾਈ ਬਲਬੀਰ ਸਿੰਘ ਅਰਦਾਸੀਆ
ਕਿਹਾ ਇਹ ਪੰਜਾਬ ਦਾ ਪਹਿਲਾਂ ਪਰਵਾਰ ਜਿਸ ਲਈ ਕੋਟਕਪੂਰਾ ਵਾਲੇ ਹਰ ਸਾਲ 'ਲਾਹਨਤ ਦਿਵਸ' ਮਨਾਉਂਦੇ ਹਨ
ਅੰਮ੍ਰਿਤਸਰ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਿਰੋਪਾਉ ਦੇਣ ਤੋਂ ਇਲਕਾਰ ਕਰਨ ਵਾਲੇ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਅਰਦਾਸੀਆ ਭਾਈ ਬਲਬੀਰ ਸਿੰਘ ਨੇ ਅਕਾਲੀ ਦਲ ਬਾਦਲ ਵਿਰੁਧ ਖੋਲ੍ਹੇ ਮੋਰਚੇ ਵਿਚ ਅਪਣਾ ਹਮਲਾਵਰ ਰੁਖ਼ ਤੇਜ਼ ਕਰਦਿਆਂ ਕਿਹਾ ਹੈ ਕਿ ਬਾਦਲ ਪ੍ਰਵਾਰ ਨੇ ਹਮੇਸ਼ਾ ਪੰਥ ਨਾਲ ਧੋਖਾ ਕੀਤਾ ਹੈ। ਅੱਜ ਜਾਰੀ ਇਕ ਆਡੀਉ ਵਿਚ ਭਾਈ ਬਲਬੀਰ ਸਿੰਘ ਨੇ ਕਿਹਾ ਕਿ ਜੇਕਰ ਜਾਂਚ ਕਰਵਾਈ ਜਾਵੇ ਤਾਂ ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕਰਵਾਉਣ ਲਈ ਬਾਦਲ ਪ੍ਰਵਾਰ ਦੋਸ਼ੀ ਹੈ।
ਉਨ੍ਹਾਂ ਕਿਹਾ ਕਿ ਜਦ ਭਾਰਤੀ ਫ਼ੌਜ ਅੰਮ੍ਰਿਤਸਰ ਆ ਗਈ ਸੀ ਤਾਂ ਤੱਤਕਾਲੀ ਡਿਪਟੀ ਕਮਿਸ਼ਨਰ ਗੁਰਦੇਵ ਸਿੰਘ ਨੇ ਫ਼ੌਜ ਨੂੰ ਸ਼ਹਿਰ ਵਿਚ ਦਾਖ਼ਲ ਹੋਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿਤਾ ਸੀ ਤਾਂ ਬਾਦਲ ਪਰਵਾਰ ਦੇ ਰਿਸ਼ਤੇਦਾਰ ਰਾਮੇਸ਼ ਇੰਦਰ ਸਿੰਘ ਨੂੰ ਅੰਮ੍ਰਿਤਸਰ ਦਾ ਡੀ ਸੀ ਲਗਾ ਕੇ ਫ਼ੌਜ ਨੂੰ ਸ਼ਹਿਰ ਵਿਚ ਦਾਖ਼ਲ ਹੋਣ ਦੀ ਇਜਾਜ਼ਤ ਦਿਵਾਈ ਗਈ ਸੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਦੀ ਭਰਮਾਰ ਵੀ ਬਾਦਲ ਪਰਵਾਰ ਅਤੇ ਉਨ੍ਹਾਂ ਦੇ ਇਕ ਰਿਸ਼ਤੇਦਾਰ ਨੇ ਹੀ ਕਰਵਾਈ। ਉਨ੍ਹਾਂ ਅੱਗੇ ਕਿਹਾ ਕਿ ਜਲਿਆਂ ਵਾਲਾ ਬਾਗ਼ ਦੇ ਖ਼ੂਨੀ ਕਾਂਡ ਦੇ ਦੋਸ਼ੀਆਂ ਨੂੰ ਰੋਟੀ ਤੇ ਬੁਲਾਉਣ, ਸਿਰੋਪਾਉ ਦੇਣ ਵਾਲਾ ਪਰਵਾਰ ਕਦੇ ਵੀ ਪੰਜਾਬ ਦਾ ਹਮਾਇਤੀ ਨਹੀਂ ਹੋ ਸਕਦਾ।
ਉਨ੍ਹਾਂ ਕਿਹਾ ਕਿ ਪਹਿਲਾਂ ਅਕਾਲੀ ਸੋਚਦੇ ਸਨ ਕਿ 'ਪੰਥ ਵਸੇ ਮੈਂ ਉਜੜਾ' ਪਰ ਬਾਦਲ ਪਰਵਾਰ ਕਹਿੰਦਾ ਹੈ ਕਿ 'ਮੈਂ ਵਸਾਂ ਪੰਥ ਉਜੜੇ।' ਉਨ੍ਹਾਂ ਕਿਹਾ,''ਮੈਂ ਪੰਥ ਦਾ ਸੇਵਾਦਾਰ ਹਾਂ ਤੇ ਹੋਕਾ ਦੇਣਾ ਮੇਰਾ ਫ਼ਰਜ਼ ਹੈ। ਇਹ ਪੰਜਾਬ ਦਾ ਪਹਿਲਾ ਪਰਵਾਰ ਹੈ ਜਿਸ ਲਈ ਕੋਟਕਪੂਰਾ ਵਾਲੇ ਹਰ ਸਾਲ 'ਲਾਹਨਤ ਦਿਵਸ' ਮਨਾਉਂਦੇ ਹਨ। ਇਸ ਪਰਵਾਰ ਨੇ ਕੌਮ ਦਾ ਖ਼ੂਨ ਪੀਤਾ ਹੈ, ਗੁਰੂ ਦੋਖੀ ਪਰਵਾਰ ਹੈ।'' ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਸ਼ਬਦੀ ਹਮਲਾ ਕਰਦਿਆਂ ਭਾਈ ਬਲਬੀਰ ਸਿੰਘ ਅਰਦਾਸੀਏ ਨੇ ਕਿਹਾ ਕਿ ਇਸ ਦਾ ਜਨਮ ਹੀ ਪੰਜਾਬ ਦਾ ਨਾਸ਼ ਕਰਨ ਲਈ ਹੋਇਆ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਪੰਥ ਕਹਿੰਦਾ ਸੀ ਕਿ ਬਾਦਲ ਪਰਵਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ ਹੈ ਹੁਣ ਜਾਂਚ ਟੀਮ ਨੇ ਵੀ ਇਹ ਸਪਸ਼ਟ ਕਰ ਦਿਤਾ ਹੈ ਕਿ ਇਹ ਪਰਵਾਰ ਹੀ ਬੇਅਦਬੀ ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਹੈ। ਉਨ੍ਹਾਂ ਸਾਰੇ ਪੰਥ ਨੂੰ ਏਕਤਾ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਪਰਵਾਰ ਤੋਂ ਪਿਛਾ ਛੁਡਵਾਉਣ ਲਈ ਕੌਮੀ ਏਕਤਾ ਜ਼ਰੂਰੀ ਹੈ।